ਸਿੱਖਿਆ ਵਿਭਾਗ ਨੂੰ ਅਪਗ੍ਰੇਡ ਕਰਨ ਲਈ ਸਿੱਖਿਆ ਮੰਤਰੀ ਨੇ ਚੁੱਕਿਆ ਅਹਿਮ ਕਦਮ, ਕੀਤਾ ਕੋਰ ਕਮੇਟੀ ਦਾ ਗਠਨ

05/12/2018 5:55:48 PM

ਅੰਮ੍ਰਿਤਸਰ (ਸੁਮਿਤ ਖੰਨਾ) — ਪੰਜਾਬ 'ਚ ਦਸਵੀਂ ਦੇ ਆਏ ਨਤੀਜਿਆਂ 'ਚ 28 ਹਜ਼ਾਰ ਵਿਦਿਆਰਥੀ ਪੰਜਾਬੀ ਭਾਸ਼ਾ 'ਚ ਫੇਲ ਹੋ ਗਏ ਹਨ, ਜਿਸ ਕਾਰਨ ਪੰਜਾਬ 'ਚ ਮਾਂ ਬੋਲੀ ਨੂੰ ਲੈ ਕੇ ਸਵਾਲ ਪੈਦਾ ਹੋ ਗਿਆ ਹੈ ਕਿ ਜੇਕਰ ਪੰਜਾਬ 'ਚ ਹੀ ਪੰਜਾਬੀ ਦਾ ਇਹ ਹਾਲ ਹੈ ਤਾਂ ਮਾਂ ਬੋਲੀ ਦਾ ਭਵਿੱਖ ਕੀ ਹੋਵੇਗਾ? ਇਨ੍ਹਾਂ ਨਤੀਜਿਆਂ 'ਤੇ ਜਿਥੇ ਪੰਜਾਬ ਦੇ ਮੁੱਖ ਮੰਤਰੀ ਨੇ ਚਿੰਤਾ ਜਾਹਿਰ ਕੀਤੀ ਹੈ, ਉਥੇ ਹੀ ਪੰਜਾਬ ਦੇ ਸਿੱਖਿਆ ਮੰਤਰੀ ਨੇ ਸਕੂਲਾਂ 'ਚ ਸਿੱਖਿਆ ਦੇ ਪੱਧਰ ਨੂੰ ਸੁਧਾਰਨ ਲਈ ਵਿਸ਼ੇਸ਼ ਬਿਆਨ ਜਾਰੀ ਕੀਤੇ ਹਨ। ਅੰਮ੍ਰਿਤਸਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ 'ਚ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਹੁਣ ਵਿਸ਼ੇਸ਼ ਨੀਤੀ ਤੇ ਇਕ ਕੋਰ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜੋ ਸਿੱਖਿਆ ਦੇ ਪੱਧਰ ਨੂੰ ਸੁਧਾਰੇਗੀ। ਇਸ ਤੋਂ ਇਲਾਵਾ ਉਨ੍ਹਾਂ ਇਸ ਵਾਰ ਦੇ ਦੱਸਵੀਂ ਤੇ ਬਾਰਵੀਂ ਦੇ ਨਤੀਜਿਆਂ ਨੂੰ ਨਿਰਾਸ਼ਾ ਜਨਕ ਦੱਸਿਆ ਹੈ ਤੇ ਇਸ ਲਈ ਸਾਬਕਾ ਸਰਕਾਰ (ਅਕਾਲੀ-ਭਾਜਪਾ) ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪਿਛਲੀ ਸਰਕਾਰ ਨੇ ਇਸ ਮਹਿਕਮੇ ਵੱਲ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਪਹਿਲਾਂ ਸਕੂਲਾਂ 'ਚ ਇਮਤਿਹਾਨਾ ਦੌਰਾਨ ਨਕਲ ਵੱਜਦੀ ਸੀ ਪਰ ਇਸ ਵਾਰ ਨਕਲ ਨਾ ਹੋਣ ਕਾਰਨ ਨਤੀਜੇ ਅਜਿਹੇ ਆਏ ਹਨ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਦੋ ਘੰਟੇ ਦੀ ਮੁਲਾਕਾਤ ਕਰਕੇ ਵਿਚਾਰ ਵਟਾਂਦਾਰਾ ਕੀਤਾ ਗਿਆ ਹੈ, ਜਿਸ 'ਚ ਸਿੱਖਿਆ ਵਿਭਾਗ ਨੂੰ ਅਪਗ੍ਰੇਡ ਕਰਨ ਦੀ ਗੱਲ ਕਹੀ ਗਈ। ਇਸ ਤੋਂ ਇਲਾਵਾ ਉਨ੍ਹਾਂ ਸਪਸ਼ੱਟ ਕਿਹਾ ਕਿ ਜੋ ਅਧਿਕਾਰੀ ਇਸ ਵਿਭਾਗ 'ਚ ਆਪਣੇ ਕੰਮ 'ਚ ਅਣਗਹਿਲੀ ਵਰਤ ਰਹੇ ਹਨ, ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਸਪਸ਼ੱਟ ਕਿਹਾ ਕਿ ਪਹਿਲਾਂ ਅਣਗਹਿਲੀ ਵਰਤਣ ਵਾਲੇ ਅਧਿਕਾਰੀਆਂ ਦਾ ਤਬਾਦਲਾ ਕੀਤਾ ਜਾਂਦਾ ਸੀ ਪਰ ਹੁਣ ਅਜਿਹੇ ਅਧਿਕਾਰੀਆਂ ਖਿਲਾਫ ਖੁੱਲ੍ਹ ਕੇ ਐਕਸ਼ਨ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦੋ ਮਹੀਨਿਆਂ 'ਚ ਸਕੂਲਾਂ 'ਚ ਸੁਧਾਰ ਲਿਆਂਦਾ ਜਾਵੇਗਾ। ਉਨ੍ਹਾਂ ਇਹ ਵੀ ਸਪੱਸ਼ਟ ਕਿਹਾ ਕਿ ਕੇਂਦਰ ਦੇ ਸਮਾਗਮਾਂ 'ਚ ਸਰਕਾਰੀ ਅਧਿਆਪਕ ਸ਼ਿਰਕਤ ਨਹੀਂ ਕਰਨਗੇ।  


Related News