ਤਹਿਸੀਲਦਾਰ ਵੱਲੋਂ ਰਜਿਸਟਰੀ ਕੰਪਾਊਂਡ ਕਰਨ ''ਤੇ ਤਹਿਸੀਲ ਕੰਪਲੈਕਸ ''ਚ ਹੰਗਾਮਾ
Tuesday, Nov 14, 2017 - 01:03 AM (IST)

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)— ਤਹਿਸੀਲ ਕੰਪਲੈਕਸ ਵਿਚ ਉਸ ਸਮੇਂ ਹੰਗਾਮਾ ਖੜ੍ਹਾ ਹੋ ਗਿਆ ਜਦੋਂ ਤਹਿਸੀਲਦਾਰ ਨੇ ਇਕ ਰਜਿਸਟਰੀ ਨੂੰ ਕੰਪਾਊਂਡ ਕਰ ਦਿੱਤਾ। ਵਪਾਰ ਮੰਡਲ, ਭਾਜਪਾ ਆਗੂ ਅਤੇ ਅਗਰਵਾਲ ਸਭਾ ਦੇ ਆਗੂਆਂ ਨੇ ਇਸ ਗੱਲ 'ਤੇ ਇਤਰਾਜ਼ ਪ੍ਰਗਟ ਕੀਤਾ। ਇਸ ਮਾਮਲੇ ਨੂੰ ਲੈ ਕੇ ਇਕ ਵਫਦ ਡੀ. ਸੀ. ਬਰਨਾਲਾ ਨੂੰ ਮਿਲਿਆ ਅਤੇ ਤਹਿਸੀਲਦਾਰ 'ਤੇ ਕਥਿਤ ਨਾਜਾਇਜ਼ ਤੌਰ 'ਤੇ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ।
ਸੀਨੀਅਰ ਭਾਜਪਾ ਆਗੂ ਰਘੁਵੀਰ ਪ੍ਰਕਾਸ਼ ਗਰਗ ਅਤੇ ਕ੍ਰਾਂਤੀਕਾਰੀ ਵਪਾਰ ਮੰਡਲ ਦੇ ਪ੍ਰਧਾਨ ਨੀਰਜ ਜਿੰਦਲ ਨੇ ਕਿਹਾ ਕਿ ਢਿੱਲੋਂ ਨਗਰ ਮੰਦਰ ਵਾਲੀ ਗਲੀ ਵਿਚ ਪੰਕਜ ਰਾਏ ਪੁੱਤਰ ਯਸ਼ਪਾਲ ਨੇ ਰਿਹਾਇਸ਼ੀ ਪਲਾਟ ਦੀ ਰਜਿਸਟਰੀ ਕਰਵਾਈ ਸੀ। ਉਸ ਰਜਿਸਟਰੀ ਨੂੰ ਤਹਿਸੀਲਦਾਰ ਵੱਲੋਂ ਕੰਪਾਊਂਡ ਕਰ ਦਿੱਤਾ ਗਿਆ। ਜਦੋਂ ਕਿ ਉਸ ਦੀ ਨਾਲ ਵਾਲੀ ਥਾਂ ਦੀ ਰਜਿਸਟਰੀ ਇਸੇ ਤਹਿਸੀਲਦਾਰ ਵੱਲੋਂ ਕੀਤੀ ਗਈ ਹੈ। ਤਹਿਸੀਲਦਾਰ ਵੱਲੋਂ ਜਾਣਬੁੱਝ ਕੇ ਲੋਕਾਂ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤਾਂ ਜੋ ਲੋਕ ਮਜਬੂਰੀਵੱਸ ਉਨ੍ਹਾਂ ਨੂੰ ਰਜਿਸਟਰੀ ਕਰਵਾਉਣ ਦੇ ਬਦਲੇ ਪੈਸੇ ਦੇਣ। ਪੰਕਜ ਰਾਏ ਨੇ ਰਜਿਸਟਰੀ ਕਰਵਾਉਣ ਦੇ ਪੈਸੇ ਨਹੀਂ ਦਿੱਤੇ ਸਨ, ਜਿਸ ਕਾਰਨ ਉਕਤ ਰਜਿਸਟਰੀ ਨੂੰ ਤਹਿਸੀਲਦਾਰ ਨੇ ਕੰਪਾਊਂਡ ਕਰ ਦਿੱਤਾ। ਇਸ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਜੇਕਰ ਇਸ ਮਾਮਲੇ 'ਤੇ ਜਲਦੀ ਕੋਈ ਐਕਸ਼ਨ ਨਾ ਲਿਆ ਗਿਆ ਤਾਂ ਉਹ ਸੰਘਰਸ਼ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ।
ਡੀ. ਸੀ. ਨੇ ਦਿੱਤੇ ਮਾਮਲੇ ਦੀ ਜਾਂਚ ਦੇ ਆਦੇਸ਼ : ਜਦੋਂ ਇਸ ਸਬੰਧੀ ਡੀ. ਸੀ. ਘਣਸ਼ਿਆਮ ਥੋਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਂ ਪੀੜਤ ਨੂੰ ਲਿਖਤੀ ਤੌਰ 'ਤੇ ਸ਼ਿਕਾਇਤ ਦੇਣ ਲਈ ਕਿਹਾ ਹੈ। ਲਿਖਤੀ ਸ਼ਿਕਾਇਤ ਆਉਣ 'ਤੇ ਮਾਮਲੇ ਦੀ ਇਨਕੁਆਰੀ ਐੱਸ. ਡੀ. ਐੱਮ. ਬਰਨਾਲਾ ਨੂੰ ਦਿੱਤੀ ਜਾਵੇਗੀ। ਇਸ ਸਬੰਧੀ ਮੈਂ ਐੱਸ. ਡੀ. ਐੱਮ. ਬਰਨਾਲਾ ਨੂੰ ਫੋਨ ਕਰ ਦਿੱਤਾ ਹੈ। ਉਨ੍ਹਾਂ ਨੂੰ ਇਸ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਗਏ ਹਨ।
ਕਾਨੂੰਨ ਅਨੁਸਾਰ ਕੰਮ ਕੀਤਾ ਜਾ ਰਿਹੈ : ਤਹਿਸੀਲਦਾਰ : ਜਦੋਂ ਇਸ ਸਬੰਧੀ ਤਹਿਸੀਲਦਾਰ ਬਲਕਰਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਮੈਂ ਤਾਂ ਸਰਕਾਰ ਦੀ ਡਿਊਟੀ ਨਿਭਾਅ ਰਿਹਾ ਹਾਂ। ਮੇਰੇ ਵੱਲੋਂ ਕੀਤੀਆਂ ਗਈਆਂ ਰਜਿਸਟਰੀਆਂ ਦਾ ਮੌਕਾ ਵੇਖਿਆ ਜਾ ਰਿਹਾ ਹੈ ਤਾਂ ਜੋ ਕੋਈ ਗਲਤ ਕੋਰਡ ਲਵਾ ਕੇ ਰਜਿਸਟਰੀ ਨਾ ਕਰਵਾ ਸਕੇ। ਇਸੇ ਕਾਰਨ ਇਸ ਰਜਿਸਟਰੀ ਨੂੰ ਮੈਂ ਆਪਣੇ ਕੋਲ ਰੱਖ ਲਿਆ ਸੀ। ਮੇਰੇ ਵੱਲੋਂ ਕਾਨੂੰਨ ਅਨੁਸਾਰ ਹੀ ਕੰਮ ਕੀਤਾ ਜਾ ਰਿਹਾ ਹੈ।