ਤਹਿਸੀਲ ਕੰਪਲੈਕਸ ‘ਚ ਹੜਤਾਲ ਕਾਰਨ ਕੰਮ ਕਰਵਾਉਣ ਆਉਂਦੇ ਨੌਜਵਾਨ ਹੋ ਰਹੇ ਖੱਜਲ-ਖੁਆਰ
Monday, Jun 07, 2021 - 04:12 PM (IST)
ਤਪਾ ਮੰਡੀ (ਸ਼ਾਮ, ਗਰਗ) : ਇੱਕ ਪਾਸੇ ਸੂਬਾ ਸਰਕਾਰ ਵੱਲੋਂ ਸਫਾਈ ਸੇਵਕਾਂ ਦੀ ਹੜਤਾਲ 25ਵੇਂ ਦਿਨ ‘ਚ ਦਾਖ਼ਲ ਹੋਣ ਕਾਰਨ ਸ਼ਹਿਰ ‘ਚ ਥਾਂ-ਥਾਂ ਤੇ ਕੂੜੇ ਦੇ ਢੇਰ ਅਤੇ ਸੀਵਰੇਜ ਦਾ ਗੰਦਾ ਪਾਣੀ ਓਵਰਫਲੋ ਹੋ ਕੇ ਸੜਕਾਂ ਛੱਪੜ ਦਾ ਰੂਪ ਧਾਰਨ ਕਰ ਗਈਆਂ ਹਨ। ਦੂਸਰੇ ਪਾਸੇ ਤਹਿਸੀਲ ਕੰਪਲੈਕਸ ਤਪਾ ‘ਚ 15 ਦਿਨਾਂ ਤੋਂ ਸਮੂਹ ਸਟਾਫ਼ ਆਪਣੀਆਂ ਮੰਗਾਂ ਕਾਰਨ ਹੜਤਾਲ 'ਤੇ ਹੋਣ ਕਰਕੇ ਕੰਮ ਕਰਵਾਉਣ ਆਉਂਦੇ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਇਸ ਤੋਂ ਪਰੇਸ਼ਾਨ ਹੋਏ ਕੁੱਝ ਨੌਜਵਾਨਾਂ ਰਾਜਪ੍ਰੀਤ ਸਿੰਘ ਕਾਹਨੇਕੇ, ਲਵਪ੍ਰੀਤ ਸਿੰਘ ਕਾਹਨੇਕੇ, ਕਸ਼ਮੀਰ ਸਿੰਘ ਗੁੰਮਟੀ ਕਲਾਂ, ਸੌਨੀ ਤਲਵੰਡੀ, ਸੁੱਖੀ ਰਾਉਂਕੇ ਨੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਉਹ ਲਗਾਤਾਰ 15 ਦਿਨਾਂ ਤੋਂ ਅਪਣੇ ਨਿੱਜੀ ਕੰਮਾਂ ਲਈ ਤਹਿਸੀਲ ਕੰਪਲੈਕਸ ‘ਚ ਦੂਰ-ਦੂਰ ਤੋਂ ਕਿਰਾਇਆ ਖ਼ਰਚ ਕਰਕੇ ਆਪਣਾ ਸਮਾਂ ਬਰਬਾਦ ਕਰਕੇ ਮੁੜ ਜਾਂਦੇ ਹਨ।
ਜਦ ਸਾਡੇ ਪ੍ਰਤੀਨਿਧੀ ਨੇ ਤਹਿਸੀਲ ਕੰਪਲੈਕਸ ‘ਚ ਸਥਿਤ ਦਫ਼ਤਰਾਂ ਦਾ ਦੌਰਾ ਕਰਕੇ ਦੇਖਿਆ ਤਾਂ ਕੁੱਝ ਕਮਰਿਆਂ ਨੂੰ ਤਾਲੇ ਲੱਗੇ ਸੀ ਅਤੇ ਕੁੱਝ ਦਫ਼ਤਰਾਂ ਦੇ ਤਾਲੇ ਖੁੱਲ੍ਹੇ ਪਏ ਸੀ ਅਤੇ ਪੱਖੇ ਚੱਲ ਰਹੇ ਸੀ ਕੁਰਸੀਆਂ ਖ਼ਾਲੀ ਪਈਆਂ ਸਨ। ਜਦ ਤਹਿਸੀਲ ਪ੍ਰਧਾਨ ਮਨਪ੍ਰੀਤ ਸਿੰਘ ਨਾਲ ਫੋਨ 'ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਅਤੇ ਮਾਲ ਵਿਭਾਗ ਵੱਲੋਂ ਵਾਰ-ਵਾਰ ਮੀਟਿੰਗਾਂ ਦਾ ਸਮਾਂ ਦੇਣ ਅਤੇ ਮੰਨੀਆਂ ਮੰਗਾਂ ਹੋਈਆਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਉਹ ਹੜਤਾਲ 'ਤੇ ਹਨ ਅਤੇ ਅੱਜ ਦੀ ਮੀਟਿੰਗ ‘ਚ ਫ਼ੈਸਲਾ ਹੋਇਆ ਹੈ ਕਿ 9 ਜੂਨ ਨੂੰ ਸਰਕਾਰ ਨਾਲ ਮੰਗਾਂ ਸਬੰਧੀ ਮੀਟਿੰਗ ਹੋ ਰਹੀ ਹੈ ਅਤੇ ਉਦੋਂ ਤੱਕ ਹੜਤਾਲ ਚੱਲੇਗੀ।