ਕਲਾਸ ’ਚ ਪੜ੍ਹਾਉਂਦੇ ਸਮੇਂ ਫੇਸਬੁੱਕ ਤੇ ਵਟਸਐਪ ਨਹੀਂ ਚਲਾ ਸਕਣਗੇ ਅਧਿਆਪਕ

Wednesday, May 01, 2019 - 08:58 PM (IST)

ਕਲਾਸ ’ਚ ਪੜ੍ਹਾਉਂਦੇ ਸਮੇਂ ਫੇਸਬੁੱਕ ਤੇ ਵਟਸਐਪ ਨਹੀਂ ਚਲਾ ਸਕਣਗੇ ਅਧਿਆਪਕ

ਲੁਧਿਆਣਾ, (ਵਿੱਕੀ)-ਇਹ ਖ਼ਬਰ ਸਰਕਾਰੀ ਸਕੂਲਾਂ ਦੇ ਉਨ੍ਹਾਂ ਅਧਿਆਪਕਾਂ ਲਈ ਹੈ, ਜੋ ਕਲਾਸ ’ਚ ਪਡ਼੍ਹਾਈ ਦੀ ਬਜਾਏ ਮੋਬਾਇਲ ’ਤੇ ਜ਼ਿਆਦਾ ਰੁੱਝੇ ਰਹਿੰਦੇ ਹਨ। ਨਵਾਂ ਸੈਸ਼ਨ ਸ਼ੁਰੂ ਹੁੰਦੇ ਹੀ ਵਿਭਾਗ ਕੋਲ ਕਈ ਜ਼ਿਲਿਆਂ ’ਚੋਂ ਇਸ ਤਰ੍ਹਾਂ ਦੇ ਮਾਮਲੇ ਪੁੱਜਣ ਤੋਂ ਬਾਅਦ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਬੁੱਧਵਾਰ ਨੂੰ ਰਾਜ ਦੇ ਸਾਰੇ ਡੀ. ਈ. ਓਜ਼ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਇਨ੍ਹਾਂ ਆਦੇਸ਼ਾਂ ’ਚ ਉਨ੍ਹਾਂ ਨੇ ਅਧਿਆਪਕਾਂ ਨੂੰ ਕਲਾਸ ਵਿਚ ਪਡ਼੍ਹਾਉਣ ਸਮੇਂ ਮੋਬਾਇਲ ਦੇ ਪ੍ਰਯੋਗ ਤੋਂ ਗੁਰੇਜ਼ ਕਰਨ ਲਈ ਕਿਹਾ ਹੈ। ਉਨ੍ਹਾਂ ਨੇ ਸਕੂਲਾਂ ’ਚ ਨਵੇਂ ਸੈਸ਼ਨ ਦੀ ਸ਼ੁਰੂਆਤ ਨਾਲ ਸਿੱਖਣ ਸਿਖਾਉਣ ਦੀ ਪ੍ਰਕਿਰਿਆ ਸੁਚਾਰੂ ਢੰਗ ਨਾਲ ਚਲਾਉਣ ਲਈ ਕਿਹਾ ਹੈ।

ਜਾਣਕਾਰੀ ਮੁਤਾਬਕ ਅਧਿਆਪਕ ਵਿਦਿਆਰਥੀਆਂ ਨੂੰ ਕਲਾਸਾਂ ’ਚ ਕੋਈ ਕੰਮ ਦੇ ਕੇ ਖੁਦ ਫੋਨ ’ਤੇ ਲੱਗ ਜਾਂਦੇ ਹਨ। ਇਸ ਕਾਰਨ ਪੜ੍ਹਨ-ਪਡ਼੍ਹਾਉਣ ਦੀ ਪ੍ਰਕਿਰਿਆ ’ਚ ਅਧਿਆਪਕਾਂ ਦੀ ਪੂਰੀ ਸ਼ਮੂਲੀਅਤ ਨਹੀਂ ਹੁੰਦੀ। ਵਿਭਾਗ ਦੇ ਧਿਆਨ ’ਚ ਵੀ ਆਇਆ ਕਿ ਸਕੂਲਾਂ ’ਚ ਕੁਝ ਅਧਿਆਪਕ ਪਡ਼੍ਹਾਉਣ ਸਮੇਂ ਮੋਬਾਇਲ ਦਾ ਪ੍ਰਯੋਗ ਗੱਲਾਂ ਕਰਨ ਲਈ ਕਰਦੇ ਹਨ। ਇਹ ਵੀ ਧਿਆਨ ’ਚ ਆਇਆ ਹੈ ਕਿ ਕੁਝ ਅਧਿਆਪਕ ਤਾਂ ਕਲਾਸ ’ਚ ਹੀ ਸੋਸ਼ਲ ਮੀਡੀਆ ਐਪਸ ਵਰਗੇ ਵਟਸਐੱਪ ਤੇ ਫੇਸਬੁੱਕ ’ਤੇ ਰੁੱਝੇ ਰਹਿੰਦੇ ਹਨ। ਇਸ ਤਰ੍ਹਾਂ ਕਰਨ ਨਾਲ ਜਿੱਥੇ ਵਿਦਿਆਰਥੀਆਂ ਦੀ ਪਡ਼੍ਹਾਈ ਦਾ ਨੁਕਸਾਨ ਹੋ ਰਿਹਾ ਹੈ, ਉਥੇ ਵਿਦਿਆਰਥੀਆਂ ’ਤੇ ਬੁਰਾ ਪ੍ਰਭਾਵ ਵੀ ਪੈਂਦਾ ਹੈ।

ਸਿੱਖਿਆ ਸਕੱਤਰ ਨੇ ਪੰਜਾਬ ਦੇ ਸਮੂਹ ਡੀ. ਈ. ਓਜ਼ ਤੇ ਸਕੂਲ ਪ੍ਰਮੁੱਖਾਂ ਨੂੰ ਜਾਰੀ ਉਕਤ ਪੱਤਰ ’ਚ ਉਨ੍ਹਾਂ ਦੇ ਅਧੀਨ ਸਿੱਖਿਆ ਵਿਭਾਗ ਦੇ ਸਕੂਲਾਂ ਦੇ ਸਮੂਹ ਅਧਿਆਪਕਾਂ ਨੂੰ ਇਸ ਦੇ ਸਬੰਧ ’ਚ ਨਿਰਦੇਸ਼ ਜਾਰੀ ਕਰਨ ਲਈ ਕਿਹਾ ਹੈ ਤਾਂ ਕਿ ਹਰ ਅਧਿਆਪਕ ਕਲਾਸ ’ਚ ਪਡ਼੍ਹਾਉਂਦੇ ਸਮੇਂ ਫੋਨ ਦਾ ਪ੍ਰਯੋਗ ਕਰਨ ਤੋਂ ਗੁਰੇਜ਼ ਕਰੇ ਤਾਂ ਕਿ ਵਿਦਿਆਰਥੀਆਂ ਦੀ ਪਡ਼੍ਹਾਈ ਦਾ ਨੁਕਸਾਨ ਨਾ ਹੋਵੇ। ਇਹੀ ਨਹੀਂ ਵਿਭਾਗੀ ਸੂਤਰ ਦੱਸਦੇ ਹਨ ਕਿ ਸਕੂਲ ਪ੍ਰਿੰਸੀਪਲਾਂ ਤੋਂ ਵੀ ਵਿਭਾਗ ਨੇ ਉਕਤ ਬਾਰੇ ਗੁਪਤ ਰਿਪੋਰਟ ਮੰਗੀ ਹੈ, ਜਿਸ ਨਾਲ ਉਨ੍ਹਾਂ ਦੇ ਧਿਆਨ ’ਚ ਆ ਸਕੇ ਕਿ ਕਿਹਡ਼ਾ ਅਧਿਆਪਕ ਨਿਯਮਤ ਰੂਪ ’ਚ ਕਲਾਸ ਵਿਚ ਪਡ਼੍ਹਾਈ ਦੌਰਾਨ ਮੋਬਾਇਲ ਤੇ ਸੋਸ਼ਲ ਮੀਡੀਆ ਦੀਆਂ ਐਪਸ ਚਲਾਉਂਦੇ ਹਨ।

ਵਿਦਿਆਰਥੀਆਂ ਦੀ ਪੜ੍ਹਾਈ ਦਾ ਨਾ ਹੋਵੇ ਨੁਕਸਾਨ : ਕ੍ਰਿਸ਼ਨ ਕੁਮਾਰ

ਇਸ ਬਾਰੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਸਕੂਲਾਂ ’ਚ ਨਵਾਂ ਸੈਸ਼ਨ ਸ਼ੁਰੂ ਹੋਏ 1 ਮਹੀਨਾ ਹੋ ਚੁੱਕਾ ਹੈ। ਵਿਭਾਗ ਦਾ ਉਦੇਸ਼ ਹੈ ਕਿ ਸੈਸ਼ਨ ਦੇ ਪਹਿਲੇ 2 ਮਹੀਨਿਆਂ ’ਚ ਜਿੰਨਾ ਸਿਲੇਬਸ ਕਰਵਾਇਆ ਗਿਆ ਹੈ, ਉਹ ਵਿਦਿਆਰਥੀਆਂ ਦੀ ਸਹੀ ਢੰਗ ਨਾਲ ਸਮਝ ਵਿਚ ਆਉਣਾ ਚਾਹੀਦਾ ਹੈ। ਇਸ ਲਈ ਅਧਿਆਪਕ ਵਰਗ ਨੂੰ ਸੁਝਾਅ ਦਿੱਤਾ ਗਿਆ ਹੈ ਕਿ ਕਲਾਸ ਵਿਚ ਪਡ਼੍ਹਾਈ ਕਰਵਾਉਂਦੇ ਸਮੇਂ ਮੋਬਾਇਲ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਨ। ਜੇਕਰ ਕੁਝ ਜ਼ਰੂਰੀ ਵੀ ਹੈ ਤਾਂ ਉਸ ਨੂੰ ਖਾਲੀ ਸਮੇਂ ਦੌਰਾਨ ਪੂਰਾ ਕਰ ਲਿਆ ਜਾਵੇ ਤਾਂ ਕਿ ਕਲਾਸ ਵਿਚ ਵਿਦਿਆਰਥੀਆਂ ਦੀ ਪਡ਼੍ਹਾਈ ਦਾ ਨੁਕਸਾਨ ਨਾ ਹੋਵੇ।

 


author

DILSHER

Content Editor

Related News