ਡਰਾਇਵਿੰਗ ਲਾਈਸੈਂਸ ਲਈ ਟੈਸਟ ਪ੍ਰਕਿਰਿਆ 1 ਜੂਨ ਤੋਂ ਹੋਵੇਗੀ ਸ਼ੁਰੂ

Thursday, May 28, 2020 - 08:07 PM (IST)

ਡਰਾਇਵਿੰਗ ਲਾਈਸੈਂਸ ਲਈ ਟੈਸਟ ਪ੍ਰਕਿਰਿਆ 1 ਜੂਨ ਤੋਂ ਹੋਵੇਗੀ ਸ਼ੁਰੂ

ਚੰਡੀਗੜ੍ਹ, (ਰਮਨਜੀਤ)— ਪੰਜਾਬ ਸਰਕਾਰ ਨੇ ਨਾਗਰਿਕਾਂ ਨੂੰ ਨਿਯਮਿਤ ਡਰਾਇਵਿੰਗ ਲਾਇਸੈਂਸ ਪ੍ਰਾਪਤ ਕਰਨ ਲਈ ਡਰਾਇਵਿੰਗ ਟੈਸਟ ਦੇਣ ਸਬੰਧੀ ਸਮਾਂ ਅਤੇ ਮਿਤੀ ਦੀ ਪ੍ਰੀ-ਬੁਕਿੰਗ ਕਰਨ ਦੀ ਸਹੂਲਤ ਲਈ ਇਕ ਆਨਲਾਈਨ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ਡਰਾਇਵਿੰਗ ਟੈਸਟ ਦੇ ਇਸ ਉਦੇਸ਼ ਲਈ ਡਰਾਇਵਿੰਗ ਟ੍ਰੈਕ 1 ਜੂਨ, 2020 ਤੋਂ ਕਾਰਜਸ਼ੀਲ ਹੋ ਜਾਣਗੇ। ਸਟੇਟ ਟਰਾਂਸਪੋਰਟ ਕਮਿਸ਼ਨਰ ਡਾ. ਅਮਰਪਾਲ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਹੁਣ ਕੋਈ ਵਿਅਕਤੀ ਸਿਰਫ਼ ਬੁਕਿੰਗ ਅਨੁਸਾਰ ਹੀ ਟੈਸਟ ਦੇ ਸਕੇਗਾ ਅਤੇ ਅਧਿਕਾਰੀਆਂ ਦੀਆਂ ਆਪਣੀ ਮਰਜ਼ੀ ਅਨੁਸਾਰ ਟੈਸਟ ਆਯੋਜਿਤ ਕਰਾਉਣ ਸਬੰਧੀ ਸ਼ਕਤੀਆਂ ਵਾਪਸ ਲੈ ਲਈਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਬੁੱਕ ਕੀਤੇ ਸਮੇਂ 'ਤੇ ਹਾਜ਼ਰ ਨਹੀਂ ਹੁੰਦਾ ਤਾਂ ਟੈਸਟ ਸਬੰਧੀ ਸਮਾਂ ਦੁਬਾਰਾ ਬੁੱਕ ਕਰਨਾ ਹੋਵੇਗਾ। ਟਰਾਂਸਪੋਰਟ ਕਮਿਸ਼ਨਰ ਨੇ ਕਿਹਾ ਕਿ ਆਪਣੀ ਵਾਰੀ ਤੋਂ ਪਹਿਲਾਂ ਟੈਸਟ ਦੇਣਾ ਜਾਂ ਬਿਨਾਂ ਬੁਕਿੰਗ ਕਰਵਾਏ ਟੈਸਟ ਦੇਣਾ ਕਿਸੇ ਵਿਅਕਤੀ ਲਈ ਸੰਭਵ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਲੋਕਾਂ ਨਾਲ ਹੁੰਦੇ ਸ਼ੋਸ਼ਣ ਨੂੰ ਵੀ ਰੋਕਿਆ ਜਾ ਸਕੇਗਾ। ਡਾ. ਅਮਰਪਾਲ ਸਿੰਘ ਨੇ ਅੱਗੇ ਕਿਹਾ ਕਿ ਇਕ ਹੋਰ ਵਿਸ਼ੇਸ਼ਤਾ ਜੋ ਯੋਗ ਕੀਤੀ ਗਈ ਹੈ ਉਹ ਹੈ ਕਿ ਲਾਇਸੈਂਸ ਦੇ ਟੈਸਟ ਦਾ ਨਤੀਜਾ ਅਤੇ ਲਾਇਸੈਂਸ ਬਣਾਉਣ ਸਬੰਧੀ ਪ੍ਰਕਿਰਿਆ ਇਕੋ ਦਿਨ ਹੀ ਸ਼ੁਰੂ ਕੀਤੀ ਜਾਵੇਗੀ। ਟਰਾਂਸਪੋਰਟ ਕਮਿਸ਼ਨਰ ਨੇ ਕਿਹਾ ਕਿ ਲਰਨਰ ਲਾਇਸੈਂਸ ਬਾਰੇ ਪਹਿਲਾਂ ਵਾਲੀ ਵਿਧੀ ਹੀ ਜਾਰੀ ਰਹੇਗੀ ਅਤੇ ਜਨਤਾ ਇਹ ਲਾਇਸੈਂਸ, 500 ਤੋਂ ਵੱਧ ਸੇਵਾ ਕੇਂਦਰਾਂ ਅਤੇ ਆਰ. ਟੀ. ਏ./ਐੱਸ. ਡੀ. ਐੱਮ. ਦਫਤਰਾਂ ਤੋਂ ਪ੍ਰਾਪਤ ਕਰਨ ਦੇ ਯੋਗ ਹੋਵੇਗੀ। ਮੋਟਰ ਵਹੀਕਲ ਐਕਟ 1988 ਦੇ ਤਹਿਤ ਜਾਰੀ ਕੀਤੇ ਸਾਰੇ ਦਸਤਾਵੇਜ਼ਾਂ ਦੇ ਨਵੀਨੀਕਰਨ ਲਈ ਕੋਈ ਦੇਰੀ ਫ਼ੀਸ ਨਹੀਂ ਲਈ ਜਾਏਗੀ, ਜਿਸ 'ਚ ਫਰਵਰੀ, 2020 ਤੋਂ ਬਾਅਦ ਖਤਮ ਹੋਏ ਡਰਾਇਵਿੰਗ ਲਾਇਸੈਂਸ ਵੀ ਸ਼ਾਮਲ ਹਨ। ਸਟੇਟ ਟਰਾਂਸਪੋਰਟ ਕਮਿਸ਼ਨਰ ਨੇ ਕਿਹਾ ਕਿ ਟੈਸਟ ਦੇਣ ਸਬੰਧੀ ਪਹਿਲਾਂ ਬੁਕਿੰਗ ਲਈ ਕੋਈ ਵੀ ਵੈੱਬਸਾਈਟ 'ਤੇ ਲਾਗਇਨ ਕਰ ਸਕਦਾ ਹੈ।


author

KamalJeet Singh

Content Editor

Related News