ਅਧਿਆਪਕ ਤੇ ਮਾਪੇ ਸ਼ਸ਼ੋਪੰਜ ’ਚ : ਕੀ ਕੈਪਟਨ ਸਰਕਾਰ 1 ਅਪ੍ਰੈਲ ਨੂੰ ਖੋਲ੍ਹੇਗੀ ਸਕੂਲ ?

Wednesday, Mar 31, 2021 - 11:29 AM (IST)

ਅਧਿਆਪਕ ਤੇ ਮਾਪੇ ਸ਼ਸ਼ੋਪੰਜ ’ਚ : ਕੀ ਕੈਪਟਨ ਸਰਕਾਰ 1 ਅਪ੍ਰੈਲ ਨੂੰ ਖੋਲ੍ਹੇਗੀ ਸਕੂਲ ?

ਰਮਦਾਸ (ਸਾਰੰਗਲ) - ਕੋਵਿਡ-19 ਮਹਾਮਾਰੀ ਜਿਸ ਨੂੰ ਦੂਜੀ ਲਹਿਰ ਵੀ ਕਿਹਾ ਜਾ ਰਿਹਾ ਹੈ, ਦਾ ਸਟ੍ਰੇਨ ਬਹੁਤ ਜ਼ਿਆਦਾ ਖ਼ਤਰਨਾਕ ਸਾਬਤ ਹੋਣ ਦੇ ਇਰਾਦੇ ਨਾਲ ਪਿਛਲੇ ਦਿਨੀਂ ਕੈਪਟਨ ਸਰਕਾਰ ਨੇ ਸਕੂਲ ਬੰਦ ਕਰਵਾ ਦਿੱਤੇ ਸਨ। ਹੁਣ 31 ਮਾਰਚ ਤੱਕ ਸਕੂਲ ਬੰਦ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ 1 ਅਪ੍ਰੈਲ ਨੂੰ ਕੈਪਟਨ ਸਰਕਾਰ ਵਲੋਂ ਸਕੂਲ ਖੋਲ੍ਹੇ ਜਾਣ ਨੂੰ ਲੈ ਕੇ ਸਕੂਲ ਮੈਨੇਜਮੈਂਟ, ਅਧਿਆਪਕ ਤੇ ਮਾਪੇ ਇਸ ਵੇਲੇ ਸ਼ਸੋਪੰਜ ਵਿਚ ਹਨ ਕਿ ਕੀ 1 ਅਪ੍ਰੈਲ ਨੂੰ ਸਕੂਲ ਖੁੱਲ੍ਹਣਗੇ ਜਾਂ ਨਹੀਂ? ਇਸ ਸਸਪੈਂਸ ਤੋਂ ਹੁਣ ਕੈਪਟਨ ਅਮਰਿੰਦਰ ਸਿੰਘ ਵਲੋਂ ਹੀ ਪਰਦਾ ਚੁੱਕਿਆ ਜਾਣਾ ਬਾਕੀ ਹੈ।

ਇਥੇ ਇਹ ਜ਼ਿਕਰ ਕਰਨਾ ਬਣਦਾ ਹੈ ਕਿ ਅਜੇ ਪਿਛਲੇ ਸਾਲ 2020 ਵਿਚ ਕੋਵਿਡ-19 ਨੇ ਜਿਥੇ ਪੰਜਾਬ ਵਿਚ ਵੱਡੇ ਪੱਧਰ ’ਤੇ ਪਸਾਰਨ ਤੋਂ ਬਾਅਦ ਵੱਡੀ ਗਿਣਤੀ ਵਿਚ ਲੋਕਾਂ ਨੂੰ ਮੌਤ ਦੇ ਮੂੰਹ ਵਿਚ ਧੱਕ ਦਿੱਤਾ ਸੀ, ਉੱਥੇ ਹੀ 2020 ਦੇ ਅੰਤ ਵਿਚ ਕੁਝ ਹੱਦ ਤੱਕ ਕੋਰੋਨੇ ਦਾ ਕਹਿਰ ਘਟਣ ਤੋਂ ਬਾਅਦ ਚਾਹੇ ਜਨਤਾ ਨੇ ਸੁੱਖ ਦਾ ਸਾਹ ਲੈ ਲਿਆ। ਇਸਦੇ ਬਾਵਜੂਦ ਹੁਣ ਦੁਬਾਰਾ ਕੋਰੋਨਾ ਦੀ ਦੂਜੀ ਲਹਿਰ ਪੰਜਾਬ ਵਿਚ ਆਉਣ ਨਾਲ ਜਿਥੇ ਸਰਕਾਰਾਂ ਅਤੇ ਪ੍ਰਸ਼ਾਸਨ ਇਸ ਨੂੰ ਪਹਿਲੇ ਨਾਲੋਂ ਜ਼ਿਆਦਾ ਖਤਰਨਾਕ ਦੱਸ ਰਹੇ ਹਨ, ਉੱਥੇ ਲੋਕਾਂ ਨੂੰ ਵਾਰ-ਵਾਰ ਮੀਡੀਆ ਰਾਹੀਂ ਅਪੀਲਾਂ ਅਤੇ ਦਲੀਲਾਂ ਦੇ ਕੇ ਸਿਹਤ ਵਿਭਾਗ ਵਲੋਂ ਜਾਰੀ ਸਾਵਧਾਨੀਆਂ ਨੂੰ ਵਰਤਣ ਲਈ ਆਖਿਆ ਜਾ ਰਿਹਾ ਹੈ। 

ਦੂਜੇ ਪਾਸੇ ਜੇਕਰ ਸਕੂਲਾਂ ਦੀ ਗੱਲ ਕਰੀਏ ਤਾਂ ਸੁਣਨ ਵਿਚ ਆਇਆ ਹੈ ਕਿ ਬੱਚਿਆਂ ਦੇ ਮਾਪੇ ਅਤੇ ਅਧਿਆਪਕ ਵਾਰ-ਵਾਰ ਇਹੀ ਦੁਹਰਾਉਂਦੇ ਹੋਏ ਪੰਜਾਬ ਦੀ ਮੌਜੂਦਾ ਕੈਪਟਨ ਸਰਕਾਰ ਦੇ ਸਕੂਲ ਬੰਦ ਕਰਨ ਦੇ ਜਾਰੀ ਕੀਤੇ ਆਦੇਸ਼ਾਂ ਦਾ ਜ਼ੋਰਦਾਰ ਵਿਰੋਧ ਕਰ ਰਹੇ ਹਨ ਅਤੇ ਸਕੂਲ ਖੋਲ੍ਹਣ ਦੀ ਮੰਗ ਨੂੰ ਨਿਰੰਤਰ ਜਾਰੀ ਰੱਖੇ ਹੋਏ ਹਨ। ਇਸ ਦੌਰਾਨ ਅਧਿਆਪਕ ਤੇ ਮਾਪੇ ਇਹ ਵੀ ਕਹਿੰਦੇ ਸੁਣ ਗਏ ਹਨ ਕਿ ਕੈਪਟਨ ਸਾਹਿਬ! ਸਾਰੇ ਦਾ ਸਾਰਾ ਕੋਰੋਨਾ ਸਕੂਲਾਂ ਵਿਚ ਆ ਕੇ ਵੜ ਗਿਆ ਹੈ, ਜਿਥੇ ਬੱਚੇ ਸੋਸ਼ਲ ਡਿਸਟੈਂਸਿੰਗ ਨਾਲ ਪੜ੍ਹਾਈ ਕਰ ਰਹੇ ਸਨ। ਰੈਲੀਆਂ ਆਦਿ ਜਿਥੇ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਦਾ ਇਕੱਠ ਹੁੰਦਾ ਹੈ, ਉੱਥੇ ਕੋਰੋਨੇ ਦਾ ਪ੍ਰਭਾਵ ਬਿਲਕੁਲ ਖ਼ਤਮ ਹੋ ਗਿਆ ਜਾਂ ਫਿਰ ਕੋਰੋਨਾ ਇਹ ਕਹਿ ਰਿਹਾ ਹੈ ਕਿ ਤੁਸੀਂ ਰੈਲੀਆਂ ਆਦਿ ਕਰਵਾ ਲਓ, ਮੈਂ ਬਾਅਦ ਵਿਚ ਆ ਜਾਵਾਂਗਾ।

ਸਰਕਾਰ ਜੀ! ਤੁਹਾਡੇ ਧਿਆਨ ਹਿੱਤ ਇਹ ਗੱਲ ਵੀ ਲਿਆਉਣੀ ਲਾਜ਼ਮੀ ਬਣ ਗਈ ਹੈ ਕਿ ਪਿਛਲੇ ਸਮੇਂ ਦੌਰਾਨ ਬੱਚਿਆਂ ਨੂੰ ਚਾਹੇ ਆਨਲਾਈਨ ਪੜ੍ਹਾਈ ਕਰਵਾਈ ਗਈ ਸੀ ਪਰ ਇਸਦੇ ਬਾਵਜੂਦ ਬੱਚਿਆਂ ਵਿਚ ਨਲਾਇਕਪਣ ਪੈਦਾ ਹੋ ਗਿਆ ਹੈ, ਜਦਕਿ ਸਕੂਲਾਂ ਵਿਚ ਪੜ੍ਹਾਈ ਅਤੇ ਆਨਲਾਈਨ ਪੜ੍ਹਾਈ ਕਰਵਾਉਣ ਵਿਚ ਬਹੁਤ ਜ਼ਿਆਦਾ ਅੰਤਰ ਹੈ। ਇਸ ਲਈ ਬੱਚਿਆਂ ਦੇ ਭਵਿੱਖ ਨੂੰ ਸੁਨਹਿਰੀ ਬਣਾਉਣ ਦੀ ਥਾਂ ਸਰਕਾਰ ਜੀ! ਇਸ ਨੂੰ ਧੁੰਦਲਾ ਨਾ ਕੀਤਾ ਜਾਵੇ ਅਤੇ ਬੱਚਿਆਂ ਦੇ ਮਾਪਿਆਂ ਅਤੇ ਸਕੂਲਾਂ ’ਤੇ ਤਰਸ ਕਰਦੇ ਹੋਏ ਸਕੂਲ ਖੋਲ੍ਹਣ ਦੇ ਆਦੇਸ਼ ਜਾਰੀ ਕੀਤੇ ਜਾਣ, ਕਿਉਂਕਿ ਪੰਜਾਬ ਵਿਚ ਕਈ ਜਗ੍ਹਾ ਤੁਹਾਡੇ ਵਲੋਂ ਜਾਰੀ ਕੀਤੇ ਸਕੂਲ ਬੰਦ ਦੇ ਆਦੇਸ਼ਾਂ ਦੀ ਵਿਰੋਧਤਾ ਹੋ ਰਹੀ ਹੈ। ਇਸ 31 ਮਾਰਚ ਤੋਂ ਬਾਅਦ ਸਕੂਲਾਂ ਵਿਚ ਖੋਲ੍ਹ ਦਿੱਤਾ ਜਾਵੇ, ਕਿਉਂਕਿ ਸੰਗਰੂਰ ਜ਼ਿਲ੍ਹੇ ਵਿਚ ਮਾਪਿਆਂ ਤੇ ਅਧਿਆਪਕਾਂ ਵਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਵਿਚ ਸਹਿਜੇ ਕਿਹਾ ਜਾ ਰਿਹਾ ਹੈ ਕਿ ਜੇਕਰ ਤੁਸੀਂ ਸਕੂਲ ਨਹੀਂ ਖੋਲ੍ਹੋਗੇ ਤਾਂ ਅਸੀਂ ਖੁਦ ਹੀ ਸਕੂਲ ਖੋਲ੍ਹ ਲਵਾਂਗੇ।

ਜੇਕਰ ਦੇਖਿਆ ਜਾਵੇ ਤਾਂ ਪੰਜਾਬ ਸਰਕਾਰ ਨੇ ਬੱਚਿਆਂ ਦੀ ਜਾਨ ਨੂੰ ਜੋਖ਼ਮ ਨਾ ਪਾਉਣ ਦੇ ਇਰਾਦੇ ਸਕੂਲ ਬੰਦ ਕੀਤੇ ਹਨ। ਸਕੂਲ ਵਾਲਿਆਂ ਤੇ ਮਾਪਿਆਂ ਵਲੋਂ ਕੀਤੀ ਜਾ ਰਹੀ ਕਾਹਲੀ ਦੇ ਮੱਦੇਨਜ਼ਰ ਜੇਕਰ ਪੰਜਾਬ ਸਰਕਾਰ 1 ਅਪ੍ਰੈਲ ਨੂੰ ਸਕੂਲ ਖੋਲ੍ਹ ਦਿੰਦੀ ਹੈ ਤਾਂ ਉਸ ਦਰਮਿਆਨ ਕਿਸੇ ਵੀ ਸਕੂਲੀ ਬੱਚੇ ਜਾਂ ਅਧਿਆਪਕ ਨੂੰ ਕੋਰੋਨਾ ਹੋ ਜਾਵੇਗਾ ਤਾਂ ਇਸ ਦੀ ਸਿੱਧੀ ਜ਼ਿੰਮੇਵਾਰੀ ਸਕੂਲ ’ਤੇ ਆ ਜਾਣੀ ਹੈ। ਇਸ ਲਈ ਹੁਣ ਇਹ ਦੇਖਣਾ ਹੋਵੇਗਾ ਕਿ 31 ਮਾਰਚ ਤੋਂ ਬਾਅਦ ਆਉਣ ਵਾਲੇ 1 ਅਪ੍ਰੈਲ ਨੂੰ ਸਰਕਾਰ ਸਕੂਲਾਂ ਨੂੰ ਲੈ ਕੇ ਕੋਈ ਨਵਾਂ ਫਰਮਾਨ ਜਾਰੀ ਕਰਦੀ ਹੈ ਜਾਂ ਫਿਰ ਸਕੂਲ ਖੋਲ੍ਹਦੀ ਹੈ? ਇਹ ਤਾਂ ਹੁਣ 1 ਤਾਰੀਕ ਹੀ ਦੱਸੇਗੀ।


author

rajwinder kaur

Content Editor

Related News