ਵਿਦਿਆਰਥੀਆਂ ਦੀ ਤਕਦੀਰ ਬਦਲਣ ਵਿਚ ਮੋਹਰੀ ਭੂਮਿਕਾ ਨਿਭਾਉਣ ਅਧਿਆਪਕ : ਮੁੱਖ ਮੰਤਰੀ
Monday, Oct 04, 2021 - 06:05 PM (IST)
ਚੰਡੀਗੜ੍ਹ/ਮੋਹਾਲੀ (ਅਸ਼ਵਨੀ) : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅਧਿਆਪਕਾਂ ਨੂੰ ਸੱਦਾ ਦਿੱਤਾ ਕਿ ਉਹ ਵਿਦਿਆਰਥੀਆਂ ਦੀ ਤਕਦੀਰ ਬਦਲਣ ਵਿਚ ਰੋਲ ਮਾਡਲ ਬਣ ਕੇ ਮੋਹਰੀ ਭੂਮਿਕਾ ਨਿਭਾਉਣ ਤਾਂ ਜੋ ਬੱਚੇ ਸਮਾਜ ਦੇ ਆਦਰਸ਼ ਨਾਗਰਿਕ ਬਣ ਸਕਣ। ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਫੈੱਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ ਐਂਡ ਐਸੋਸੀਏਸ਼ਨਜ਼ ਆਫ਼ ਪੰਜਾਬ ਵਲੋਂ ਸ਼ਾਨਦਾਰ ਪ੍ਰਾਪਤੀਆਂ ਵਾਲੇ ਅਧਿਆਪਕਾਂ ਨੂੰ ਰਾਸ਼ਟਰੀ ਪੁਰਸਕਾਰਾਂ ਨਾਲ ਸਨਮਾਨਿਤ ਕਰਨ ਸਬੰਧੀ ਕਰਵਾਏ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਚੰਨੀ ਨੇ ਕਿਹਾ ਕਿ ਅਧਿਆਪਨ ਇਕ ਉੱਤਮ ਪੇਸ਼ਾ ਹੈ ਅਤੇ ਅਸੀਂ ਸਾਰੇ ਅਧਿਆਪਕ ਭਾਈਚਾਰੇ ਵਲੋਂ ਰਾਸ਼ਟਰ ਨਿਰਮਾਣ ਲਈ ਨਿਭਾਈਆਂ ਜਾਂਦੀਆਂ ਵਧੀਆ ਸੇਵਾਵਾਂ ਲਈ ਉਨ੍ਹਾਂ ਦੇ ਰਿਣੀ ਹਾਂ। ਚੰਨੀ ਨੇ ਵਿੱਦਿਅਕ ਸੰਸਥਾਵਾਂ ਨੂੰ ਧਾਰਮਿਕ ਅਸਥਾਨਾਂ ਵਾਂਗ ਦੱਸਦਿਆਂ ਆਪਣੇ ਜੱਦੀ ਪਿੰਡ ਭਜੌਲੀ ਵਿਚ ਆਪਣੇ ਸਕੂਲ ਦੇ ਦਿਨਾਂ ਨੂੰ ਯਾਦ ਕੀਤਾ ਅਤੇ ਕਿਹਾ, “ਮੈਂ ਅੱਜ ਜੋ ਵੀ ਹਾਂ, ਮੇਰੇ ਸਕੂਲ ਦੇ ਅਧਿਆਪਕਾਂ ਦੀ ਬਦੌਲਤ ਹਾਂ।“ ਅਧਿਆਪਕਾਂ ਨੂੰ ਮਾਵਾਂ ਦੇ ਤੁਲ ਦੱਸਦਿਆਂ ਮੁੱਖ ਮੰਤਰੀ ਨੇ ਅਧਿਆਪਕਾਂ ਨੂੰ ਵਿਦਿਆਰਥੀਆਂ ਨੂੰ ਗਿਆਨ ਵੰਡਣ ਲਈ ਜੀਅ ਤੋੜ ਮਿਹਨਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਵਿਦਿਆਰਥੀਆਂ ’ਚ ਨੈਤਿਕ ਕਦਰਾਂ ਕੀਮਤਾਂ ਪੈਦਾ ਕਰਨ ’ਚ ਅਧਿਆਪਕਾਂ ਦੀ ਭੂਮਿਕਾ ਨੂੰ ਸਭ ਤੋਂ ਮਹੱਤਵਪੂਰਨ ਦੱਸਦਿਆਂ ਭਰੋਸਾ ਦਿੱਤਾ ਕਿ ਅਧਿਆਪਕਾਂ ਲਈ ਉਨ੍ਹਾਂ ਦੇ ਫਰਜ਼ ਦੇ ਨਿਰਵਾਹ ਵਾਸਤੇ ਹੋਰ ਸੁਖਾਵਾਂ ਮਾਹੌਲ ਸਿਰਜਿਆ ਜਾਵੇਗਾ। ਉਨ੍ਹਾਂ ਸਮੁੱਚੀ ਸਿੱਖਿਆ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਦੀ ਜਰੂਰਤ ’ਤੇ ਜ਼ੋਰ ਦਿੱਤਾ, ਜੋ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਬਰਾਬਰ ਲਾਭਦਾਇਕ ਸਿੱਧ ਹੋਵੇ।
ਇਹ ਵੀ ਪੜ੍ਹੋ : ਕਿਸਾਨੀ ਸੰਕਟ ਸਬੰਧੀ ਮੁੱਖ ਮੰਤਰੀ ਚੰਨੀ ਤੁਰੰਤ ਬੁਲਾਉਣ ਸਰਬ ਪਾਰਟੀ ਬੈਠਕ : ਭਗਵੰਤ ਮਾਨ
ਚੰਨੀ ਨੇ ਵਿਦਿਆਰਥੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀ ਪੜ੍ਹਾਈ ਲਈ ਆਪਣੇ ਸਮੇਂ ਦੇ ਹਰ ਪਲ ਦੀ ਸੁਚੱਜੀ ਵਰਤੋਂ ਕਰਨ। ਵਿਦਿਆਰਥੀਆਂ ਨੂੰ ਇਕ ਟੀਚਾ ਮਿੱਥਣ ਅਤੇ ਇਸ ਨੂੰ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਕਰਨ ਲਈ ਉਤਸ਼ਾਹਿਤ ਕਰਦਿਆਂ ਉਨ੍ਹਾਂ ਵਿਦਿਆਰਥੀਆਂ ਨੂੰ ਸਮਾਂ ਪ੍ਰਬੰਧਨ ਦੇ ਹੁਨਰ ਨੂੰ ਨਿਖਾਰਨ ਦੀ ਜਰੂਰਤ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀ ਆਪਣੇ ਸਾਥੀਆਂ ਪ੍ਰਤੀ ਹਮਦਰਦੀ ਵਾਲਾ ਰਵੱਈਆ ਅਪਣਾਉਣ ਅਤੇ ਟੀਮ ਰੂਪ ਵਿਚ ਇਕੱਠੇ ਅੱਗੇ ਵਧਣ। ਇਸ ਦੌਰਾਨ ਮੁੱਖ ਮੰਤਰੀ ਨੇ ਐਸੋਸੀਏਸ਼ਨ ਦਾ ਲੋਗੋ ਵੀ ਲਾਂਚ ਕੀਤਾ। ਸਮਾਗਮ ਦੌਰਾਨ ਮੁੱਖ ਮੰਤਰੀ ਨੇ ਸਰਬੋਤਮ ਪ੍ਰਾਪਤੀਆਂ ਵਾਲੇ ਅਧਿਆਪਕਾਂ ਨੂੰ ਪੁਰਸਕਾਰ ਦਿੱਤੇ, ਜਿਨ੍ਹਾਂ ਵਿਚ ਰਜਿੰਦਰ ਸ਼ਰਮਾ ਐੱਸ.ਐੱਮ.ਡੀ.ਆਰ. ਐੱਸ.ਡੀ. ਸਕੂਲ ਪਠਾਨਕੋਟ, ਮਹਿਕ ਦੂਨ ਇੰਟਰਨੈਸ਼ਨਲ ਸਕੂਲ, ਅਰਸ਼ਪਾਲ ਕੌਰ ਦੁਆਬਾ ਮਾਡਲ ਹਾਈ ਸਕੂਲ, ਪ੍ਰੀਤੀ ਮਾਊਂਟ ਕਾਰਮਲ ਸਕੂਲ, ਪਰਮਜੀਤ ਕੌਰ ਦਿਸ਼ਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਲਖਵਿੰਦਰ ਇੰਟਰਨੈਸਨਲ ਫ਼ਤਹਿ ਅਕੈਡਮੀ, ਦਲਜੀਤ ਕੌਰ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਰਾਜਿੰਦਰ ਪਾਲ ਕੌਰ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਪੂਨਮ ਸ਼ਰਮਾ ਮਾਊਂਟ ਲਿਟੇਰਾ ਜੀ ਸਕੂਲ, ਰਾਜਵੀਰ ਕੌਰ ਸਿੱਖ ਹੈਰੀਟੇਜ ਮਾਡਲ ਹਾਈ ਸਕੂਲ ਸ਼ਾਮਲ ਹਨ। ਉਨ੍ਹਾਂ ਨੇ ਜਸਵੰਤ ਕੌਰ ਦੇਵਗਨ ਨੂੰ ਪੰਜਾਬ ਵਿਚ ਉਨ੍ਹਾਂ ਦੇ ਸ਼ਲਾਘਾਯੋਗ ਸਮਾਜਕ ਕਾਰਜਾਂ ਲਈ “ਪੰਜਾਬ ਦਾ ਮਾਣ ਐਵਾਰਡ’’ ਨਾਲ ਨਿਵਾਜਿਆ। ਇਸ ਤੋਂ ਪਹਿਲਾਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਅਤੇ ਐੱਫ਼.ਏ.ਪੀ. ਦੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਸਮਾਗਮ ਦੌਰਾਨ ਅਦਾਕਾਰ ਅਤੇ ਕਾਮੇਡੀਅਨ ਗੁਰਪ੍ਰੀਤ ਸਿੰਘ ਘੁੱਗੀ, ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਅਤੇ ਐੱਸ.ਐੱਸ.ਪੀ. ਸਤਿੰਦਰ ਸਿੰਘ ਵੀ ਮੌਜੂਦ ਰਹੇ।
ਇਹ ਵੀ ਪੜ੍ਹੋ : ਪਵਨ ਕੁਮਾਰ ਟੀਨੂੰ ਦੇ ਮੁੱਖ ਮੰਤਰੀ ਚੰਨੀ ’ਤੇ ਸਿਆਸੀ ਹਮਲੇ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ