ਪਾਵਰਕਾਮ ਵੱਲੋਂ ਮਿਡਲ ਸਕੂਲਾਂ ਨੂੰ ਸਿੱਧੇ ਬਿਜਲੀ ਦੇ ਬਿੱਲ ਭੇਜਣ 'ਤੇ ਅਧਿਆਪਕਾਂ ਪ੍ਰਗਟਾਇਆ ਰੋਸ

02/26/2018 4:24:01 AM

ਸੁਲਤਾਨਪੁਰ ਲੋਧੀ,  (ਧੀਰ)-  ਇਕ ਪਾਸੇ ਅਧਿਆਪਕ ਆਪਣੀਆਂ ਤਨਖਾਹਾਂ ਲੈਣ ਨੂੰ ਤਰਸ ਰਹੇ ਹਨ ਤੇ ਦੂਜੇ ਪਾਸੇ ਹੁਣ ਪਾਵਰਕਾਮ ਵਿਭਾਗ ਨੇ ਸਕੂਲਾਂ ਪਾਸੋਂ ਦੁਬਾਰਾ ਬਿਜਲੀ ਦੇ ਬਿੱਲ ਵਸੂਲਣ ਲਈ ਸਕੂਲ ਮੁਖੀਆਂ ਨੂੰ ਭੇਜ ਦਿੱਤੇ ਹਨ, ਜਿਸ ਕਾਰਨ ਸਮੂਹ ਅਧਿਆਪਕ ਵਰਗ 'ਚ ਬੇਹੱਦ ਰੋਸ ਪਾਇਆ ਜਾ ਰਿਹਾ ਹੈ। 
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਾਸਟਰ ਕੇਡਰ ਯੂਨੀਅਨ ਦੇ ਮਾਸਟਰ ਟਰੇਸ ਕੋਹਲੀ, ਗੁਰਮੀਤ ਸਿੰਘ ਪੰਛੀ, ਸੁਖਦੇਵ ਸਿੰਘ ਸੰਧੂ, ਚਮਨ ਲਾਲ, ਗੋਪਾਲ ਪ੍ਰਭੂ ਤੇ ਹੋਰ ਅਧਿਆਪਕ ਆਗੂਆਂ ਨੇ ਕੀਤਾ। 
ਉਨ੍ਹਾਂ ਦੱਸਿਆ ਕਿ ਸਰਕਾਰੀ ਮਿਡਲ ਤੇ ਪ੍ਰਾਇਮਰੀ ਸਕੂਲਾਂ ਨੂੰ ਹੁਣ ਵਿਭਾਗ ਨੇ ਜ਼ਿਲਾ ਸਿੱਖਿਆ ਅਫਸਰਾਂ ਦੀ ਬਜਾਏ ਸਿੱਧੇ ਸਕੂਲਾਂ ਨੂੰ ਬਿੱਲ ਭੇਜ ਦਿੱਤੇ ਹਨ। ਇਸ ਕਾਰਨ ਉਨ੍ਹਾਂ ਬਿੱਲਾਂ ਨੂੰ ਸਕੂਲ ਮੁਖੀਆਂ ਵੱਲੋਂ ਅਦਾ ਕਰਨਾ ਬੇਹੱਦ ਮੁਸ਼ਕਲ ਹੈ ਕਿਉਂਕਿ ਇਨ੍ਹਾਂ ਸਕੂਲਾਂ ਨੂੰ ਸਰਕਾਰ ਜਾਂ ਵਿਭਾਗ ਵੱਲੋਂ ਬਿਜਲੀ ਦੇ ਬਿੱਲ ਭਰਨ ਲਈ ਕੋਈ ਗ੍ਰਾਂਟ ਨਹੀਂ ਆਉਂਦੀ ਤੇ ਨਾ ਹੀ ਕੋਈ ਅਜਿਹਾ ਫੰਡ ਹੁੰਦਾ ਹੈ, ਜਿਸ 'ਚੋਂ ਮਿਡਲ ਤੇ ਪ੍ਰਾਇਮਰੀ ਸਕੂਲ ਬਿਜਲੀ ਦੇ ਬਿੱਲ ਭਰ ਸਕਣ। 
ਉਨ੍ਹਾਂ ਕਿਹਾ ਕਿ ਇਸ ਨਾਲ ਸਕੂਲਾਂ 'ਚ ਨਵੀਂ ਮੁਸੀਬਤ ਖੜ੍ਹੀ ਹੋ ਜਾਵੇਗੀ ਕਿਉਂਕਿ ਹਰੇਕ ਸਕੂਲ 'ਚ ਬਿਜਲੀ ਦੇ ਉਪਕਰਨ ਕਾਫੀ ਮਾਤਰਾ 'ਚ ਲੱਗੇ ਹੋਏ ਹਨ ਤੇ ਜੇ ਸਕੂਲ ਵੱਲੋਂ ਨਿਰਧਾਰਿਤ ਤਰੀਕ 'ਤੇ ਬਿਜਲੀ ਦਾ ਬਿੱਲ ਭਰਿਆ ਨਹੀਂ ਗਿਆ ਤਾਂ ਇਹ ਸਕੂਲ ਹਨੇਰੇ 'ਚ ਡੁੱਬ ਜਾਣਗੇ। ਇਸ ਨਾਲ ਬੱਚਿਆਂ ਦੀ ਪੜ੍ਹਾਈ ਨੂੰ ਵੀ ਕਾਫੀ ਨੁਕਸਾਨ ਪੁੱਜੇਗਾ।
ਪਹਿਲਾਂ ਕੀ ਸਨ ਨਿਯਮ  
ਮਾਸਟਰ ਨਰੇਸ਼ ਕੋਹਲੀ ਨੇ ਦੱਸਿਆ ਕਿ ਪਿਛਲੇ ਸਾਲ ਅਕਤੂਬਰ ਮਹੀਨੇ ਤੋਂ ਕੋਈ ਵੀ ਬਿੱਲ ਸਕੂਲ ਮੁਖੀਆਂ ਨੂੰ ਨਹੀਂ ਸਨ ਆ ਰਹੇ ਕਿਉਂਕਿ ਪਹਿਲਾਂ ਬਿੱਲ ਸਿੱਧੇ ਰੂਪ 'ਚ ਡਿਪਾਰਟਮੈਂਟ ਕੋਲ ਜਾਂਦੇ ਸਨ ਤਾਂ ਉਹੀ ਬਿਜਲੀ ਦੇ ਬਿੱਲ ਭਰਦੇ ਸਨ। ਇਸ ਲਈ ਬਕਾਇਦਾ ਪਾਵਰਕਾਮ ਅਧਿਕਾਰੀ ਇਕ ਪਰਫਾਰਮਾ ਵੀ ਭਰਾ ਕੇ ਲੈ ਕੇ ਗਏ ਸਨ। ਉਨ੍ਹਾਂ ਦੱਸਿਆ ਕਿ ਇਕ ਸਕੂਲ ਦਾ ਬਿੱਲ ਕਰੀਬ 3 ਤੋਂ 4 ਹਜ਼ਾਰ ਰੁਪਏ ਦੇ ਕਰੀਬ ਆਉਂਦਾ ਹੈ, ਜੋ ਕਿ ਕੋਈ ਵੀ ਫੰਡ ਨਾ ਹੋਣ ਕਾਰਨ ਅਦਾ ਕਰਨਾ ਬਹੁਤ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਗ੍ਰਾਂਟ ਨਾ ਆਉਣ 'ਤੇ ਅਧਿਆਪਕ ਬਿਜਲੀ ਦੇ ਬਿੱਲ ਕਿਵੇਂ ਭਰਨਗੇ। ਉਨ੍ਹਾਂ ਦੱਸਿਆ ਕਿ ਪਾਵਰਕਾਮ ਵਿਭਾਗ ਨੇ ਕਈ ਸਕੂਲਾਂ ਦੇ ਕੁਨੈਕਸ਼ਨ ਵੀ ਕੱਟਣੇ ਸ਼ੁਰੂ ਕਰ ਦਿੱਤੇ ਹਨ।


Related News