ਪ੍ਰਾਚੀਨ ਮੰਦਰ ਨੂੰ ਲੈ ਕੇ ਵਿਵਾਦ ਪ੍ਰਸ਼ਾਸਨ ਵਿਰੁੱਧ ਡਟੇ ਹਿੰਦੂ ਸੰਗਠਨ (ਵੀਡੀਓ)
Tuesday, Sep 03, 2019 - 10:09 AM (IST)
ਅੰਮ੍ਰਿਤਸਰ (ਸੁਮਿਤ ਖੰਨਾ)—ਅੰਮ੍ਰਿਤਸਰ ਦੇ ਕੋਟ ਮੀਤ ਸਿੰਘ ਇਲਾਕੇ ’ਚ ਚਾਲੀ ਸਾਲ ਪੁਰਾਣੇ ਸ਼ਿਵ ਮੰਦਰ ਨੂੰ ਲੈ ਕੇ ਇਲਾਕਾ ਵਾਸੀਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਿਚਾਲੇ ਵਿਵਾਦ ਸ਼ੁਰੂ ਹੋ ਗਿਆ, ਜਿਸ ਕਾਰਨ ਸ਼ਿਵ ਸੈਨਾ ਤੇ ਹਿੰਦੂ ਸਤਿਕਾਰ ਕਮੇਟੀ ਸਮੇਤ ਕਈ ਹਿੰਦੂ ਸੰਸਥਾਵਾਂ ਦੇ ਮੈਂਬਰਾਂ ਨੇ ਮਿਲ ਕੇ ਪ੍ਰਸ਼ਾਸਨ ਖਿਲਾਫ ਪ੍ਰਦਰਸ਼ਨ ਕੀਤਾ। ਦਰਅਸਲ ਕੋਟ ਮੀਤ ਸਿੰਘ ਇਲਾਕੇ ’ਚ ਇਕ ਪੁੱਲ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਜੋ ਅੰਮ੍ਰਿਤਸਰ ਦੇ ਸੁਲਤਾਨ ਵਿੰਡ ਬਾਈਪਾਸ ਤੱਕ ਬਣਾਇਆ ਜਾਵੇਗਾ। ਇਸ ਨਿਰਮਾਣ ਕਾਰਜ ’ਚ ਇਲਾਕੇ ਦਾ ਇਕ 40 ਸਾਲ ਪੁਰਾਣਾ ਮੰਦਰ ਆ ਗਿਆ ਹੈ ਜੋ ਸੱਪਾਂ ਵਾਲੇ ਮੰਦਰ ਦੇ ਨਾਂ ਨਾਲ ਮਸ਼ਹੂਰ ਹੈ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਗਾਇਆ ਹੈ ਕਿ ਪ੍ਰਸ਼ਾਸਨਿਕ ਅਧਿਕਾਰੀ ਪੁੱਲ ਦੇ ਨਿਰਮਾਣ ਲਈ ਮੰਦਰ ਨੂੰ ਢਾਹੁਣਾ ਚਾਹੁੰਦੇ ਹਨ ਜੋ ਸਰਾਸਰ ਹਿੰਦੂ ਨਾਲ ਧੱਕਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਾਚੀਨ ਮੰਦਰ ਨਾਲ ਹਿੰਦੂ ਭਾਈਚਾਰੇ ਦੀ ਆਸਥਾਨ ਜੁੜੀ ਹੋਈ ਹੈ। ਇਸ ਦੇ ਨਾਲ ਹੀ ਪ੍ਰਦਰਸ਼ਨ ਕਾਰੀਆਂ ਨੇ ਮੰਗ ਕੀਤੀ ਕਿ ਪ੍ਰਸ਼ਾਸਨਿਕ ਅਧਿਕਾਰੀ ਇਸ ਮਸਲੇ ਦਾ ਕੋਈ ਬਦਲਵਾ ਹੱਲ ਲੱਭਣ ਤਾਂ ਜੋ ਮੰਦਰ ਨੂੰ ਬਿਨਾਂ ਢਾਏ ਪੁੱਲ ਦਾ ਨਿਰਮਾਣ ਕੀਤਾ ਜਾ ਸਕੇ।
ਇਸ ਦੇ ਨਾਲ ਹੀ ਹਿੰਦੂ ਸਮਿਤੀ ਕਮੇਟੀ ਦੇ ਮੈਂਬਰ ਸੁਨੀਲ ਅਰੋੜਾ ਨੇ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਉਨ੍ਹਾਂ ਦੀ ਮੰਗ ਨਾ ਮੰਨੀ ਗਈ ਤਾਂ ਇਸ ਤੋਂ ਬਾਅਦ ਹੋਣ ਵਾਲੇ ਜਾਨੀ ਮਾਲੀ ਨੁਕਸਾਨ ਲਈ ਪ੍ਰਸ਼ਾਸਨ ਜਿੰਮੇਵਾਰ ਹੋਵੇਗਾ। ਹਿੰਦੂ ਸੰਗਠਨਾਂ ਵਲੋਂ ਮੰਦਰ ਨੂੰ ਲੈ ਕੇ ਸਖਤ ਰੁਖ ਇਖਤਿਆਰ ਕਰ ਲਿਆ ਗਿਆ ਹੈ।