ਅਧਿਆਪਕ ਮੰਗਣਗੇ ਭੀਖ, ਪੱਕੇ ਹੋਣ ਲਈ ਹੋਵੇਗਾ ਤਿੱਖਾ ਸੰਘਰਸ਼

03/05/2018 11:43:44 PM

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)- 5178 ਅਧਿਆਪਕ 11 ਮਾਰਚ ਨੂੰ ਮੁੱਖ ਮੰਤਰੀ ਦੇ ਹਲਕਾ ਪਟਿਆਲਾ, ਵਿੱਤ ਮੰਤਰੀ ਦੇ ਹਲਕਾ ਬਠਿੰਡਾ, ਸਿੱਖਿਆ ਮੰਤਰੀ ਦੇ ਹਲਕਾ ਦੀਨਾਨਗਰ ਵਿਖੇ ਭੁੱਖੇ ਰਹਿ ਕੇ ਭੀਖ ਮੰਗਣਗੇ ਅਤੇ ਝੰਡਾ ਮਾਰਚ ਕਰਨਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੂਬਾ ਪ੍ਰਧਾਨ ਇੰਦਰਜੀਤ ਮਾਲੇਰਕੋਟਲਾ, ਵਾਈਸ ਪ੍ਰਧਾਨ ਜਸਵਿੰਦਰ ਔਜਲਾ ਅਤੇ ਜ਼ਿਲਾ ਆਗੂ ਲਖਵੀਰ ਠੁੱਲੀਵਾਲ ਨੇ ਕੀਤਾ। ਉਨ੍ਹਾਂ ਕਿਹਾ ਕਿ 5178 ਅਧਿਆਪਕਾਂ ਨੂੰ 3 ਜ਼ੋਨਾਂ 'ਚ ਵੰਡਿਆ ਗਿਆ ਹੈ ਜੋ ਇਨ੍ਹਾਂ ਤਿੰਨ ਹਲਕਿਆਂ ਨੂੰ ਅਮਲੀ ਰੂਪ ਦੇਣਗੇ। ਆਗੂਆਂ ਨੇ ਦੱਸਿਆ ਕਿ 5178 ਅਧਿਆਪਕ ਟੈੱਟ ਪਾਸ ਤੇ ਉਚ ਯੋਗਤਾ ਪ੍ਰਾਪਤ ਹਨ ਜੋ ਕਿ ਵਿਭਾਗ ਦੀ ਮਨਜ਼ੂਰਸ਼ੁਦਾ ਪੋਸਟਾਂ 'ਤੇ ਤਿੰਨ ਸਾਲਾਂ ਲਈ ਠੇਕੇ 'ਤੇ ਭਰਤੀ ਹੋਏ ਸਨ ਅਤੇ ਵਿਭਾਗੀ ਸ਼ਰਤਾਂ ਅਨੁਸਾਰ ਨਵੰਬਰ 2017 ਵਿਚ ਰੈਗੂਲਰ ਕੀਤੇ ਜਾਣੇ ਸਨ ਪਰ ਤਿੰਨ ਮਹੀਨੇ ਬੀਤ ਜਾਣ ਦੇ ਬਾਵਜੂਦ ਉਨ੍ਹਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ। ਅਧਿਆਪਕਾਂ ਨੇ ਦੱਸਿਆ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਮਿਲ ਰਹੀ 6000 ਰੁਪਏ ਤਨਖਾਹ ਦੇ ਨਾਲ ਪਰਿਵਾਰ ਦੀ ਦੋ ਵਕਤ ਦੀ ਰੋਟੀ ਦੀ ਪੂਰਤੀ ਨਹੀਂ ਕਰ ਪਾਉਂਦੇ ਤੇ ਹੁਣ ਪੰਜਾਬ ਸਰਕਾਰ ਉਨ੍ਹਾਂ ਨੂੰ ਅਗਲੇ ਤਿੰਨ ਸਾਲਾਂ ਲਈ ਸਿਰਫ 10,800 'ਤੇ ਕੰਮ ਕਰਵਾਉਣ ਲਈ ਗੰਭੀਰ ਚਾਲਾਂ ਚੱਲ ਰਹੀ ਹੈ, ਜਿਸ ਨੂੰ ਉਹ ਕਿਸੇ ਵੀ ਸ਼ਰਤ 'ਤੇ ਲਾਗੂ ਨਹੀਂ ਹੋਣ ਦੇਣਗੇ। ਇਸ ਸਮੇਂ ਜ਼ਿਲਾ ਆਗੂ ਲਖਵੀਰ ਠੁੱਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਅਧਿਆਪਕਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦੇਣ ਦੀ ਬਜਾਏ ਆਗੂਆਂ 'ਤੇ ਝੂਠੇ ਪੁਲਸ ਕੇਸ ਪਾ ਕੇ ਸੰਘਰਸ਼ ਨੂੰ ਦਬਾਉਣਾ ਚਾਹੁੰਦੀ ਹੈ ਅਤੇ ਪੂਰੇ ਸਕੇਲ ਸਮੇਤ ਰੈਗੂਲਰ ਹੋਣ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਜਲਦ 5178 ਅਧਿਆਪਕਾਂ ਨੂੰ ਪੂਰੇ ਤਨਖਾਹ ਸਕੇਲ 'ਤੇ ਰੈਗੂਲਰ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰੇ ਅਤੇ ਅਧਿਆਪਕਾਂ 'ਤੇ ਪਾਏ ਝੂਠੇ ਕੇਸ ਰੱਦ ਕਰੇ, ਨਹੀਂ ਤਾਂ ਸੰਗਠਨ ਵੱਲੋਂ ਕੀਤੇ ਜਾਣ ਵਾਲੇ ਤਿੱਖੇ ਸੰਘਰਸ਼ 'ਚ ਜੋ ਕੋਈ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਖੁਦ ਹੋਵੇਗੀ। ਇਸ ਮੌਕੇ ਖੁਸ਼ਪਿੰਦਰ ਰਜਨੀ, ਗੁਰਮੀਤ ਅਤੇ ਹੋਰ ਅਧਿਆਪਕ ਹਾਜ਼ਰ ਸਨ। 


Related News