ਟੈਕਨੀਕਲ ਸਰਵਿਸਜ਼ ਯੂਨੀਅਨ ਨੇ ਪਾਵਰਕਾਮ ਮੈਨੇਜਮੈਂਟ ਦੀ ਅਰਥੀ ਫੂਕੀ

Thursday, Mar 08, 2018 - 01:07 AM (IST)

ਬਟਾਲਾ,   (ਬੇਰੀ, ਸੈਂਡੀ, ਗੋਰਾਇਆ)-  ਟੈਕਨੀਕਲ ਸਰਵਿਸਜ਼ ਯੂਨੀਅਨ, ਥਰਮਲ ਕੰਟਰੈਕਟ ਵਰਕਰਜ਼ ਕੋਆਰਡੀਨੇਸ਼ਨ ਕਮੇਟੀ ਤੇ ਪਾਵਰਕਾਮ ਤੇ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ 15 ਮਾਰਚ ਨੂੰ ਮੁੱਖ ਦਫ਼ਤਰ ਪਟਿਆਲਾ ਅੱਗੇ ਹੋ ਰਹੇ ਸਾਂਝੇ ਸੂਬਾਈ ਧਰਨੇ ਦੀ ਤਿਆਰੀ ਲਈ ਬਿਜਲੀ ਕਾਮਿਆਂ ਵੱਲੋਂ ਮੰਡਲ ਕਮੇਟੀ ਟੀ. ਐੱਸ. ਯੂ. ਦੀ ਅਗਵਾਈ ਹੇਠ ਮੰਡਲ ਦਫ਼ਤਰ ਕਾਦੀਆਂ ਅੱਗੇ ਗੇਟ ਰੈਲੀ ਕਰ ਕੇ ਪਾਵਰਕਾਮ ਮੈਨੇਜਮੈਂਟ ਦੀ ਅਰਥੀ ਫੂਕੀ ਗਈ। ਇਸ ਦੀ ਪ੍ਰਧਾਨਗੀ ਮੰਡਲ ਪ੍ਰਧਾਨ ਰਣਜੀਤ ਸਿੰਘ ਨੇ ਕੀਤੀ। ਇਸ ਮੌਕੇ ਸਰਕਲ ਪ੍ਰਧਾਨ ਜਗਤਾਰ ਸਿੰਘ ਖੁੰਡਾ ਨੇ ਕਿਹਾ ਕਿ ਸੂਬੇ ਦੀ ਮੌਜੂਦਾ ਕਾਂਗਰਸ ਸਰਕਾਰ ਤੇ ਮੈਨੇਜਮੈਂਟ ਪਿਛਲੀ ਅਕਾਲੀ-ਭਾਜਪਾ ਸਰਕਾਰ ਤੇ ਮੈਨੇਜਮੈਂਟ ਵਾਂਗ ਸਰਕਾਰੀ ਬਿਜਲੀ ਖੇਤਰ ਨੂੰ ਨਿੱਜੀਕਰਨ ਦੇ ਦੈਂਤ ਦੇ ਮੂੰਹ ਧੱਕਣ ਲਈ ਹੱਲਾਸ਼ੇਰੀ ਕਰ ਰਹੀ ਹੈ। ਉਲਟਾ ਪੁਲਸ ਸੰਘਰਸ਼ਸ਼ੀਲ ਲੋਕਾਂ ਵਿਰੁੱਧ ਪੁਲਸ ਕੇਸ ਦਰਜ ਕਰ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰੀ ਥਰਮਲ ਪਲਾਂਟ ਬੰਦ ਕਰਨ ਦਾ ਫੈਸਲਾ ਵਾਪਸ ਲਿਆ ਜਾਵੇ, ਬਠਿੰਡਾ ਥਰਮਲ ਦੇ ਠੇਕਾ ਕਾਮਿਆਂ ਨਾਲ 27.1.18 ਨੂੰ ਕੀਤਾ ਸਮਝੌਤਾ ਲਾਗੂ ਕੀਤਾ ਜਾਵੇ, ਪਾਵਰਕਾਮ ਵਿਚ ਛਾਂਟੀ ਕੀਤੇ ਠੇਕਾ ਕਾਮੇ ਬਹਾਲ ਕੀਤੇ ਜਾਣ ਅਤੇ ਉਨ੍ਹਾਂ ਨੂੰ ਲਗਾਤਾਰ ਕੰਮ ਦਿੱਤਾ ਜਾਵੇ, ਨਵੀਂ ਰੈਗੂਲਰ ਭਰਤੀ ਕੀਤੀ ਜਾਵੇ। 
ਆਗੂਆਂ ਵੱਲੋਂ ਬਿਜਲੀ ਕਾਮਿਆਂ ਨੂੰ ਵੱਧ-ਚੜ੍ਹ ਕੇ ਸੂਬਾਈ ਧਰਨੇ ਵਿਚ ਪਹੁੰਚਣ ਦਾ ਸੱਦਾ ਦਿੱਤਾ ਗਿਆ। ਇਸ ਦੌਰਾਨ ਸੰਤੋਖ ਸਿੰਘ, ਤਰਸੇਮ ਸਿੰਘ, ਹਰਦੀਪ ਸਿੰਘ, ਧਰਮ ਸਿੰਘ, ਕਸ਼ਮੀਰ ਸਿੰਘ, ਹਰਦੇਵ ਸਿੰਘ ਆਦਿ ਹਾਜ਼ਰ ਸਨ।


Related News