10 ਦਿਨਾਂ ਤੋਂ 5 ਪਿੰਡਾਂ ਦੀ ਹੈਲੋ-ਹੈਲੋ ਬੰਦ
Sunday, Mar 04, 2018 - 02:16 PM (IST)

ਜਾਡਲਾ (ਜਸਵਿੰਦਰ)— ਪਿਛਲੇ ਕਰੀਬ 10 ਦਿਨਾਂ ਤੋਂ ਪਿੰਡ ਸਨਾਵਾ, ਨਾਈ ਮਜਾਰਾ, ਭਾਨ ਮਜਾਰਾ, ਕ੍ਰਿਸ਼ਨਪੁਰਾ ਅਤੇ ਲੰਗੜੋਆ ਆਦਿ ਪਿੰਡਾਂ ਦੀਆਂ ਟੈਲੀਫੋਨ ਸੇਵਾਵਾਂ ਬੰਦ ਹੋਣ ਕਾਰਨ ਖਪਤਕਾਰਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵੱਖ-ਵੱਖ ਪਿੰਡਾਂ ਦੇ ਖਪਤਕਾਰਾਂ ਨੇ ਦੱਸਿਆ ਕਿ ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਨਵੀਂ ਸੜਕ ਦੀ ਉਸਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਵੱਲੋਂ ਜੇ. ਸੀ. ਬੀ. ਰਾਹੀਂ ਜਦੋਂ ਸੜਕ ਕਿਨਾਰੇ ਮਿੱਟੀ ਪੁੱਟੀ ਜਾਂਦੀ ਹੈ ਤਾਂ ਹੇਠਾਂ ਪਾਈਆਂ ਟੈਲੀਫੋਨ ਲਾਈਨਾਂ ਦੀਆਂ ਤਾਰਾਂ ਨੂੰ ਕੱਟ ਦਿੱਤਾ ਜਾਂਦਾ ਹੈ। ਤਾਰਾਂ ਕੱਟਣ ਤੋਂ ਬਾਅਦ ਸਬੰਧਤ ਵਿਭਾਗ ਵੱਲੋਂ ਤਾਰਾਂ ਨੂੰ ਜਲਦ ਠੀਕ ਨਹੀਂ ਕੀਤਾ ਜਾਂਦਾ, ਜਿਸ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਨੈਸ਼ਨਲ ਹਾਈਵੇਅ ਦੇ ਕਰਮਚਾਰੀਆਂ ਵੱਲੋਂ ਜੇ. ਸੀ. ਬੀ. ਰਾਹੀਂ ਸੜਕ ਪੁੱਟੀ ਜਾਂਦੀ ਹੈ ਤਾਂ ਮੌਕੇ 'ਤੇ ਸਬੰਧਤ ਮਹਿਕਮੇ ਦਾ ਅਧਿਕਾਰੀ ਜਾਂ ਕਰਮਚਾਰੀ ਨਹੀਂ ਪਹੁੰਚਦਾ। ਖਪਤਕਾਰਾਂ ਨੇ ਦੱਸਿਆ ਕਿ ਜੇਕਰ ਟੈਲੀਫੋਨ ਵਿਭਾਗ ਦਾ ਅਧਿਕਾਰੀ ਮੌਕੇ 'ਤੇ ਪਹੁੰਚੇ ਤਾਂ ਸ਼ਾਇਦ ਇਸ ਹਾਦਸੇ ਤੋਂ ਬਚਿਆ ਜਾ ਸਕਦਾ ਹੈ। ਇਸ ਸਬੰਧੀ ਜਦੋਂ ਸਬੰਧਤ ਵਿਭਾਗ ਦੇ ਐੱਸ.ਡੀ.ਓ. ਸ਼ਮਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕਰਮਚਾਰੀ ਤਾਰਾਂ ਠੀਕ ਕਰ ਰਹੇ ਹਨ। ਸਾਮਾਨ ਦੀ ਘਾਟ ਕਾਰਨ ਕੰਮ 'ਚ ਥੋੜ੍ਹੀ ਦੇਰੀ ਹੋ ਰਹੀ ਹੈ।