ਪੰਜਾਬ ’ਚ ਡੇਂਗੂ ਨਾਲ ਨਜਿੱਠਣ ਲਈ 39 ਟੈਸਟ ਲੈਬਾਰਟਰੀਆਂ ’ਚ 44708 ਟੈਸਟ ਕੀਤੇ ਗਏ : ਸੋਨੀ

Sunday, Nov 07, 2021 - 02:27 AM (IST)

ਪੰਜਾਬ ’ਚ ਡੇਂਗੂ ਨਾਲ ਨਜਿੱਠਣ ਲਈ 39 ਟੈਸਟ ਲੈਬਾਰਟਰੀਆਂ ’ਚ 44708 ਟੈਸਟ ਕੀਤੇ ਗਏ : ਸੋਨੀ

ਜਲੰਧਰ(ਧਵਨ)– ਪੰਜਾਬ ਦੇ ਉੱਪ ਮੁੱਖ ਮੰਤਰੀ ਓ. ਪੀ. ਸੋਨੀ, ਜਿਨ੍ਹਾਂ ਕੋਲ ਸਿਹਤ ਵਿਭਾਗ ਵੀ ਹੈ, ਨੇ ਕਿਹਾ ਹੈ ਕਿ ਸੂਬੇ ’ਚ ਡੇਂਗੂ ਨਾਲ ਨਜਿੱਠਣ ਲਈ 39 ਟੈਸਟ ਲੈਬਾਰਟਰੀਆਂ ’ਚ 44708 ਡੇਂਗੂ ਦੇ ਟੈਸਟ ਕੀਤੇ ਗਏ। ਉਨ੍ਹਾਂ ਕਿਹਾ ਕਿ ਇਸ ਸਾਲ ਬੇਮੌਸਮੀ ਵਰਖਾ ਹੋਣ ਕਾਰਨ ਕਈ ਸਥਾਨਾਂ ’ਤੇ ਪਾਣੀ ਦੇ ਇਕੱਠਾ ਹੋਣ ਕਾਰਨ ਡੇਂਗੂ ਮੱਛਰਾਂ ਦੀ ਆਬਾਦੀ ’ਚ ਵਾਧਾ ਹੋਇਆ ਹੈ, ਜਿਸ ਕਾਰਨ ਡੇਂਗੂ ਦੇ ਕੇਸ ਇਸ ਵਾਰ ਵਧ ਗਏ ਹਨ।

ਸੋਨੀ ਨੇ ਕਿਹਾ ਕਿ ਸੂਬੇ ’ਚ ਡੇਂਗੂ ਦੇ ਕੇਸ ਮੁੱਖ ਤੌਰ ’ਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ’ਚ 2853, ਬਠਿੰਡਾ ’ਚ 2299, ਹੁਸ਼ਿਆਰਪੁਰ ’ਚ 1590, ਅੰਮ੍ਰਿਤਸਰ ’ਚ 1609, ਪਠਾਨਕੋਟ ’ਚ 1574, ਸ੍ਰੀ ਮੁਕਤਸਰ ਸਾਹਿਬ ’ਚ 1388 ਤੇ ਲੁਧਿਆਣਾ ’ਚ 1295 ਕੇਸ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਡੇਂਗੂ ਮੱਛਰ ਦੇ ਖਾਤਮੇ ਲਈ 700 ਬ੍ਰੀਡਿੰਗ ਚੈੱਕਰ ਰੱਖੇ ਗਏ ਹਨ, ਜਿਨ੍ਹਾਂ ਵੱਲੋਂ ਹੁਣ ਤੱਕ ਸ਼ਹਿਰੀ ਤੇ ਦਿਹਾਤੀ ਇਲਾਕਿਆਂ ’ਚ 15 ਲੱਖ ਤੋਂ ਵੱਧ ਘਰਾਂ ਤੇ 15 ਲੱਖ ਕੰਟੇਨਰਾਂ ਨੂੰ ਚੈੱਕ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਲਗਭਗ 30 ਹਜ਼ਾਰ ਕੰਟੇਨਰਾਂ ’ਚ ਡੇਂਗੂ ਮੱਛਰਾਂ ਦਾ ਲਾਰਵਾ ਪਾਇਆ ਗਿਆ, ਜਿਨ੍ਹਾਂ ਨੂੰ ਨਸ਼ਟ ਕੀਤਾ ਗਿਆ ਹੈ।

ਸੋਨੀ ਨੇ ਦੱਸਿਆ ਕਿ ਸੂਬੇ ਦੇ ਸਰਕਾਰੀ ਹਸਪਤਾਲਾਂ ’ਚ 12 ਅਫਰੇਸਿਸ ਮਸ਼ੀਨਾਂ ਕੰਮ ਕਰ ਰਹੀਆਂ ਹਨ, ਜਿਨ੍ਹਾਂ ਵੱਲੋਂ ਸਿੰਗਲ ਡੋਨਲ ਪਲੇਟਨੈੱਟ ਗੰਭੀਰ ਰੋਗੀਆਂ ਨੂੰ ਮਿਲ ਸਕਦੇ ਹਨ ਅਤੇ ਇਨ੍ਹਾਂ ਤੋਂ ਇਲਾਵਾ 22 ਜ਼ਿਲਿਆਂ ’ਚ ਬਲੱਡ ਕੰਪੋਨੈਂਟ ਸਪਰੈਟਰ ਵੀ ਉਪਲੱਬਧ ਹਨ। ਉਨ੍ਹਾਂ ਦੱਸਿਆ ਕਿ ਡੇਂਗੂ ਅਤੇ ਮਲੇਰੀਆ ਐਪੀਡੈਮਿਕ ਡਿਜ਼ੀਜ਼ ਐਕਟ 1897 ਤਹਿਤ ਨੋਟੀਫਾਈਡ ਹਨ, ਜਿਨ੍ਹਾਂ ਅਨੁਸਾਰ ਪੂਰੇ ਪੰਜਾਬ ਦੇ ਸਾਰੇ ਨਿੱਜੀ ਹਸਪਤਾਲਾਂ ਵੱਲੋਂ ਡੇਂਗੂ ਅਤੇ ਮਲੇਰੀਆ ਦੇ ਕੇਸ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਨੂੰ ਰਿਪੋਰਟ ਕਰਨੇ ਜ਼ਰੂਰੀ ਹਨ। ਉਨ੍ਹਾਂ ਦੱਸਿਆ ਕਿ ਸੂਬੇ ਦੇ ਸਰਕਾਰੀ ਹਸਪਤਾਲਾਂ ’ਚ ਡੇਂਗੂ ਦਾ ਮੁਫਤ ਇਲਾਜ ਹੁੰਦਾ ਹੈ ਅਤੇ ਮਰੀਜ਼ਾਂ ਲਈ ਵੱਖਰੇ ਵਾਰਡ ਬਣਾਏ ਗਏ ਹਨ, ਜਿਥੇ ਮੱਛਰਦਾਨੀਆਂ ਵੀ ਲਗਾਈਆਂ ਗਈਆਂ ਹਨ।

ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਦੀਆਂ 39 ਡੇਂਗੂ ਟੈਸਟਿੰਗ ਲੈਬਾਰਟਰੀਆਂ ’ਚ ਮੁਫਤ ਟੈਸਟਿੰਗ ਕੀਤੀ ਜਾ ਰਹੀ ਹੈ ਅਤੇ ਇਸ ਤੋਂ ਇਲਾਵਾ ਨਿੱਜੀ ਲੈਬਾਂ ਨੂੰ ਵੀ ਡੇਂਗੂ ਦਾ ਟੈਸਟ ਕਰਨ ਦੇ ਰੇਟ ਸਰਕਾਰ ਵੱਲੋਂ ਤੈਅ ਕੀਤੇ ਗਏ ਹਨ ਤਾਂ ਕਿ ਕੋਈ ਵੀ ਨਿੱਜੀ ਹਸਪਤਾਲ ਰੋਗੀਆਂ ਤੋਂ ਵੱਧ ਪੈਸਿਆਂ ਦੀ ਵਸੂਲੀ ਨਾ ਕਰੇ। ਉੱਪ ਮੁੱਖ ਮੰਤਰੀ ਨੇ ਦੱਸਿਆ ਕਿ ਸੂਬੇ ’ਚ ਡੇਂਗੂ ਨੂੰ ਫੈਲਣ ਤੋਂ ਰੋਕਣ ਲਈ ਲੋਕਾਂ ਨੂੰ ਜਾਗਰੂਕ ਕਰਨ ਤੋਂ ਇਲਾਵਾ ਸਿਹਤ ਵਿਭਾਗ ਵੱਲੋਂ ‘ਹਰ ਐਤਵਾਰ ਡੇਂਗੂ ’ਤੇ ਵਾਰ’ ਕਰਨ ਦਾ ਨਾਅਰਾ ਦਿੱਤਾ ਗਿਆ ਹੈ, ਜਿਸ ’ਚ ਲੋਕਾਂ ਨੂੰ ਹਰ ਐਤਵਾਰ ਆਪਣੇ ਘਰਾਂ ’ਚ ਖਾਲੀ ਪਏ ਬਰਤਨਾਂ, ਕੂਲਰਾਂ, ਗਮਲਿਆਂ, ਫਰਿੱਜਾਂ ਦੀ ਡਿਸਪੋਜ਼ਲ ਟ੍ਰੇ ਨੂੰ ਸਾਫ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

ਸੋਨੀ ਨੇ ਕਿਹਾ ਕਿ ਡੇਂਗੂ ਦੇ ਮੱਛਰ ਦੇ ਖਾਤਮੇ ਲਈ ਸ਼ਹਿਰੀ ਇਲਾਕਿਆਂ ’ਚ ਸਿਹਤ ਵਿਭਾਗ ਵੱਲੋਂ ਸਵੇਰ ਸਮੇਂ ਲਾਰਵੀਸਾਈਡ ਸਪ੍ਰੇਅ ਕੀਤੀ ਜਾਂਦੀ ਹੈ। ਇਸੇ ਦਿਨ ਸ਼ਾਮ ਨੂੰ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਮੱਛਰਾਂ ਨੂੰ ਮਾਰਨ ਲਈ ਫੌਗਿੰਗ ਨੂੰ ਵੀ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਦਿਹਾਤੀ ਇਲਾਕਿਆਂ ’ਚ ਵੀ ਡੇਂਗੂ ਦੇ ਖਾਤਮੇ ਲਈ ਫੌਗਿੰਗ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।


author

Bharat Thapa

Content Editor

Related News