ਪੰਜਾਬ : ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਵੱਡੀ ਖ਼ਬਰ, ਹੁਣ ਖੜ੍ਹੀ ਹੋਈ ਨਵੀਂ ਮੁਸੀਬਤ
Wednesday, Oct 07, 2026 - 10:39 AM (IST)
ਅੰਮ੍ਰਿਤਸਰ (ਨੀਰਜ) : ਸੈਕਟਰੀ ਆਰ. ਟੀ. ਏ. ਨਾਲ ਸਬੰਧਤ ਟਰਾਂਸਪੋਰਟ ਵਿਭਾਗ ਦੇ ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕ ’ਚ ਇਕ ਵਾਰ ਫਿਰ ਤੋਂ ਅਫ਼ਸਰਸ਼ਾਹੀ ਭਾਰੂ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਵਿਜੀਲੈਂਸ ਜਾਂਚ ਇਸ ਸਮੇਂ ਠੰਡੇ ਬਸਤੇ ’ਚ ਜਾ ਚੁੱਕੀ ਹੈ। ‘ਆਪ’ ਸਰਕਾਰ ਨੇ ਸੱਤਾ ’ਚ ਆਉਂਦੇ ਹੀ ਆਪਣੇ ਪਹਿਲੇ ਸਾਲ ਦੇ ਕਾਰਜਕਾਲ ਦੌਰਾਨ ਨਾ ਸਿਰਫ਼ ਅੰਮ੍ਰਿਤਸਰ ਸਗੋਂ ਜਲੰਧਰ, ਲੁਧਿਆਣਾ ਅਤੇ ਹੋਰ ਵੱਡੇ ਜ਼ਿਲ੍ਹਿਆਂ ਦੇ ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕ ’ਤੇ ਇਕੋ ਸਮੇਂ ਰੇਡ ਕਰਕੇ ਰਿਕਾਰਡ ਜ਼ਬਤ ਕੀਤਾ ਅਤੇ ਵੱਡੇ ਮਗਰਮੱਛਾਂ ’ਤੇ ਪਰਚੇ ਵੀ ਦਰਜ ਕੀਤੇ ਪਰ ਜਿਵੇਂ ਹੀ ਜਾਂਚ ਠੰਡੀ ਪਈ, ਉਵੇਂ ਹੀ ਅਫ਼ਸਰਸ਼ਾਹੀ ਫਿਰ ਆਟੋਮੇਟਿਡ ਟਰੈਕ ਦੇ ਮਾਮਲੇ ’ਚ ਭਾਰੂ ਹੁੰਦੀ ਨਜ਼ਰ ਆ ਰਹੀ ਹੈ। ਜਾਣਕਾਰੀ ਅਨੁਸਾਰ ਸੈਕਟਰੀ ਆਰ. ਟੀ. ਏ. ਹਿਤੇਸ਼ਵਰ ਗੁਪਤਾ ਵੱਲੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕ ’ਤੇ ਤਾਇਨਾਤ ਰੈਗੂਲਰ ਏ. ਡੀ. ਟੀ. ਓ. ਮਨਦੀਪ ਸਿੰਘ ਸੋਹੀ ਨੂੰ ਹਟਾ ਕੇ ਉਨ੍ਹਾਂ ਦੀ ਥਾਂ ’ਤੇ ਤਰਨਤਾਰਨ ਜ਼ਿਲ੍ਹੇ ਦੇ ਏ. ਟੀ. ਓ. ਮਨਿੰਦਰ ਸਿੰਘ, ਜਿਨ੍ਹਾਂ ਕੋਲ ਅੰਮ੍ਰਿਤਸਰ ਦਾ ਵਧੀਕ ਚਾਰਜ ਹੈ, ਨੂੰ ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕ ’ਤੇ ਤਾਇਨਾਤ ਕਰ ਦਿੱਤਾ ਹੈ, ਜਦਕਿ ਸੱਚਾਈ ਇਹ ਹੈ ਕਿ ਮਨਿੰਦਰ ਸਿੰਘ ਹਫ਼ਤੇ ’ਚ ਸਿਰਫ਼ ਦੋ ਦਿਨ ਅੰਮ੍ਰਿਤਸਰ ਵਿਚ ਕੰਮ ਕਰ ਸਕਦੇ ਹਨ, ਅਜਿਹੇ ’ਚ ਆਟੋਮੇਟਿਡ ਟ੍ਰੈਕ ਜਿੱਥੇ ਰੈਗੂਲਰ ਏ. ਡੀ. ਟੀ. ਓ. ਦੀ ਤਾਇਨਾਤੀ ਹੋਣਾ ਜ਼ਰੂਰੀ ਹੈ, ਉਥੇ ਵਧੀਕ ਏ. ਟੀ. ਓ. ਕਿਵੇਂ ਕੰਮ ਕਰੇਗਾ, ਇਸ ’ਤੇ ਵੱਡਾ ਸਵਾਲ ਖੜ੍ਹਾ ਹੋ ਰਿਹਾ ਹੈ ਅਤੇ ਸੈਕਟਰੀ ਆਰ. ਟੀ. ਏ. ਵੱਲੋਂ ਕੀਤੀ ਗਈ ਤਾਇਨਾਤੀ ’ਤੇ ਵੀ ਸਵਾਲੀਆ ਨਿਸ਼ਾਨ ਖੜ੍ਹਾ ਹੋ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਦੁਕਾਨਦਾਰਾਂ ਲਈ ਵੱਡੀ ਖਬਰ, ਨਿਯਮਾਂ ਵਿਚ ਹੋਇਆ ਵੱਡਾ ਬਦਲਾਅ
3 ਹਜ਼ਾਰ ਤੋਂ ਵੱਧ ਅਰਜ਼ੀਆਂ ਦੀ ਪੈਂਡੈਂਸੀ
ਰੈਗੂਲਰ ਏ. ਡੀ. ਟੀ. ਓ. ਦੀ ਤਾਇਨਾਤੀ ਨਾ ਹੋਣ ਕਾਰਨ ਇਕੱਲੇ ਅੰਮ੍ਰਿਤਸਰ ਦੇ ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕ ’ਤੇ ਹੀ 3 ਹਜ਼ਾਰ ਤੋਂ ਵੱਧ ਅਰਜ਼ੀਆਂ ਦੀ ਪੈਂਡੈਂਸੀ ਖੜ੍ਹੀ ਹੋ ਗਈ ਹੈ, ਜਿਸ ਨੂੰ ਕਲੀਅਰ ਕਰਨਾ ਆਸਾਨ ਕੰਮ ਨਹੀਂ ਹੈ। ਲੋਕ ਟਰੈਕ ’ਤੇ ਆਉਂਦੇ ਹਨ ਅਤੇ ਅਫ਼ਸਰ ਨਾ ਮਿਲਣ ਕਾਰਨ ਨਿਰਾਸ਼ ਹੋ ਕੇ ਵਾਪਸ ਪਰਤ ਜਾਂਦੇ ਹਨ। ਇਸ ਪੈਂਡੈਂਸੀ ’ਚ ਨਵੇਂ ਲਰਨਿੰਗ ਅਤੇ ਪੱਕੇ ਡਰਾਈਵਿੰਗ ਲਾਇਸੈਂਸ, ਵ੍ਹੀਕਲ ਐਡੀਸ਼ਨ ਅਤੇ ਹੋਰ ਸਰਕਾਰੀ ਕੰਮ ਆਉਂਦੇ ਹਨ, ਜਿਨ੍ਹਾਂ ਨੂੰ ਏ. ਡੀ. ਟੀ. ਓ. ਹੀ ਕਲੀਅਰ ਕਰਦਾ ਹੈ ਪਰ ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕ ’ਤੇ ਇਸ ਸਮੇਂ ਹਾਲਾਤ ਅਸਾਧਾਰਨ/ਗ਼ੈਰ-ਮਾਮੂਲੀ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ : ਬ੍ਰੇਕਿੰਗ ਨਿਊਜ਼ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਸਰਪੰਚ ਦਾ ਗੋਲ਼ੀਆਂ ਮਾਰ ਕੇ ਕਤਲ
ਸਾਬਕਾ ਸੈਕਟਰੀ ਆਰ. ਟੀ. ਏ. ਨੇ ਬਦਲ ਦਿੱਤਾ ਸੀ ਟਰੈਕ ਦਾ ਪੂਰਾ ਸਟਾਫ਼
ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕ ਦੀ ਗੱਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਵਿਜੀਲੈਂਸ ਵਿਭਾਗ ਦੀ ਕਾਰਵਾਈ ਤੋਂ ਪਹਿਲਾਂ ਟਰੈਕ ’ਤੇ ਏਜੰਟਾਂ ਦਾ ਮੱਕੜਜਾਲ ਫੈਲਿਆ ਹੋਇਆ ਸੀ ਅਤੇ ਟਰੈਕ ਦੇ ਕਰਮਚਾਰੀ ਮੋਟੀ ਰਿਸ਼ਵਤ ਲੈ ਕੇ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੇ ਸਨ। ਸਾਬਕਾ ਆਰ. ਟੀ. ਏ. ਅਰਸ਼ਦੀਪ ਸਿੰਘ ਲੁਬਾਣਾ ਅਤੇ ਖ਼ੁਸ਼ਦਿਲ ਸਿੰਘ ਸੰਧੂ ਨੇ ਆਪਣੇ-ਆਪਣੇ ਕਾਰਜਕਾਲ ਦੌਰਾਨ ਆਟੋਮੇਟਿਡ ਟਰੈਕ ’ਤੇ ਵੱਡੇ ਪ੍ਰਸ਼ਾਸਨਿਕ ਸੁਧਾਰ ਕੀਤੇ ਅਤੇ ਨਾ ਸਿਰਫ਼ ਉਨ੍ਹਾਂ ਕਈ ਕਰਮਚਾਰੀਆਂ ਅਤੇ ਅਧਿਕਾਰੀਆਂ ਦਾ ਟਰੈਕ ਤੋਂ ਤਬਾਦਲਾ ਕੀਤਾ, ਸਗੋਂ ਟਰੈਕ ’ਤੇ ਇਕ ਨਹੀਂ ਸਗੋਂ ਦੋ-ਦੋ ਏ. ਡੀ. ਟੀ. ਓ. ਤਾਇਨਾਤ ਕਰ ਦਿੱਤੇ, ਜਿਸ ਨਾਲ ਜਨਤਾ ਨੂੰ ਕਾਫ਼ੀ ਲਾਭ ਮਿਲਿਆ ਅਤੇ ਹਰ ਦਿਨ ਇਕ ਏ. ਡੀ. ਟੀ .ਓ. ਸਰਕਾਰੀ ਸਮੇਂ ਦੌਰਾਨ ਟਰੈਕ ’ਤੇ ਤਾਇਨਾਤ ਰਹਿੰਦਾ ਸੀ ਅਤੇ ਜਨਤਾ ਦੀਆਂ ਸਮੱਸਿਆਵਾਂ ਦਾ ਮੌਕੇ ’ਤੇ ਨਿਪਟਾਰਾ ਕਰਦਾ ਸੀ ਪਰ ਮੌਜੂਦਾ ਹਾਲਾਤ ਨੇ ਫਿਰ ਵਿਜੀਲੈਂਸ ਵਿਭਾਗ ਸਮੇਤ ਹੋਰ ਸਰਕਾਰੀ ਏਜੰਸੀਆਂ ਦਾ ਧਿਆਨ ਟਰੈਕ ’ਤੇ ਕੇਂਦਰਿਤ ਕਰ ਦਿੱਤਾ ਹੈ, ਜਿਸ ਨਾਲ ਆਉਣ ਵਾਲੇ ਦਿਨਾਂ ’ਚ ਵੱਡੀ ਕਾਰਵਾਈ ਹੋਣ ਦੀ ਪੂਰੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਆਵੇਗਾ ਹਨ੍ਹੇਰੀ ਤੂਫਾਨ, ਚਾਰ ਦਿਨ ਪਵੇਗਾ ਮੀਂਹ, ਪੜ੍ਹੋ ਮੌਸਮ ਵਿਭਾਗ ਦੀ ਭਵਿੱਖਬਾਣੀ
ਐੱਸ. ਟੀ. ਸੀ. ਅਤੇ ਵਿਜੀਲੈਂਸ ਵਿਭਾਗ ਨੂੰ ਸ਼ਿਕਾਇਤ
ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕ ਦੇ ਵਿਗੜੇ ਹਾਲਾਤ ਨੂੰ ਦੇਖਦੇ ਹੋਏ ‘ਵਾਇਸ ਆਫ਼ ਅੰਮ੍ਰਿਤਸਰ ਸਿਟੀ’ ਦੇ ਪ੍ਰਧਾਨ ਵਿਜੇ ਕੁਮਾਰ ਅਗਰਵਾਲ ਵੱਲੋਂ ਨਾ ਸਿਰਫ਼ ਸਟੇਟ ਟਰਾਂਸਪੋਰਟ ਕਮਿਸ਼ਨਰ ਸਗੋਂ ਵਿਜੀਲੈਂਸ ਵਿਭਾਗ ਨੂੰ ਵੀ ਸ਼ਿਕਾਇਤ ਕੀਤੀ ਗਈ ਹੈ ਅਤੇ ਪੁਰਾਣੀ ਜਾਂਚ ਦਾ ਹਵਾਲਾ ਦਿੰਦੇ ਹੋਏ ਫਿਰ ਮੌਜੂਦਾ ਹਾਲਾਤ ਸੁਧਾਰਨ ਲਈ ਸ਼ਿਕਾਇਤ ਅਤੇ ਅਪੀਲ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕ ’ਤੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ’ਚ ਲੋਕ ਟੈਸਟ ਆਦਿ ਦੇਣ ਲਈ ਆਉਂਦੇ ਹਨ, ਅਜਿਹੇ ਵਿਚ ਇੱਥੇ ਰੈਗੂਲਰ ਏ. ਡੀ. ਟੀ. ਓ. ਦੀ ਤਾਇਨਾਤੀ ਕੀਤੀ ਜਾਵੇ।
ਵਿਜੀਲੈਂਸ ਦਾ ਖ਼ੌਫ਼ ਨਹੀਂ ਜਾਂ ਫਿਰ ਸਿਆਸੀ ਦਖ਼ਲਅੰਦਾਜ਼ੀ
ਸੈਕਟਰੀ ਆਰ. ਟੀ. ਏ. ਵੱਲੋਂ ਜਿਸ ਤਰ੍ਹਾਂ ਨਾਲ ਇਕ ਵਧੀਕ ਏ. ਟੀ. ਓ. ਨੂੰ ਟ੍ਰੈਕ ’ਤੇ ਤਾਇਨਾਤ ਕਰ ਦਿੱਤਾ ਗਿਆ ਹੈ, ਉਸ ਤੋਂ ਅਜਿਹਾ ਪ੍ਰਤੀਤ ਹੁੰਦਾ ਹੈ ਮੰਨੋ ਸੈਕਟਰੀ ਆਰ. ਟੀ. ਏ. ਨੂੰ ਵਿਜੀਲੈਂਸ ਵਿਭਾਗ ਦਾ ਕੋਈ ਖ਼ੌਫ਼ ਨਹੀਂ ਰਿਹਾ ਜਾਂ ਫਿਰ ਉਨ੍ਹਾਂ ਦੇ ਹੁਕਮਾਂ ਵਿਚ ਸਿਆਸੀ ਦਖ਼ਲਅੰਦਾਜ਼ੀ ਹੋ ਰਹੀ ਹੈ। ਇਸ ਸਬੰਧੀ ਵਿਜੀਲੈਂਸ ਹੈੱਡਕੁਆਰਟਰ ਚੰਡੀਗੜ੍ਹ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮਾਮਲਾ ਗੰਭੀਰ ਹੈ, ਫਲਾਇੰਗ ਸਕੁਐਡ ਤੋਂ ਜਾਂਚ ਕਰਵਾਈ ਜਾ ਸਕਦੀ ਹੈ।
ਇਹ ਵੀ ਪੜ੍ਹੋ : ਬਿਜਲੀ ਦਾ ਬਕਾਇਆ ਬਿੱਲ ਵਸੂਲਣ ਨੂੰ ਲੈ ਕੇ ਪੈ ਗਿਆ ਰੌਲਾ, ਜਾਣੋ ਕੀ ਹੈ ਪੂਰਾ ਮਾਮਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
