ਆਨਲਾਈਨ ਨੀਤੀ ਤਹਿਤ ਹੀ ਪੰਜਾਬ ’ਚ ਹੋਣਗੇ ਹੁਣ ਅਧਿਆਪਕਾਂ ਦੇ ਤਬਾਦਲੇ, ਨੋਟੀਫਿਕੇਸ਼ਨ ਜਾਰੀ

06/25/2019 9:37:34 PM

ਚੰਡੀਗਡ਼੍ਹ/ਕੁਰਾਲੀ, (ਭੁੱਲਰ, ਬਠਲਾ)-ਪੰਜਾਬ ’ਚ ਅਧਿਆਪਕਾਂ ਦੇ ਤਬਾਦਲਿਆਂ ਲਈ ਹੁਣ ਆਨਲਾਈਨ ਤਬਾਦਲਾ ਨੀਤੀ ਲਾਗੂ ਕਰ ਦਿੱਤੀ ਗਈ ਹੈ। ਪੰਜਾਬ ਦੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੇ ਅੱਜ ਇਥੇ ਆਨਲਾਈਨ ਨੀਤੀ ਜਾਰੀ ਕੀਤੀ। ਇਸ ਨੀਤੀ ਦਾ ਨੋਟੀਫਿਕੇਸ਼ਨ ਵੀ ਅੱਜ ਹੀ ਜਾਰੀ ਹੋਇਆ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਨਾਲ ਤਬਾਦਲਿਆਂ ’ਚ ਪਾਰਦਰਸ਼ਿਤਾ ਆਉਣ ਨਾਲ ਭ੍ਰਿਸ਼ਟਾਚਾਰ ਨੂੰ ਠੱਲ੍ਹ ਪਏਗੀ ਅਤੇ ਵਿੱਦਿਅਕ ਪੱਧਰ ’ਚ ਵੀ ਸੁਧਾਰ ਹੋਵੇਗਾ। ਜਾਰੀ ਕੀਤੀ ਗਈ ਆਨਲਾਈਨ ਤਬਾਦਲਾ ਨੀਤੀ ਅਨੁਸਾਰ ਇਸ ਵਾਰ ਤਬਾਦਲੇ ਲਈ ਅਰਜ਼ੀਆਂ ਲੈਣ ਦਾ ਕੰਮ 4 ਜੁਲਾਈ ਤੋਂ ਸ਼ੁਰੂ ਹੋਵੇਗਾ ਤੇ 31 ਜੁਲਾਈ ਤੱਕ ਮੁਕੰਮਲ ਕੀਤਾ ਜਾਵੇਗਾ। ਨਵੀਂ ਨੀਤੀ ਅਨੁਸਾਰ ਸਾਲ ਵਿਚ ਸਿਰਫ਼ ਇਕ ਵਾਰ ਹੀ ਤਬਾਦਲੇ ਹੋਣਗੇ ਪਰ ਪ੍ਰਸ਼ਾਸਕੀ ਆਧਾਰ ’ਤੇ ਤਬਾਦਲੇ ਅੱਗੇ-ਪਿੱਛੇ ਵੀ ਹੋ ਸਕਦੇ ਹਨ। ਇਸ ਨੀਤੀ ਦੀਆਂ ਮਹੱਤਵਪੂਰਨ ਵਿਸ਼ੇਸ਼ਤਾਵਾਂ ਹਨ ਕਿ ਤਬਾਦਲੇ ਲਈ ਅਰਜ਼ੀ ਦੇਣ ਤੋਂ ਪਹਿਲਾਂ ਅਧਿਆਪਕ ਲਈ ਆਪਣੀ ਨਿਯੁਕਤੀ ਵਾਲੇ ਸਕੂਲ ’ਚ ਦੋ ਸਾਲ ਲਾਉਣੇ ਜ਼ਰੂਰੀ ਹਨ।

ਨਵ-ਨਿਯੁਕਤ ਅਧਿਆਪਕਾਂ ਲਈ ਇਕੋ ਸਕੂਲ ਵਿਚ ਰਹਿਣ ਦਾ ਘੱਟੋ-ਘੱਟ ਸਮਾਂ ਤਿੰਨ ਸਾਲ ਜਾਂ ਪਰਖ ਕਾਲ ਹੋਵੇਗਾ। ਤਬਾਦਲਿਆਂ ’ਚ ਅਧਿਆਪਕਾਂ ਦੀ ਠਹਿਰ ਦੀ ਸ਼ਰਤ ਖਤਮ ਕਰ ਦਿੱਤੀ ਗਈ ਹੈ। ਹੁਣ ਅਧਿਆਪਕ ਸੇਵਾ-ਮੁਕਤੀ ਤੱਕ ਵੀ ਇਕੋ ਸਕੂਲ ’ਚ ਨੌਕਰੀ ਕਰ ਸਕਣਗੇ। ਨਵੀਂ ਤਬਾਦਲਾ ਨੀਤੀ ’ਚ ਉਨ੍ਹਾਂ ਅਧਿਆਪਕਾਂ ਨੂੰ ਵਿਸ਼ੇਸ਼ ਪਹਿਲ ਦਿੱਤੀ ਜਾਵੇਗੀ, ਜਿਨ੍ਹਾਂ ਦੇ ਬੱਚੇ ਸਰਕਾਰੀ ਸਕੂਲਾਂ ’ਚ ਪਡ਼੍ਹਦੇ ਹਨ। ਸਕੂਲ ਦੇ ਨਤੀਜਿਆਂ ਦੀ ਕਾਰਗੁਜ਼ਾਰੀ ਨੂੰ ਵੀ ਧਿਆਨ ’ਚ ਰੱਖਿਆ ਜਾਵੇਗਾ। ਨਾਨ ਟੀਚਿੰਗ ਸਟਾਫ, ਜ਼ਿਲਾ ਸਿੱਖਿਆ ਅਫਸਰ, ਪ੍ਰਿੰਸੀਪਲਾਂ ਤੇ ਮੁੱਖ ਅਧਿਆਪਕਾਂ ਨੂੰ ਨਵੀਂ ਨੀਤੀ ’ਚੋਂ ਬਾਹਰ ਰੱਖਿਆ ਗਿਆ ਹੈ। ਜਿਨ੍ਹਾਂ ਅਧਿਆਪਕਾਂ ਦੇ ਜੀਵਨ ਸਾਥੀ ਹਥਿਆਰਬੰਦ ਫੌਜ ’ਚ ਕਰਮਚਾਰੀ ਹੋਣਗੇ, ਉਨ੍ਹਾਂ ਨੂੰ ਵੀ ਇਸ ਨੀਤੀ ਤੋਂ ਛੋਟ ਮਿਲੇਗੀ। ਨਵੀਂ ਨੀਤੀ ਅਨੁਸਾਰ ਜਿਨ੍ਹਾਂ ਅਧਿਆਪਕਾਂ ਦੀ ਬਦਲੀ ਪ੍ਰਬੰਧਕੀ ਜਾਂ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ ਹੋਵੇ, ਉਨ੍ਹਾਂ ਨੂੰ ਵਾਪਸ ਪਹਿਲੇ ਸਕੂਲ ’ਚ ਨਹੀਂ ਬਦਲਿਆ ਜਾਵੇਗਾ। ਸਿਰਫ਼ ਖਾਲੀ ਥਾਵਾਂ ’ਤੇ ਹੀ ਤਬਾਦਲੇ ਕੀਤੇ ਜਾਣਗੇ। ਹਰ ਸਾਲ 1 ਜਨਵਰੀ ਤੋਂ 15 ਜਨਵਰੀ ਤੱਕ ਐਕਚੂਅਲ ਵੇਕੈਂਸੀ ਸਬੰਧੀ ਨੋਟੀਫਿਕੇਸ਼ਨ ਹੋਵੇਗਾ। 15 ਜਨਵਰੀ ਤੋਂ 15 ਫਰਵਰੀ ਯੋਗ ਅਧਿਆਪਕ ਸਕੂਲਾਂ ਸਬੰਧੀ ਆਪਣੀ ਚੋਣ ਆਨਲਾਈਨ ਦਰਜ ਕਰਵਾਉਣਗੇ। ਤਬਾਦਲਿਆਂ ਸਬੰਧੀ ਹੁਕਮ ਹਰ ਸਾਲ ਮਾਰਚ ਦੇ ਦੂਜੇ ਹਫ਼ਤੇ ਜਾਰੀ ਕੀਤੇ ਜਾਣਗੇ। ਨਵੀਂ ਨੀਤੀ ਤਹਿਤ ਮੈਟਰਨਿਟੀ ਤੇ ਚਾਈਲਡ ਕੇਅਰ ਲੀਵ ਨੂੰ ਛੱਡ ਕੇ ਹੋਰ ਕਿਸੇ ਵੀ ਤਰ੍ਹਾਂ ਦੀ 3 ਮਹੀਨੇ ਤੋਂ ਵੱਧ ਦੀ ਲਈ ਗਈ ਛੁੱਟੀ ਨੂੰ ਨੈਗੇਟਿਵ ਪੁਆਇੰਟਾਂ ’ਚ ਗਿਣਿਆ ਜਾਵੇਗਾ।

ਇਸ ਵਾਰ ਨੀਤੀ ਲਾਗੂ ਹੋਣ ਤੋਂ ਬਾਅਦ ਪਹਿਲੀ ਵਾਰ ਤਿਆਰ ਕੀਤੇ ਤਬਾਦਲਿਆਂ ਦੇ ਸ਼ਡਿਊਲ ਅਨੁਸਾਰ 26 ਜੂਨ ਨੂੰ ਪਾਲਿਸੀ ਦਾ ਨੋਟੀਫਿਕੇਸ਼ਨ ਜਾਰੀ ਹੋਵੇਗਾ। ਇਸ ਤੋਂ ਬਾਅਦ 27 ਜੂਨ ਤੋਂ 1 ਜੁਲਾਈ ਤੱਕ ਜ਼ੋਨਾਂ ਦੀ ਵੰਡ ਸਬੰਧੀ ਇਤਰਾਜ਼ ਮੰਗੇ ਜਾਣਗੇ ਅਤੇ ਇਤਰਾਜ਼ਾਂ ਦੀ ਜਾਂਚ ਤੋਂ ਬਾਅਦ ਆਖਰੀ ਫੈਸਲਾ 2 ਜੁਲਾਈ ਨੂੰ ਲਿਆ ਜਾਵੇਗਾ, ਜਿਸ ਤੋਂ ਬਾਅਦ 3 ਜੁਲਾਈ ਨੂੰ ਨੋਟੀਫਿਕੇਸ਼ਨ ਦਿੱਤਾ ਜਾਵੇਗਾ। ਇਸ ਪ੍ਰਕਿਰਿਆ ਤੋਂ ਬਾਅਦ 4 ਜੁਲਾਈ ਤੋਂ 11 ਜੁਲਾਈ, 2019 ਤੱਕ ਤਬਾਦਲੇ ਲਈ ਖਾਲੀ ਅਸਾਮੀਆਂ ਵਿਰੁੱਧ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਜਾਵੇਗੀ। ਨਵੀਂ ਤਾਇਨਾਤੀ ਸਬੰਧੀ ਹੁਕਮ 12 ਜੁਲਾਈ, 2019 ਨੂੰ ਜਾਰੀ ਕੀਤੇ ਜਾਣਗੇ। ਮੁੱਢਲੇ ਤਬਾਦਲਿਆਂ ਤੋਂ ਬਾਅਦ ਖਾਲੀ ਹੋਈਆਂ ਅਸਾਮੀਆਂ ਭਰਨ ਲਈ ਦੂਜੇ ਪਡ਼ਾਅ ਦੌਰਾਨ 15 ਜੁਲਾਈ ਤੋਂ 22 ਜੁਲਾਈ, 2019 ਤੱਕ ਤਬਾਦਲਿਆਂ ਲਈ ਆਨਲਾਈਨ ਅਰਜ਼ੀਆਂ ਮੰਗੀਆਂ ਜਾਣਗੀਆਂ ਅਤੇ ਇਹ ਪ੍ਰਕਿਰਿਆ 31 ਜੁਲਾਈ ਤੱਕ ਜਾਰੀ ਰਹੇਗੀ। ਸਿੱਖਿਆ ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਤਬਾਦਲਿਆਂ ’ਚ ਕਿਸੇ ਤਰ੍ਹਾਂ ਦਾ ਸਿਆਸੀ ਦਬਾਅ ਕੰਮ ਨਹੀਂ ਕਰੇਗਾ ਤੇ ਇਸ ਸਬੰਧੀ ਮੁੱਖ ਮੰਤਰੀ ਵਲੋਂ ਸਪੱਸ਼ਟ ਹਦਾਇਤ ਹੈ। ਤਬਾਦਲੇ ਪੂਰੀ ਤਰ੍ਹਾਂ ਮੈਰਿਟ ਦੇ ਆਧਾਰ ’ਤੇ ਹੋਣਗੇ।


Babita

Content Editor

Related News