ਅੱਤਵਾਦੀ ਹਮਲਿਆਂ ਤੋਂ ਘੱਟ ਨਹੀਂ ਹਨ CRPF ਦੇ ਜਵਾਨਾਂ ਦੀਆਂ 'ਖੁਦਕੁਸ਼ੀਆਂ'
Saturday, Feb 23, 2019 - 11:25 AM (IST)
ਜਲੰਧਰ (ਪੁਨੀਤ)—ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ. ਆਰ. ਪੀ. ਐੱਫ.) ਇਕ ਅਜਿਹੀ ਇਕਾਈ ਹੈ, ਜੋ ਲਗਾਤਾਰ ਕਿਸੇ ਨਾ ਕਿਸੇ ਕਾਰਨ ਜਵਾਨਾਂ ਨੂੰ ਗੁਆ ਰਹੀ ਹੈ। ਕਦੀ ਅੱਤਵਾਦੀ ਹਮਲਾ ਤੇ ਕਦੀ ਜਵਾਨਾਂ ਵਲੋਂ ਮਾਨਸਿਕ ਪ੍ਰੇਸ਼ਾਨੀ ਕਾਰਨ ਕੀਤੀਆਂ ਜਾਣ ਵਾਲੀਆਂ ਖੁਦਕੁਸ਼ੀਆਂ ਕਾਰਨ ਅਸੀਂ ਆਪਣੇ ਜਵਾਨਾਂ ਨੂੰ ਗੁਆ ਰਹੇ ਹਾਂ। ਪਿਛਲੇ 3 ਸਾਲ ਦੌਰਾਨ 100 ਜਵਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਜਦੋਂਕਿ 123 ਡਿਊਟੀ ਦੌਰਾਨ ਸ਼ਹੀਦ ਹੋਏ। ਪਿਛਲੇ ਸਾਲ ਰਾਜ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਸੀ ਕਿ 2015 ਤੋਂ 2018 ਤੱਕ ਸੀ. ਆਰ. ਪੀ. ਐੱਫ. ਦੇ 8725 ਜਵਾਨਾਂ ਨੇ ਪ੍ਰੀ ਮਿਚੇਅਰ ਰਿਟਾਇਰਮੈਂਟ ਲੈ ਲਈ ਜਦੋਂਕਿ 1895 ਜਵਾਨਾਂ ਨੇ ਅਸਤੀਫਾ ਦੇ ਦਿੱਤਾ।
ਦੇਸ਼ ਸੀ. ਆਰ. ਪੀ. ਐੱਫ. ਦੇ ਜਵਾਨਾਂ 'ਤੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਨਾਲ ਗਮ 'ਚ ਡੁੱਬਿਆ ਹੋਇਆ ਹੈ ਪਰ ਜਵਾਨਾਂ ਵਲੋਂ ਕੀਤੀਆਂ ਜਾਣ ਵਾਲੀਆਂ ਖੁਦਕੁਸ਼ੀਆਂ ਕਿਸੇ ਅੱਤਵਾਦੀ ਹਮਲੇ ਤੋਂ ਘੱਟ ਨਹੀਂ ਹਨ। ਹਮਲੇ 'ਚ 44 ਜਵਾਨਾਂ ਦੇ ਸ਼ਹੀਦ ਹੋਣ ਦੇ ਅੰਕੜੇ ਚਿੰਤਾਜਨਕ ਹਨ, ਜਿਸ ਕਾਰਨ ਸੀ. ਆਰ. ਪੀ. ਐੱਫ. ਦੇ ਡੀ. ਜੀ. ਰਾਜੀਵ ਰਾਏ ਭਟਨਾਗਰ ਇਸ ਨਾਲ ਨਜਿੱਠਣ ਲਈ ਹੱਲ ਲੱਭਣ 'ਚ ਕੰਮ ਕਰ ਰਹੇ ਹਨ।
ਸੀ. ਆਰ. ਪੀ. ਐੱਫ. ਦੇਸ਼ ਦੀ ਅੰਦਰੂਨੀ ਸੁਰੱਖਿਆ ਦੀ ਜ਼ਿੰਮੇਵਾਰੀ ਸੰਭਾਲੇ ਹੋਏ ਹਨ। ਇਸ ਤੋਂ ਇਲਾਵਾ ਵੀ. ਆਈ. ਪੀ. ਸੁਰੱਖਿਆ, ਚੋਣ ਡਿਊਟੀ ਸਮੇਤ ਅਹਿਮ ਜ਼ਿੰਮੇਵਾਰੀਆਂ ਇਨ੍ਹਾਂ ਨੂੰ ਸੌਂਪੀਆਂ ਜਾਂਦੀਆਂ ਹਨ। ਜਾਣਕਾਰ ਦੱਸਦੇ ਹਨ ਕਿ ਲਗਭਗ 300000 ਜਵਾਨਾਂ ਦੀ ਪੂਰੀ ਤਾਕਤ ਡਿਊਟੀ 'ਤੇ ਰਹਿੰਦੀ ਹੈ। 35 ਬਟਾਲੀਅਨ ਨਾਰਥ ਈਸਟ ਸਟੇਟ 'ਚ ਜਦੋਂਕਿ 70 ਬਟਾਲੀਅਨ ਜੰਮੂ ਕਸ਼ਮੀਰ ਜਦੋਂਕਿ 80 ਐੱਲ. ਡਬਲਯੂ. ਈ. (ਲੈਫਟ ਵਿੰਗ ਐਕਸਟ੍ਰੀਮਿਜਮ) ਦੀ ਡਿਊਟੀ ਦੇ ਰਹੀ ਹੈ। ਕਈ ਵਾਰ ਡਿਊਟੀ ਦਾ ਦਬਾਅ ਜਵਾਨਾਂ ਦੀ ਮਾਨਸਿਕ ਸਿਹਤ 'ਤੇ ਪੈਂਦਾ ਹੈ, ਜਿਸ ਕਾਰਨ ਉਹ ਕਈ ਵਾਰ ਖੁਦਕੁਸ਼ੀ ਕਰਨ ਲਈ ਮਜਬੂਰ ਹੋ ਜਾਂਦੇ ਹਨ। ਸੀ. ਆਰ. ਪੀ. ਐੱਫ. ਦੀ 85 ਫੀਸਦੀ ਫੋਰਸ ਸਰਗਰਮ ਰਹਿੰਦੀ ਹੈ ਜਦੋਂਕਿ 15 ਫੀਸਦੀ ਫੋਰਸ ਅਯੁੱਧਿਆ, ਕਾਸ਼ੀ ਵਿਸ਼ਵਨਾਥ, ਸੰਸਦ ਡਿਊਟੀ, ਵੀ. ਆਈ. ਪੀ. ਡਿਊਟੀ ਵਰਗੀਆਂ ਥਾਵਾਂ 'ਤੇ ਤਾਇਨਾਤ ਹੈ।
ਸ਼ਹੀਦ ਹੋਏ ਜਵਾਨ
2016-43
2017-52
2018-28
ਖੁਦਕੁਸ਼ੀਆਂ ਦੀਆਂ ਘਟਨਾਵਾਂ
2016-29
2017-38
2018-38
ਜਵਾਨਾਂ ਦੀਆਂ ਸਹੂਲਤਾਂ ਨੂੰ ਲੈ ਕੇ ਸਮੀਖਿਆ ਬੇਹੱਦ ਜ਼ਰੂਰੀ
ਜਵਾਨ ਕਿਸੇ ਵੀ ਦੇਸ਼ ਦੀ ਤਾਕਤ ਹਨ, ਇਸ ਲਈ ਉਨ੍ਹਾਂ ਦੀਆਂ ਸਹੂਲਤਾਂ ਦਾ ਧਿਆਨ ਰੱਖਣਾ ਸਭ ਤੋਂ ਅਹਿਮ ਹੈ। ਉਨ੍ਹਾਂ ਦੇ ਤਣਾਅ 'ਚ ਆਉਣ ਦੇ ਕਈ ਕਾਰਨ ਹਨ। ਇਕ ਕਾਂਸਟੇਬਲ ਦੀ ਪ੍ਰਮੋਸ਼ਨ ਲਗਭਗ 20 ਸਾਲ ਦੀ ਡਿਊਟੀ ਤੋਂ ਬਾਅਦ ਹੁੰਦੀ ਹੈ, ਇਸ ਤੋਂ ਇਲਾਵਾ ਉਨ੍ਹਾਂ ਨੂੰ ਪੈਨਸ਼ਨ ਨਹੀਂ ਮਿਲਦੀ। ਕਾਂਸਟੇਬਲ ਆਪਣੀ ਡਿਊਟੀ ਦੌਰਾਨ ਬੈਠ ਵੀ ਨਹੀਂ ਸਕਦਾ, ਉਹ ਖੜ੍ਹੇ ਰਹਿ ਕੇ ਡਿਊਟੀ ਦਿੰਦਾ ਹੈ ਅਤੇ ਛੁੱਟੀ 'ਤੇ ਜਾਣ ਤੋਂ ਪਹਿਲਾਂ 5 ਘੰਟੇ ਦੀ ਨੀਂਦ ਵੀ ਨਹੀਂ ਲੈ ਸਕਦਾ। ਉਹ 2 ਘੰਟੇ ਡਿਊਟੀ ਦਿੰਦਾ ਹੈ ਅਤੇ 4 ਘੰਟੇ ਦੀ ਉਸ ਨੂੰ ਰੈਸਟ ਮਿਲਦੀ ਹੈ, ਜਿਸ ਤੋਂ ਬਾਅਦ ਉਹ ਮੁੜ ਡਿਊਟੀ 'ਤੇ ਪਹੁੰਚਦਾ ਹੈ। ਇਸ ਤਰ੍ਹਾਂ ਦੇ ਕਈ ਕਾਰਨ ਹਨ, ਜਿਨ੍ਹਾਂ 'ਤੇ ਡੂੰਘਾਈ ਨਾਲ ਸਮੀਖਿਆ ਕੀਤੀ ਜਾਵੇ ਤਾਂ ਉਹ ਜਵਾਨਾਂ ਲਈ ਹੋਰ ਬਿਹਤਰ ਬਦਲ ਬਣ ਸਕਦਾ ਹੈ।