ਅੰਬ ਤੋੜ ਰਹੇ ਬੱਚੇ ਨੂੰ ਆਵਾਰਾ ਕੁੱਤਿਆਂ ਨੋਚਿਆ

Friday, Jun 22, 2018 - 06:57 AM (IST)

ਅੰਬ ਤੋੜ ਰਹੇ ਬੱਚੇ ਨੂੰ ਆਵਾਰਾ ਕੁੱਤਿਆਂ ਨੋਚਿਆ

ਮੋਹਾਲੀ, (ਰਾਣਾ)- ਜ਼ਿਲੇ ਵਿਚ ਆਵਾਰਾ ਕੁੱਤਿਆਂ ਦਾ ਕਹਿਰ ਇੰਨਾ ਵਧ ਗਿਆ ਹੈ ਕਿ ਹੁਣ ਤਾਂ ਛੋਟੇ ਬੱਚਿਆਂ ਲਈ ਘਰੋਂ ਬਾਹਰ ਨਿਕਲ ਕੇ ਖੇਡਣਾ ਤਕ ਮੁਸ਼ਕਿਲ ਹੋ ਗਿਆ ਹੈ ਕਿਉਂਕਿ ਵੀਰਵਾਰ ਪਿੰਡ ਦਾਊਂ ਵਿਚ ਹੱਡਾ-ਰੋੜੀ 'ਚ ਘੁੰਮਣ ਵਾਲੇ ਆਵਾਰਾ ਕੁੱਤਿਆਂ ਨੇ ਖੇਤਾਂ ਵਿਚ ਦੋਸਤ ਦੇ ਨਾਲ ਖੇਡ ਰਹੇ 7 ਸਾਲਾ ਬੱਚੇ 'ਤੇ ਹਮਲਾ ਕਰ ਦਿੱਤਾ ਤੇ ਤਿੰਨ ਕੁੱਤਿਆਂ ਨੇ ਉਸ ਨੂੰ ਨੋਚ ਲਿਆ। ਉਥੇ ਹੀ ਕੋਲੋਂ ਲੰਘ ਰਹੇ ਲੋਕਾਂ ਨੇ ਬੜੀ ਮੁਸ਼ਕਿਲ ਨਾਲ ਬੱਚੇ ਨੂੰ ਕੁੱਤਿਆਂ ਤੋਂ ਬਚਾਇਆ, ਜਿਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਫੇਜ਼-6 ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੇ ਸਿਰ ਵਿਚ ਚਾਰ ਥਾਵਾਂ 'ਤੇ 18 ਟਾਂਕੇ ਲਾਏ । ਡਾਕਟਰਾਂ ਦਾ ਕਹਿਣਾ ਹੈ ਕਿ ਬੱਚਾ ਹੁਣ ਖਤਰੇ ਤੋਂ ਬਾਹਰ ਹੈ ।  
7 ਸਾਲਾ ਪੀੜਤ ਰਵੀ ਦੇ ਪਿਤਾ ਰਾਮ ਅਵਤਾਰ ਨੇ ਦੱਸਿਆ ਕਿ ਉਹ ਪਿੰਡ ਦਾਊਂ ਵਿਚ ਰਹਿੰਦੇ ਹਨ। ਉਸ ਦਾ ਪੁੱਤਰ ਆਪਣੇ ਦੋਸਤ ਨਾਲ ਅੰਬ ਤੋੜਨ ਲਈ ਗਿਆ ਸੀ । ਜਦੋਂ ਬੱਚੇ ਖੇਤਾਂ ਵਿਚ ਅੰਬ ਖਾ ਰਹੇ ਸਨ ਤਾਂ ਇਸ ਦੌਰਾਨ ਉੱਥੇ 3 ਆਵਾਰਾ ਕੁੱਤੇ ਆ ਗਏ, ਜਿਨ੍ਹਾਂ ਨੇ ਆਉਂਦਿਆਂ ਹੀ ਰਵੀ 'ਤੇ ਹਮਲਾ ਕਰ ਦਿੱਤਾ ਤੇ ਇਸ ਨੂੰ ਵੇਖ ਕੇ ਦੂਜਾ ਬੱਚਾ ਉਥੋਂ ਭੱਜ ਗਿਆ । ਕੁੱਤਿਆਂ ਨੇ ਰਵੀ ਨੂੰ ਨੋਚਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਥੋਂ ਇਕ ਵਿਅਕਤੀ ਲੰਘ ਰਿਹਾ ਸੀ, ਜਿਸ ਨੇ ਰਵੀ ਦੇ ਚੀਕਣ ਦੀ ਆਵਾਜ਼ ਸੁਣੀ ਤੇ ਬੜੀ ਮੁਸ਼ਕਿਲ ਨਾਲ ਬੱਚੇ ਨੂੰ ਕੁੱਤਿਆਂ ਤੋਂ ਬਚਾਇਆ । ਉਸ ਵਿਅਕਤੀ ਨੇ ਹੀ ਰਵੀ ਨੂੰ ਸਿਵਲ ਹਸਪਤਾਲ ਵਿਚ ਪਹੁੰਚਾਇਆ 
ਇਸੇ ਤਰ੍ਹਾਂ ਪਿਛਲੇ ਸਾਲ ਫੇਜ਼-2 ਵਿਚ ਗੁਰਦੁਆਰੇ ਦੇ ਬਾਹਰ ਖੇਡਦੇ ਬੱਚੇ ਦਾ ਕੁੱਤਾ ਬੁੱਲ੍ਹ ਕੱਟ ਕੇ ਲੈ ਗਿਆ ਸੀ। ਇਸ ਤੋਂ ਬਾਅਦ ਬੱਚੇ ਨੂੰ ਗੰਭੀਰ ਹਾਲਤ ਵਿਚ ਪੀ. ਜੀ. ਆਈ. ਭਰਤੀ ਕਰਵਾਇਆ ਗਿਆ ਸੀ । ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਨਗਰ ਨਿਗਮ ਨੂੰ ਨੋਟਿਸ ਵੀ ਭੇਜਿਆ ਸੀ । 
ਸਰੀਰ ਦੇ ਕਈ ਹਿੱਸਿਆਂ ਨੂੰ ਨੋਚਿਆ ਕੁੱਤਿਆਂ ਨੇ
ਜਾਣਕਾਰੀ ਅਨੁਸਾਰ ਜਦੋਂ ਰਵੀ ਨੂੰ ਹਸਪਤਾਲ ਵਿਚ ਇਲਾਜ ਲਈ ਲਿਆਂਦਾ ਗਿਆ ਤਾਂ ਉਹ ਪੂਰੀ ਤਰ੍ਹਾਂ ਲਹੂ-ਲੁਹਾਨ ਸੀ। ਡਾਕਟਰ ਨੇ ਉਸ ਦੀ ਹਾਲਤ ਵੇਖ ਕੇ ਤੁਰੰਤ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ। ਡਾਕਟਰ ਨੇ ਉਸ ਦੇ ਸਿਰ 'ਤੇ 18 ਟਾਂਕੇ ਲਾਏ । ਬੱਚੇ ਨੂੰ ਹੋਰ ਵੀ ਥਾਵਾਂ ਤੋਂ ਕੁੱਤਿਆਂ ਨੇ ਨੋਚਿਆ ਹੋਇਆ ਸੀ ।  
ਬੱਚੇ ਦੀਆਂ ਚੱਪਲਾਂ ਤਕ ਰਹਿ ਗਈਆਂ ਖੇਤਾਂ 'ਚ
ਪਤਾ ਲੱਗਾ ਹੈ ਕਿ ਉਕਤ ਬੱਚਾ ਪਿੰਡ ਦੇ ਹੀ ਸਰਕਾਰੀ ਸਕੂਲ ਵਿਚ ਪੜ੍ਹਦਾ ਹੈ । ਗਰਮੀ ਦੀਆਂ ਛੁੱਟੀਆਂ ਹੋਣ ਕਾਰਨ ਆਪਣੇ ਦੋਸਤਾਂ ਨਾਲ ਪਿੰਡ ਵਿਚ ਹੀ ਖੇਡ ਰਿਹਾ ਸੀ । ਜਦੋਂ ਬੱਚੇ 'ਤੇ ਹਮਲਾ ਹੋਇਆ ਤਾਂ ਉਸ ਦੀਆਂ ਚੱਪਲਾਂ ਤਕ ਖੇਤਾਂ 'ਚ ਹੀ ਰਹਿ ਗਈਆਂ। ਹਸਪਤਾਲ ਵਿਚ ਵੀ ਬੱਚਾ ਕਾਫ਼ੀ ਡਰਿਆ ਹੋਇਆ ਸੀ । 
ਹੋਰ ਬੱਚਿਆਂ ਨੂੰ ਲੋਕਾਂ ਨੇ ਕੀਤਾ ਘਰਾਂ 'ਚ ਬੰਦ
ਪਿੰਡ ਦਾਊਂ ਦੇ ਲੋਕ ਇਸ ਘਟਨਾ ਕਾਰਨ ਕਾਫ਼ੀ ਡਰ ਗਏ ਹਨ ਕਿਉਂਕਿ ਜੇਕਰ ਬੱਚੇ ਨੂੰ ਸਮੇਂ ਸਿਰ ਨਾ ਬਚਾਇਆ ਜਾਂਦਾ ਤਾਂ ਬੱਚੇ ਦੀ ਜਾਨ ਵੀ ਜਾ ਸਕਦੀ ਸੀ। ਘਟਨਾ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਆਪਣੇ ਛੋਟੇ ਬੱਚਿਆਂ ਨੂੰ ਘਰ ਵਿਚ ਬੰਦ ਕਰ ਦਿੱਤਾ । ਪਿੰਡ ਦੇ ਦਰਸ਼ਨ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ ਵਿਚ ਕਾਫ਼ੀ ਆਵਾਰਾ ਕੁੱਤੇ ਹਨ ਤੇ ਉਨ੍ਹਾਂ ਦਾ ਕੀ ਭਰੋਸਾ ਕਿ ਬੱਚਿਆਂ 'ਤੇ ਕਦੋਂ ਟੁੱਟ ਪੈਣ। ਇਸ ਲਈ ਉਹ ਆਪਣੇ ਬੱਚਿਆਂ ਨੂੰ ਘਰੋਂ ਬਾਹਰ ਇਕੱਲੇ ਨਹੀਂ ਜਾਣ ਦੇਣਗੇ ।  
ਪਿੰਡ ਦੇ ਇਕ ਨੌਜਵਾਨ ਨੂੰ ਪਾਲਤੂ ਕੁੱਤੇ ਨੇ ਕੱਟਿਆ
ਦੂਜੇ ਪਾਸੇ ਪਿੰਡ ਦਾÀੂਂ ਦੇ ਹੀ ਇਕ ਨੌਜਵਾਨ ਨੂੰ ਪਾਲਤੂ ਕੁੱਤੇ ਵਲੋਂ ਕੱਟਣ ਦਾ ਮਾਮਲਾ ਸਾਹਮਣੇ ਆਇਆ ਹੈ । ਕੁੱਤੇ ਨੇ ਨੌਜਵਾਨ ਨੂੰ ਗਲੇ ਤੇ ਬਾਂਹ 'ਤੇ ਕੱਟਿਆ। ਨੌਜਵਾਨ ਨੂੰ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ । ਘਰ ਵਾਲਿਆਂ ਦਾ ਕਹਿਣਾ ਹੈ ਕਿ ਨੌਜਵਾਨ ਦਾ ਭਰਾ ਬਾਹਰੋਂ ਆਇਆ ਸੀ ਤੇ ਕੁੱਤਾ ਉਸ ਦੌਰਾਨ ਖੁੱਲ੍ਹਾ ਸੀ । ਜਿਵੇਂ ਹੀ ਉਹ ਗੇਟ ਖੋਲ੍ਹਣ ਗਏ ਤਾਂ ਕੁੱਤੇ ਨੇ ਪਿੱਛੋਂ ਉਨ੍ਹਾਂ 'ਤੇ ਹਮਲਾ ਕਰ ਦਿੱਤਾ।


Related News