ਪੰਜਾਬ ਸਰਕਾਰ ਦੇ ਲਾਰਿਆਂ ਤੋਂ ਅੱਕੇ 3 ਅਧਿਆਪਕਾਂ ਨੇ ਦਿੱਤੇ ਅਸਤੀਫ਼ੇ, ਜਾਣੋ ਕੀ ਕਿਹਾ
Wednesday, Apr 13, 2022 - 06:42 PM (IST)
ਸੰਗਰੂਰ (ਵਿਜੈ ਕੁਮਾਰ ਸਿੰਗਲਾ) : ਪਿਛਲੇ 8 ਸਾਲਾਂ ਤੋਂ ਨਾਮਾਤਰ ਤਨਖ਼ਾਹਾਂ 'ਤੇ ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਤਨਦੇਹੀ ਨਾਲ ਕੰਮ ਕਰ ਰਹੇ ਈ. ਜੀ. ਐੱਸ. ਵਾਲੰਟੀਅਰ ਅਤੇ ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਨੇ ਘੱਟ ਤਨਖਾਹਾਂ ਹੋਣ ਕਾਰਨ ਆਪਣੇ ਅਸਤੀਫ਼ੇ ਸਿੱਖਿਆ ਅਧਿਕਾਰੀਆਂ ਨੂੰ ਭੇਜਣੇ ਸ਼ੁਰੂ ਕਰ ਦਿੱਤੇ ਹਨ। ਪਿਛਲੇ ਕੁਝ ਸਮੇਂ 'ਚ ਪੰਜਾਬ ਦੇ ਵੱਖ-ਵੱਖ ਪ੍ਰਾਇਮਰੀ ਸਕੂਲਾਂ 'ਚ ਪੜ੍ਹਾ ਰਹੇ ਇਨ੍ਹਾਂ 3 ਅਧਿਆਪਕਾਂ ਵੱਲੋਂ ਆਪਣਾ ਅਸਤੀਫ਼ਾ ਇਸ ਕਰਕੇ ਦਿੱਤਾ ਗਿਆ ਹੈ ਕਿ ਉਨ੍ਹਾਂ ਨੂੰ ਪਿਛਲੇ 8 ਸਾਲਾਂ ਤੋਂ ਸਿਰਫ਼ 6 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲਦੀ ਹੈ, ਜਿਸ ਨਾਲ ਘਰ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੋ ਰਿਹਾ ਹੈ।
ਇਹ ਵੀ ਪੜ੍ਹੋ : "ਉੱਡਦਾ ਹੋਇਆ ਤਾਬੂਤ" ਹੈ ਬੋਇੰਗ 737 ਜਹਾਜ਼! 83 ਵਾਰ ਹੋ ਚੁੱਕਾ ਹਾਦਸੇ ਦਾ ਸ਼ਿਕਾਰ, ਜਾਣੋ Boeing ਦਾ ਇਤਿਹਾਸ
ਜਸਬੀਰ ਸਿੰਘ ਸਿੱਖਿਆ ਪ੍ਰੋਵਾਈਡਰ ਸਰਕਾਰੀ ਪ੍ਰਾਇਮਰੀ ਸਕੂਲ ਲੋਹਾਖੇੜਾ ਜ਼ਿਲ੍ਹਾ ਸੰਗਰੂਰ, ਰੁਪਿੰਦਰ ਕੌਰ ਈ. ਜੀ. ਐੱਸ, ਵਾਲੰਟੀਅਰ ਸਰਕਾਰੀ ਪ੍ਰਾਇਮਰੀ ਸਕੂਲ ਮੌੜਾਂ ਜ਼ਿਲ੍ਹਾ ਬਰਨਾਲਾ ਅਤੇ ਬਲਜੀਤ ਕੌਰ ਈ. ਜੀ. ਐੱਸ. ਵਾਲੰਟੀਅਰ ਸਰਕਾਰੀ ਪ੍ਰਾਇਮਰੀ ਸਕੂਲ ਜੱਬੋਵਾਲ ਜ਼ਿਲ੍ਹਾ ਕਪੂਰਥਲਾ ਨੇ ਆਪਣਾ ਅਸਤੀਫ਼ਾ ਦਿੰਦਿਆਂ ਲਿਖਿਆ ਹੈ ਕਿ ਉਹ ਬਹੁਤ ਹੀ ਘੱਟ ਤਨਖਾਹ 'ਤੇ ਪਿਛਲੇ 8 ਸਾਲਾਂ ਤੋਂ ਸਰਕਾਰੀ ਸਕੂਲਾਂ 'ਚ ਬੱਚਿਆਂ ਨੂੰ ਪੜ੍ਹਾ ਰਹੇ ਹਨ। ਉਹ ਆਪਣੀ ਤਨਖਾਹ ਵਧਾਉਣ ਅਤੇ ਰੈਗੂਲਰ ਪੋਸਟ ਕਰਵਾਉਣ ਲਈ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ ਪਰ ਸਮੇਂ ਦੀਆਂ ਸਰਕਾਰਾਂ ਨੇ ਹੁਣ ਤੱਕ ਉਨ੍ਹਾਂ ਦੀ ਕੋਈ ਵੀ ਗੱਲ ਨਹੀਂ ਸੁਣੀ।
ਇਹ ਵੀ ਪੜ੍ਹੋ : ਦਿੱਲੀ ਸਰਕਾਰ ਦੇ ਅਧਿਕਾਰੀਆਂ ਰਾਹੀਂ ਪੋਸਟਿੰਗ ਦਾ ਜੁਗਾੜ ਲਗਾ ਰਹੇ ਪੰਜਾਬ ਦੇ ਅਫ਼ਸਰ
ਜ਼ਿਕਰਯੋਗ ਹੈ ਕਿ ਬਲਜੀਤ ਕੌਰ ਈ. ਜੀ. ਐੱਸ. ਵਾਲੰਟੀਅਰ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਸਰਕਾਰੀ ਪ੍ਰਾਇਮਰੀ ਸਕੂਲ ਜੱਬੋਵਾਲ 'ਚ ਸਿਰਫ ਇਕ ਅਧਿਆਪਕ ਰਹਿ ਗਿਆ ਹੈ, ਜਦ ਕਿ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਕਿਸੇ ਵੀ ਸਰਕਾਰੀ ਸਕੂਲ 'ਚ ਇਕ ਅਧਿਆਪਕ ਨੂੰ ਡਿਊਟੀ 'ਤੇ ਤਾਇਨਾਤ ਨਹੀਂ ਕੀਤਾ ਜਾ ਸਕਦਾ ਕਿਉਂਕਿ ਜੇਕਰ ਸਰਕਾਰੀ ਅਧਿਆਪਕ ਨੇ ਛੁੱਟੀ ਲੈਣੀ ਹੋਵੇ ਜਾਂ ਸਕੂਲ ਦੇ ਕੰਮ ਲਈ ਬਾਹਰ ਜਾਣਾ ਹੋਵੇ ਤਾਂ ਉਸ ਸਮੇਂ ਸਕੂਲ ਨੂੰ ਜਿੰਦਰਾ ਲਗਾਉਣਾ ਪੈਂਦਾ ਹੈ। ਈ. ਟੀ. ਟੀ. ਟੈੱਟ ਪਾਸ ਕੱਚੇ ਅਧਿਆਪਕ ਯੂਨੀਅਨ ਪੰਜਾਬ ਜ਼ਿਲ੍ਹਾ ਸੰਗਰੂਰ ਦੇ ਆਗੂਆਂ ਨੇ ਮੀਟਿੰਗ ਕਰਕੇ ਪਿਛਲੇ ਸਮੇਂ ਤੋਂ ਲੈ ਕੇ ਹੁਣ ਤੱਕ ਦੀਆਂ ਸਰਕਾਰਾਂ ਦੀ ਕੱਚੇ ਅਧਿਆਪਕਾਂ ਪ੍ਰਤੀ ਨੀਤੀ ਦਾ ਸਖਤ ਵਿਰੋਧ ਕੀਤਾ।
ਇਹ ਵੀ ਪੜ੍ਹੋ : ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਿੱਖ ਸੰਗਤਾਂ ਨੂੰ ਖ਼ਾਲਸਾ ਸਾਜਨਾ ਦਿਵਸ ਦੀ ਦਿੱਤੀ ਵਧਾਈ
ਯੂਨੀਅਨ ਦੇ ਆਗੂਆਂ ਸਮਰਜੀਤ ਸਿੰਘ ਮਾਨਸਾ, ਗੁਰਦੀਪ ਸਿੰਘ ਫਾਜ਼ਿਲਕਾ, ਬਲਕਾਰ ਸਿੰਘ ਪਟਿਆਲਾ, ਦਲਜੀਤ ਸਿੰਘ ਬਠਿੰਡਾ, ਸਰਬਜੀਤ ਸਿੰਘ ਮੋਹਾਲੀ ਆਦਿ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਸਮੇਂ ਇਨ੍ਹਾਂ ਅਧਿਆਪਕਾਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਆਉਣ 'ਤੇ ਇਨ੍ਹਾਂ ਕੱਚੇ ਅਧਿਆਪਕਾਂ ਦੀ ਤਨਖਾਹ 36000 ਰੁਪਏ ਪਹਿਲੀ ਕੈਬਨਿਟ ਮੀਟਿੰਗ ਵਿਚ ਕਰ ਦਿੱਤੀ ਜਾਵੇਗੀ। ਆਗੂਆਂ ਨੇ ਕਿਹਾ ਕਿ ਹੁਣ ਇਨ੍ਹਾਂ ਸਰਕਾਰੀ ਸਕੂਲਾਂ 'ਚ ਪੜ੍ਹਾ ਰਹੇ ਕੱਚੇ ਅਧਿਆਪਕਾਂ ਨੂੰ ਰੈਗੂਲਰ ਕੀਤਾ ਜਾਵੇ ਅਤੇ ਤਨਖਾਹਾਂ 'ਚ ਵਾਧਾ ਕੀਤਾ ਜਾਵੇ।
ਇਹ ਵੀ ਪੜ੍ਹੋ : 'ਲੋਕ ਨਾਇਕ' ਬ੍ਰਿਗੇਡੀਅਰ ਪ੍ਰੀਤਮ ਸਿੰਘ : ਕਦੋਂ ਮਿਲੇਗਾ ਸੂਰਬੀਰ ਨੂੰ ਸਨਮਾਨ?
ਅਧਿਆਪਕ ਆਗੂਆਂ ਨੇ ਕਿਹਾ ਕਿ ਇਕ ਪਾਸੇ ਸਰਕਾਰ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖਲਾ ਕਰਵਾਉਣ ਲਈ ਮਾਪਿਆਂ ਨੂੰ ਪ੍ਰੇਰਿਤ ਕਰ ਰਹੀ ਤੇ ਦੂਜੇ ਪਾਸੇ ਸਰਕਾਰੀ ਸਕੂਲਾਂ ਦੇ ਅਧਿਆਪਕ ਘੱਟ ਤਨਖਾਹਾਂ ਹੋਣ ਕਾਰਨ ਆਪਣੀਆਂ ਨੌਕਰੀਆਂ ਤੋਂ ਅਸਤੀਫ਼ੇ ਦੇ ਕੇ ਘਰਾਂ ਨੂੰ ਜਾ ਰਹੇ ਹਨ। ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ ਇਨ੍ਹਾਂ ਅਧਿਆਪਕਾਂ ਨੂੰ ਰੈਗੂਲਰ ਕੀਤਾ ਜਾਵੇ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ