ਪੰਜ ਤੱਤਾਂ ''ਚ ਵਿਲੀਨ ਹੋਏ ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ, ਸਰਕਾਰੀ ਸਨਮਾਨਾਂ ਨਾਲ ਹੋਇਆ ਸਸਕਾਰ
Thursday, Sep 10, 2026 - 07:46 PM (IST)
ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਪੰਜ ਤੱਤਾਂ ਵਿਚ ਵਿਲੀਨ ਹੋ ਗਏ ਹਨ। ਭਗਤ ਚੁੰਨੀ ਲਾਲ ਦਾ ਅੰਤਿਮ ਸੰਸਕਾਰ ਅੱਜ ਸ਼ਾਮ ਬਸਤੀ ਸ਼ੇਖ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੂੰ ਸਾਬਕਾ ਮੰਤਰੀ ਅਤੇ ਭਾਜਪਾ ਆਗੂ ਮਨੋਰੰਜਨ ਕਾਲੀਆ, ਸ਼ੀਤਲ ਅੰਗੂਰਾਲ, ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਸਮੇਤ ਕਈ ਸਿਆਸੀ ਆਗੂ ਅਤੇ ਸਮਾਜਿਕ ਹਸਤੀਆਂ ਨੇ ਪਹੁੰਚ ਕੇ ਅੰਤਿਮ ਵਿਦਾਈ ਦਿੱਤੀ ਅਤੇ ਮੋਹਿੰਦਰ ਭਗਤ ਦੇ ਪਰਿਵਾਰ ਨਾਲ ਦੁੱਖ਼ ਸਾਂਝਾ ਕੀਤਾ।

ਇਥੇ ਇਹ ਵੀ ਦੱਸ ਦੇਈਏ ਕਿ ਭਗਤ ਪਰਿਵਾਰ ਨੂੰ ਇਕ ਹੋਰ ਡੂੰਘਾ ਸਦਮਾ ਲੱਗਾ ਹੈ। ਭਗਤ ਚੁੰਨੀ ਲਾਲ ਦੇ ਦਿਹਾਂਤ ਮਗਰੋਂ ਦੁਪਹਿਰ ਬਾਅਦ ਉਨ੍ਹਾਂ ਦੇ ਜਵਾਈ ਮੋਹਨ ਲਾਲ ਭਗਤ ਦਾ ਵੀ ਦਿਹਾਂਤ ਹੋ ਗਿਆ। ਇਕ ਹੀ ਦਿਨ ਪਰਿਵਾਰ ਵਿਚ ਦੋ ਮੌਤਾਂ ਦੀ ਖ਼ਬਰ ਨਾਲ ਪੂਰੇ ਪਰਿਵਾਰ ਅਤੇ ਰਿਸ਼ਤੇਦਾਰਾਂ ਵਿਚ ਸੋਗ ਦੀ ਲਹਿਰ ਦੌੜ ਪਈ ਹੈ।
ਇਹ ਵੀ ਪੜ੍ਹੋ: ਸਾਬਕਾ ਮੰਤਰੀ ਭਗਤ ਚੁੰਨੀ ਲਾਲ ਦੇ ਦਿਹਾਂਤ ਤੋਂ ਬਾਅਦ ਜਵਾਈ ਦੀ ਵੀ ਮੌਤ

ਦੱਸਿਆ ਜਾ ਰਿਹਾ ਹੈ ਕਿ ਮੋਹਨ ਲਾਲ ਭਗਤ ਨੂੰ ਕੁਝ ਦਿਨ ਪਹਿਲਾਂ ਬ੍ਰੇਨ ਹੇਮਰੇਜ ਹੋਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਸੀ। ਬ੍ਰੇਨ ਹੇਮਰੇਜ ਦੇ ਬਾਅਦ ਉਹ ਕੋਮਾ ਵਿਚ ਚਲੇ ਗਏ ਸਨ ਅਤੇ ਉਨ੍ਹਾਂ ਨੇ ਦਮ ਤੋੜ ਦਿੱਤਾ। ਮੋਹਨ ਲਾਲ ਭਗਤ ਜਲੰਧਰ ਦੇ ਦਿਲਬਾਗ ਨਗਰ ਦੇ ਰਹਿਣ ਵਾਲੇ ਸਨ ਅਤੇ ਸਿੰਚਾਈ ਵਿਭਾਗ ਤੋਂ ਸੇਵਾ ਮੁਕਤ ਹੋਏ ਸਨ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੇ ਮੰਤਰੀ ਮੋਹਿੰਦਰ ਭਗਤ ਦੇ ਪਿਤਾ ਅਤੇ ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਦਾ ਵੀਰਵਾਰ ਸਵੇਰੇ ਦਿਹਾਂਤ ਹੋ ਗਿਆ। ਉਨ੍ਹਾਂ ਨੇ 93 ਸਾਲ ਦੀ ਉਮਰ 'ਚ ਜਲੰਧਰ ਦੇ ਬਸਤੀ ਇਲਾਕੇ ਸਥਿਤ ਆਪਣੇ ਨਿਵਾਸ 'ਤੇ ਆਖਰੀ ਸਾਹ ਲਿਆ।

ਇਹ ਵੀ ਪੜ੍ਹੋ: ਜਲੰਧਰ ਬੰਦ ਦੌਰਾਨ ਬਾਜ਼ਾਰ-ਦੁਕਾਨਾਂ ਪੂਰੀ ਤਰ੍ਹਾਂ ਬੰਦ, ਸੜਕਾਂ 'ਤੇ ਸੰਨਾਟਾ, ਤਸਵੀਰਾਂ 'ਚ ਵੇਖੋ ਤਾਜ਼ਾ ਹਾਲਾਤ
ਸਿਆਲਕੋਟ 'ਚ ਹੋਇਆ ਸੀ ਭਗਤ ਚੁੰਨੀ ਲਾਲ ਦਾ ਜਨਮ
ਭਗਤ ਚੁੰਨੀ ਲਾਲ ਦਾ ਜਨਮ 1 ਦਸੰਬਰ 1932 ਨੂੰ ਪਾਕਿਸਤਾਨ ਵਿਚ ਸਥਿਤ ਸਿਆਲਕੋਟ ਵਿਚ ਹੋਇਆ ਸੀ। ਭਾਰਤ-ਪਾਕਿਸਤਾਨ ਵੰਡ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਜਲੰਧਰ ਆ ਕੇ ਵੱਸ ਗਿਆ ਸੀ। ਉਨ੍ਹਾਂ ਨੇ ਸਪੋਰਟਸ ਗੁਡਜ਼ ਦੇ ਨਿਰਯਾਤ ਦਾ ਕਾਰੋਬਾਰ ਵੀ ਕੀਤਾ। ਉਨ੍ਹਾਂ ਦੇ 4 ਪੁੱਤਰ ਤੇ 4 ਧੀਆਂ ਹਨ। ਜਲੰਧਰ ਪੱਛਮੀ ਹਲਕੇ ਦੀ ਰਾਜਨੀਤੀ 'ਚ ਭਗਤ ਚੁੰਨੀ ਲਾਲ ਲੰਬੇ ਸਮੇਂ ਤੱਕ ਇਕ ਪ੍ਰਮੁੱਖ ਚਿਹਰਾ ਰਹੇ।

ਪਹਿਲੀ ਵਾਰ 1985 ‘ਚ ਲੜੀ ਸੀ ਚੋਣ
ਭਗਤ ਚੁੰਨੀ ਲਾਲ ਨੇ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ 1985 ‘ਚ ਕੀਤੀ। ਉਨ੍ਹਾਂ ਨੇ ਜਲੰਧਰ ਦੱਖਣੀ ਵਿਧਾਨ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ ਪਰ ਇਸ ਚੋਣ ਵਿੱਚ ਉਨ੍ਹਾਂ ਨੂੰ ਸਫ਼ਲਤਾ ਨਹੀਂ ਮਿਲੀ। ਇਸ ਤੋਂ ਬਾਅਦ ਉਹ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਗਏ। 1997 'ਚ ਉਨ੍ਹਾਂ ਨੇ ਜਲੰਧਰ ਦੱਖਣੀ ਹਲਕੇ ਤੋਂ ਭਾਜਪਾ ਦੀ ਟਿਕਟ ’ਤੇ ਪਹਿਲੀ ਵਾਰ ਵਿਧਾਨ ਸਭਾ ਚੋਣ ਜਿੱਤੀ ਅਤੇ ਪੰਜਾਬ ਵਿਧਾਨ ਸਭਾ ਵਿੱਚ ਪਹੁੰਚੇ।

2007 'ਚ ਉਹ ਇਸੇ ਹਲਕੇ ਤੋਂ ਦੂਜੀ ਵਾਰ ਵਿਧਾਇਕ ਚੁਣੇ ਗਏ ਸਨ। ਬਾਅਦ ‘ਚ ਵਿਧਾਨ ਸਭਾ ਹਲਕਿਆਂ ਦੀ ਹੱਦਬੰਦੀ ਤੋਂ ਬਾਅਦ ਜਲੰਧਰ ਦੱਖਣੀ ਹਲਕੇ ਦਾ ਨਾਮ ਜਲੰਧਰ ਪੱਛਮੀ ਕਰ ਦਿੱਤਾ ਗਿਆ। 2012 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ‘ਚ ਉਨ੍ਹਾਂ ਨੇ ਭਾਜਪਾ ਉਮੀਦਵਾਰ ਵਜੋਂ ਜਲੰਧਰ ਪੱਛਮੀ ਤੋਂ ਚੋਣ ਲੜੀ ਤੇ ਜਿੱਤ ਦਰਜ ਕੀਤੀ।

ਇਹ ਵੀ ਪੜ੍ਹੋ: Weather ਅਪਡੇਟ: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਪਵੇਗਾ ਮੀਂਹ, 13 ਤਾਰੀਖ਼ ਤੱਕ ਹੋਈ ਵੱਡੀ ਭਵਿੱਖਬਾਣੀ
ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਵੀ ਰਹੇ
ਭਗਤ ਚੁੰਨੀ ਲਾਲ ਨੇ ਆਪਣੇ ਲੰਬੇ ਸਿਆਸੀ ਸਫ਼ਰ ਦੌਰਾਨ ਕਈ ਅਹਿਮ ਅਹੁਦਿਆਂ ‘ਤੇ ਸੇਵਾਵਾਂ ਨਿਭਾਈਆਂ। 2011 ‘ਚ ਸਤਪਾਲ ਗੋਸਾਈਂ ਦੇ ਅਸਤੀਫ਼ੇ ਤੋਂ ਬਾਅਦ ਉਨ੍ਹਾਂ ਨੂੰ ਪੰਜਾਬ ਵਿਧਾਨ ਸਭਾ ਦਾ ਡਿਪਟੀ ਸਪੀਕਰ ਚੁਣਿਆ ਗਿਆ। 2012 ਤੋਂ 2017 ਤੱਕ ਉਹ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਪੰਜਾਬ ਸਰਕਾਰ ‘ਚ ਕੈਬਨਿਟ ਮੰਤਰੀ ਵੀ ਰਹੇ। ਇਸ ਦੌਰਾਨ ਉਨ੍ਹਾਂ ਕੋਲ ਸਥਾਨਕ ਸਰਕਾਰਾਂ, ਮੈਡੀਕਲ ਸਿੱਖਿਆ ਤੇ ਖੋਜ, ਕਿਰਤ ਤੇ ਜੰਗਲਾਤ ਤੇ ਜੰਗਲੀ ਜੀਵ ਵਿਭਾਗ ਵਰਗੇ ਮਹੱਤਵਪੂਰਨ ਵਿਭਾਗਾਂ ਦੀ ਜ਼ਿੰਮੇਵਾਰੀ ਰਹੀ।

ਇਸ ਤੋਂ ਇਲਾਵਾ 2012 ਤੋਂ 2017 ਤੱਕ ਉਹ ਪੰਜਾਬ ਵਿਧਾਨ ਸਭਾ ‘ਚ ਭਾਜਪਾ ਵਿਧਾਇਕ ਦਲ ਦੇ ਆਗੂ ਵੀ ਰਹੇ। ਸਾਲ 2017 'ਚ ਉਨ੍ਹਾਂ ਨੇ ਵਿਧਾਨ ਸਭਾ ਚੋਣ ਨਾ ਲੜਨ ਤੇ ਸਰਗਰਮ ਰਾਜਨੀਤੀ ਤੋਂ ਸੰਨਿਆਸ ਲੈਣ ਦਾ ਫ਼ੈਸਲਾ ਕੀਤਾ ਸੀ। ਭਗਤ ਚੁੰਨੀ ਲਾਲ ਦੇ ਦਿਹਾਂਤ ਨਾਲ ਪੰਜਾਬ ਦੀ ਸਿਆਸਤ 'ਚ ਸੋਗ ਦੀ ਲਹਿਰ ਦੌੜ ਪਈ ਹੈ।




ਇਹ ਵੀ ਪੜ੍ਹੋ: ਜਲੰਧਰ 'ਚ ਵੱਡਾ ਹਾਦਸਾ! ਭੈਣ ਨੂੰ ਸਕੂਲ ਛੱਡਣ ਜਾ ਰਹੇ ਭਰਾ ਦੀ ਦਰਦਨਾਕ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
