ਅਧਿਆਪਕਾਂ ਦੇ ਸਮਰਥਨ 'ਚ ਉੱਤਰੇ ਚੰਦੂਮਾਜਰਾ, ਸਰਕਾਰ ਨੂੰ ਦਿੱਤੀ ਇਹ ਚਿਤਾਵਨੀ
Monday, Oct 15, 2018 - 08:24 AM (IST)

ਪਟਿਆਲਾ,(ਬਲਜਿੰਦਰ, ਜੋਸਨ)— ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਐੱਸ. ਐੱਸ. ਏ., ਰਮਸਾ ਅਤੇ ਹੋਰ ਅਧਿਆਪਕਾਂ ਵੱਲੋਂ ਤਨਖਾਹ ਵਿਚ ਕੀਤੀ ਗਈ 70 ਫੀਸਦੀ ਕਟੌਤੀ ਦੇ ਵਿਰੋਧ ਵਿਚ ਅਧਿਆਪਕਾਂ ਦੇ ਹੱਕ ’ਚ ਨਿੱਤਰੇ। ਉਨ੍ਹਾਂ ਅਧਿਆਪਕਾਂ ਨਾਲ ਬੈਠ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਐਲਾਨ ਕੀਤਾ ਕਿ ਜੇਕਰ ਪੰਜਾਬ ਸਰਕਾਰ ਨੇ ਅਧਿਆਪਕਾਂ ਨਾਲ ਧੱਕੇਸ਼ਾਹੀ ਬੰਦ ਨਾ ਕੀਤੀ ਤਾਂ ਕੇਂਦਰੀ ਐੱਚ. ਆਰ. ਡੀ. ਮੰਤਰੀ ਨੂੰ ਮਿਲ ਕੇ ਸੂਬੇ ਦੀਆਂ ਕੇਂਦਰ ਵੱਲੋਂ ਭੇਜੀਆਂ ਜਾਣ ਵਾਲੀਆਂ ਗ੍ਰਾਂਟਾਂ ’ਤੇ ਰੋਕ ਲਵਾਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਐੱਸ. ਐੱਸ. ਏ., ਰਮਸਾ ਅਤੇ ਹੋਰ ਅਧਿਆਪਕਾਂ ਦੇ ਮਾਮਲੇ ’ਚ ਸ਼ਰੇਆਮ ਕੇਂਦਰ ਦੇ ਐੱਚ. ਆਰ. ਡੀ. ਮੰਤਰਾਲੇ ਵੱਲੋਂ ਪਾਸ ਐਕਟ ਦੀਆਂ ਧੱਜੀਆਂ ਉਡਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕੇਂਦਰੀ ਐਕਟ ਅਨੁਸਾਰ ਉਕਤ ਸਾਰੇ ਅਧਿਆਪਕਾਂ ਨੂੰ ਡਿਪਾਰਟਮੈਂਟਲ ਅਧਿਆਪਕ ਹੀ ਮੰਨਿਆ ਜਾਂਦਾ। ਹੁਣ ਸਰਕਾਰ ਝੂਠ ਬੋਲ ਕੇ ਸਚਾਈ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਮਾਮਲੇ ਵਿਚ ਉਹ ਜਲਦੀ ਹੀ ਕੇਂਦਰੀ ਐੱਚ. ਆਰ. ਡੀ. ਮੰਤਰੀ ਨੂੰ ਮਿਲ ਕੇ ਪੰਜਾਬ ਸਰਕਾਰ ਨੂੰ ਇਕ ਐਡਵਾਈਜ਼ਰੀ ਜਾਰੀ ਕਰਵਾਉਣਗੇ ਕਿ ਜੇਕਰ ਪੰਜਾਬ ਸਰਕਾਰ ਨੇ ਵਿਦਿਅਕ ਖੇਤਰ ਨੂੰ ਬਰਬਾਦ ਕਰਨਾ ਬੰਦ ਨਾ ਕੀਤਾ ਤਾਂ ਵਿਦਿਅਕ ਖੇਤਰ ਵਿਚ ਭੇਜੀਆਂ ਜਾਣ ਵਾਲੀਆਂ ਕੇਂਦਰੀ ਗ੍ਰਾਂਟਾਂ ’ਤੇ ਰੋਕ ਲਾਈ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦਾ ਸਿੱਖਿਆ ਮੰਤਰੀ ਅਧਿਆਪਕਾਂ ਨਾਲ ਥਾਣੇਦਾਰਾਂ ਵਰਗਾ ਵਰਤਾਅ ਕਰ ਰਿਹਾ ਹੈ।