ਭਾਰਤ-ਦੱ. ਅਫਰੀਕਾ ਟੀ-20 ਮੈਚ ਦੀਆਂ ਟਿਕਟਾਂ ਦੀ ਖਰੀਦਾਰੀ ਲਈ ਮੋਹਾਲੀ ’ਚ ਮਾਰੋ-ਮਾਰ
Saturday, Sep 14, 2019 - 12:38 PM (IST)

ਮੋਹਾਲੀ— ਟੀਮ ਇੰਡੀਆ ਅਤੇ ਸਾਊਥ ਅਫਰੀਕਾ ਵਿਚਾਲੇ ਟੀ-20 ਸੀਰੀਜ਼ ਦਾ ਤੀਜਾ ਮੈਚ 18 ਤਰੀਕ ਨੂੰ ਮੋਹਾਲੀ ਦੇ ਪੀ. ਸੀ. ਏ. ਸਟੇਡੀਅਮ ’ਚ ਖੇਡਿਆ ਜਾਵੇਗਾ ਜਿਸ ਦੀਆਂ ਟਿਕਟਾਂ ਦੀ ਵਿਕਰੀ ਅੱਜ ਤੋਂ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਮੈਚ ਲਈ ਟਿਕਟ ਲੈਣ ਲਈ ਲੋਕ ਕਲ ਰਾਤ ਤੋਂ ਹੀ ਲਾਈਨ ’ਚ ਲੱਗੇ ਹੋਏ ਹਨ। ਟਿਕਟਾਂ ਖਰੀਦਣ ਲਈ ਜਿੱਥੇ ਨੌਜਵਾਨਾਂ ’ਚ ਹੋੜ ਲੱਗੀ ਹੋਈ ਹੈ ਉੱਥੇ ਹੀ ਮਹਿਲਾਵਾਂ ਅਤੇ ਇੱਥੋਂ ਤਕ ਕਿ ਛੋਟੇ ਬੱਚੇ ਵੀ ਇਸ ਮਾਮਲੇ ’ਚ ਪਿੱਛੇ ਨਹੀਂ ਹਨ।
ਉਹ ਵੀ ਟਿਕਟ ਖਰੀਦਣ ਲਈ ਲਾਈਨ ’ਚ ਲੱਗੇ ਹੋਏ ਹਨ। ਲੋਕਾਂ ਨੂੰ ਕ੍ਰਿਕਟ ਐਸੋਸੀਏਸ਼ਨ ਦੇ ਮਾੜੇ ਪ੍ਰਬੰਧਾਂ ਕਾਰਨ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਅਤੇ ਨਾਰਾਜ਼ ਲੋਕਾਂ ਨੇ ਕਿਹਾ ਕਿ ਕ੍ਰਿਕਟ ਐਸੋਸੀਏਸ਼ਨ ਇੰਨੇ ਪੈਸੇ ਕਮਾਉਂਦੀ ਹੈ ਪਰ ਇਸ ਦੇ ਬਾਵਜੂਦ ਇੱਥੇ ਬੈਠਣ ਤਕ ਲਈ ਕੋਈ ਪ੍ਰਬੰਧ ਨਹੀਂ ਹੈ। ਉਹ ਕੱਲ ਰਾਤ ਤੋਂ ਇੱਥੇ ਲਾਈਨ ’ਚ ਲੱਗੇ ਹੋਏ ਹਨ। ਇਹ ਵੀ ਦੱਸ ਦਈਏ ਕਿ ਪੰਜਾਬ ਦੇ ਮੋਹਾਲੀ ਜ਼ਿਲੇ ਅਤੇ ਦੂਜੇ ਸੂਬਿਆਂ ਬਿਹਾਰ, ਰਾਜਸਥਾਨ ਅਤੇ ਜੰਮੂ-ਕਸ਼ਮੀਰ ਦੇ ਕ੍ਰਿਕਟ ਪ੍ਰਸ਼ੰਸਕ ਵੀ ਟਿਕਟ ਖਰੀਦਣ ’ਤੇ ਲੱਗੇ ਹੋÎਏ ਹਨ ਤਾਂ ਜੋ ਉਹ ਇਸ ਮੈਚ ਨੂੰ ਦੇਖ ਸਕਣ।