ਅਧਿਆਪਕ ਦਿਵਸ ਤੇ ਵਿਸ਼ੇਸ਼, ਬਹੁਤ ਗੂੜਾ ਹੈ ਅਧਿਆਪਕ 'ਤੇ ਵਿਦਿਆਰਥੀ ਦਾ ਰਿਸ਼ਤਾ

09/05/2019 9:56:14 AM

ਮੋਗਾ (ਗੋਪੀ ਰਾਊਕੇ) : ਦੇਸ਼ ਦੇ ਰਾਸ਼ਟਰਪਤੀ ਰਹੇ ਡਾ. ਰਾਧਾ ਕ੍ਰਿਸ਼ਨ ਦਾ ਜਨਮ 5 ਸਤੰਬਰ ਨੂੰ ਪੂਰੇ ਦੇਸ਼ 'ਚ ਅਧਿਆਪਕ ਦਿਵਸ ਦੇ ਤੌਰ 'ਤੇ ਹਰ ਸਾਲ ਪੂਰੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਕਿਉਂਕਿ ਉਹ ਇਕ ਕੁਸ਼ਲ ਸਿੱਖਿਆ ਪ੍ਰਬੰਧਕ ਸਨ। ਇਸ ਦਿਨ ਪੰਜਾਬ ਦੇ ਰਾਜ ਅਤੇ ਨੈਸ਼ਨਲ ਪੱਧਰ ਤੱਕ ਪ੍ਰਾਪਤੀਆਂ ਕਰਨ ਵਾਲੇ ਅਧਿਆਪਕਾਂ ਦਾ ਵਿਸ਼ੇਸ ਸਨਮਾਨ ਵੀ ਦਿੱਤਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਗੁਰੂ-ਚੇਲਾ ਅਰਥਾਤ ਅਧਿਆਪਕ-ਵਿਦਿਆਰਥੀ ਦੀ ਪਰੰਪਰਾ ਪੁਰਾਣੇ ਸਮੇਂ ਤੋਂ ਹੀ ਚੱਲਦੀ ਆ ਰਹੀ ਹੈ, ਜਿਸ ਮੁਤਾਬਕ ਅਧਿਆਪਕ ਅਰਥਾਤ ਗੁਰੂ ਨੂੰ ਇਕ ਉੱਚਾ ਸਥਾਨ ਦਿੱਤਾ ਗਿਆ ਹੈ ਜੋ ਆਪਣੇ ਸੱਚੇ, ਸੁੱਚੇ ਅਤੇ ਸਪਰਪਿਤ ਚੇਲਾ ਅਰਥਾਤ ਵਿਦਿਆਰਥੀ ਨੂੰ ਆਪਣੀ ਸਾਰੀ ਅਰਜਿਤ ਵਿੱਦਿਆ ਪ੍ਰਦਾਨ
ਕਰਕੇ ਉਸ ਨੂੰ ਅਜਿਹਾ ਨਿਪੁੰਨ ਵਿਅਕਤੀ ਬਣਾ ਦਿੰਦਾ ਹੈ ਜੋ ਅੱਗੇ ਚੱਲ ਕੇ ਗੁਰੂ ਤੋਂ ਪ੍ਰਾਪਤ ਕੀਤੀ ਆਪਣੀ ਵਿੱਦਿਆ ਨੂੰ ਲੋਕ ਭਲਾਈ ਦੇ ਕੰਮਾਂ 'ਚ ਲਾ ਕੇ ਨਾ ਕੇਵਲ ਆਪਣੇ ਮਾਪਿਆਂ ਦਾ ਨਾਂ ਉੱਚਾ ਚੁੱਕਦਾ ਹੈ, ਸਗੋਂ ਆਪਣੇ ਗੁਰੂ ਨੂੰ ਵੀ ਹੋਰ ਵਧੇਰੇ ਮਾਣ ਹਾਸਲ ਕਰਵਾਉਂਦਾ ਹੈ। ਵਿਦਿਆਰਥੀਆਂ ਦੀਆਂ ਮਨਾਂ ਉਪਰ ਵੀ ਆਪਣੇ ਅਧਿਆਪਕਾਂ ਦੇ ਉਸਾਰੂ ਦ੍ਰਿਸ਼ਟਾਂਤਾਂ ਦੀ ਛਾਪ ਸੰਪੂਰਨ ਜੀਵਨ ਤੱਕ ਰਹਿੰਦੀ ਹੈ ਜੋ ਉਨ੍ਹਾ ਨੂੰ ਚੰਗੇ ਨਾਗਰਿਕ ਬਣਨ 'ਚ ਮਦਦ ਕਰਦੀ ਹੈ।

'ਜਗ ਬਾਣੀ' ਵਲੋਂ ਇਸ ਸਬੰਧ ਵਿਚ ਸਮਾਜ ਦੀਆਂ ਵੱਖ-ਵੱਖ ਰਾਜਨੀਤਿਕ ਅਤੇ ਸਮਾਜਿਕ ਸਖ਼ਸ਼ੀਅਤਾਂ ਨਾਲ ਕੀਤੀ ਗਈ ਗੱਲਬਾਤ ਦੌਰਾਨ ਹਰ ਅਧਿਕਾਰੀ ਅਤੇ ਕਰਮਚਾਰੀ ਨੇ ਆਪਣੀ ਕਾਮਯਾਬੀ ਦਾ ਮੁੱਖ ਪ੍ਰੇਰਨਾ ਸਰੋਤ ਮਾਪਿਆਂ ਦੇ ਨਾਲ-ਨਾਲ ਅਧਿਆਪਕਾਂ ਨੂੰ ਦੱਸਿਆ। ਜ਼ਿਲਾ ਮੋਗਾ ਦੇ ਕਸਬਾ ਕੋਟ ਈਸੇ ਖਾਂ ਦੇ ਨਜ਼ਦੀਕੀ ਪਿੰਡ ਨਿਹਾਲਗੜ੍ਹ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਈ.ਟੀ.ਟੀ ਅਧਿਆਪਕ ਯੂਨੀਅਨ ਦੇ ਪ੍ਰਦੇਸ਼ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਨੇ ਪਿੰਡ ਦੀ ਪੰਚਾਇਤ ਅਤੇ ਮੋਹਤਬਰਾਂ ਨਾਲ ਮਿਲ ਕੇ ਦਿਸ਼ਾ ਬਦਲ ਦਿੱਤੀ ਹੈ। ਜਦ ਜਸਵਿੰਦਰ ਸਿੰਘ ਸਿੱਧੂ ਨੇ ਸਰਕਾਰੀ ਨੌਕਰੀ ਹਾਸਲ ਕਰਕੇ ਇਸ ਸਕੂਲ ਦੀ ਵਾਂਗਡੋਰ ਸੰਭਾਲੀ ਸੀ ਤਾਂ ਉਸ ਸਮੇਂ ਸਿਰਫ 16 ਬੱਚੇ ਹੀ ਸਕੂਲ 'ਚ ਆਉਂਦੇ ਸਨ ਅਤੇ ਪਿੰਡ ਦੇ ਬਹੁਤ ਬੱਚੇ ਬਾਹਰੀ ਪਿੰਡਾਂ 'ਚ ਸਕੂਲਾਂ 'ਚ ਪੜ੍ਹਨ ਜਾਂਦੇ ਸਨ ਪਰ ਅੱਜ ਸਿੱਧੂ ਦੀ ਮਿਹਨਤ ਦੇ ਚੱਲਦੇ ਵਿਦਿਆਰਥੀਆਂ ਦੀ ਗਿਣਤੀ 500 ਤੋਂ ਜ਼ਿਆਦਾ ਹੋ ਗਈ ਹੈ। ਉਥੇ ਹੀ ਨਜ਼ਦੀਕੀ ਸੱਤ ਪਿੰਡਾਂ ਵਿਚ ਜਸਪੁਰ ਗਹਿਲੀਵਾਲਾ, ਨਸੀਰਪੁਰ ਜਾਨੀਆਂ, ਤਲਵੰਡੀ ਨੌਂ ਬਹਾਰ, ਮਹਿਲ ਅਤੇ ਗਲੋਟੀ ਵੀ ਸਕੂਲ 'ਚ ਆਉਂਦੇ ਹਨ। ਸਿੱਧੂ ਨੇ ਇਲਾਕੇ ਦੇ ਸਮਾਜ ਸੇਵੀਆਂ ਦੇ ਸਹਿਯੋਗ ਨਾਲ ਸਕੂਲ ਨੂੰ ਵਾਟਰ ਫਿਲਟਰ, ਜਰਨੇਟਰ, ਸਮਾਰਟ ਕਲਾਸ ਰੂਮ, ਸ਼ੁੱਧ ਪਾਣੀ ਅਤੇ ਪਾਰਕਾਂ ਸਮੇਤ ਹਰ ਪੱਖ ਤੋਂ ਵਿਕਸਿਤ ਕੀਤਾ ਹੈ। ਸੰਪਰਕ ਕਰਨ 'ਤੇ ਸਿੱਧੂ ਨੇ ਸਪੱਸ਼ਟ ਕੀਤਾ ਕਿ ਪੰਜਾਬ ਦੇ ਬਹੁਤ ਗਿਣਤੀ ਵਿਚ ਸਕੂਲ ਹੁਣ ਅਧਿਆਪਕਾਂ ਕਾਰਨ ਵਿਦਿਆਰਥੀਆਂ ਨੂੰ ਆਧੁਨਿਕ ਮਹੌਲ 'ਚ ਪੜ੍ਹਾਉਣ ਲਈ ਯਤਨਸ਼ੀਲ ਹੋ ਗਏ ਹਨ। ਇਸਦੇ ਨਾਲ ਹੀ ਕਸਬਾ ਬੱਧਨੀ ਕਲਾਂ ਦਾ ਪ੍ਰਾਇਮਰੀ ਸਕੂਲ ਮਾਸਟਰ ਬਲਰਾਜ ਕੁਮਾਰ ਹੈਪੀ ਸਮੇਤ ਸਮੂਹ ਸਟਾਫ ਦੇ ਯਤਨਾਂ ਸਦਕਾ ਕਿਸੇ ਪ੍ਰਾਈਵੇਟ ਸਕੂਲ ਦਾ ਭਰਮ ਪਾਉਂਦਾ ਹੈ। ਸਕੂਲ ਕੈਂਪਸ ਵਿਚ ਝੂਲੇ ਲੱਗਣ ਦੇ ਨਾਲ-ਨਾਲ ਨਵਾਂ ਰੰਗ ਰੋਗਣ ਅਤੇ ਚੱਲਦੇ ਫੁਆਰੇ ਆਪਣਾ ਮਨਮੋਹਨ ਦ੍ਰਿਸ਼ ਪੇਸ਼ ਕਰਦੇ ਹਨ। ਸਕੂਲ 'ਚ ਸਮਾਰਟ ਕਲਾਸਾਂ ਵੀ ਚਲਾਈਆਂ ਗਈਆਂ ਹਨ।

ਸੱਭਿਅਕ ਸਮਾਜ 'ਚ ਅਧਿਆਪਕ ਚਮਕਦੇ ਸੂਰਜ ਵਰਗਾ ਹੁੰਦਾ ਹੈ : ਪ੍ਰਿੰਸੀਪਲ ਦਰਸ਼ਨ ਸਿੰਘ
ਪ੍ਰਿੰਸੀਪਲ ਦਰਸ਼ਨ ਸਿੰਘ ਦਾ ਕਹਿਣਾ ਹੈ ਕਿ ਸੱਭਿਅਕ ਸਮਾਜ ਵਿਚ ਅਧਿਆਪਕ ਚਮਕਦੇ ਸੂਰਜ ਦੀ ਤਰ੍ਹਾਂ ਹੁੰਦਾ ਹੈ। ਸਾਡੀ ਸੱਭਿਅਤਾ ਅਨੁਸਾਰ ਅਧਿਆਪਕ ਨੂੰ ਗੁਰੂ ਦਾ ਰੁਤਬਾ ਹਾਸਲ ਹੈ ਕਿਉਂਕਿ ਅਧਿਅਪਾਕ ਨੇ ਵਿਦਿਅਕ ਰੂਪੀ ਚਾਨਣ ਵੰਡ ਕੇ ਵਿਦਿਆਰਥੀ ਨੂੰ ਹਰ ਤਰ੍ਹਾਂ ਨਾਲ ਸੁਚੇਤ ਕਰਨਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਅਨੇਕਾਂ ਮੁਸ਼ਕਲਾਂ ਝੱਲ ਕੇ ਆਪਣਾ ਫਰਜ਼ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਸਮੇਂ ਦੀਆ ਸਰਕਾਰਾਂ ਵਲੋਂ ਅਧਿਆਪਕਾਂ ਨੂੰ ਵਿਸ਼ੇਸ਼ ਅਧਿਕਾਰ ਦੇਣ ਦੇ ਨਾਲ-ਨਾਲ ਅਧਿਆਪਕ ਦਿਵਸ ਤੇ ਸਨਮਾਨ ਵੀ ਕੀਤਾ ਜਾਂਦਾ ਹੈ ਪਰ ਕੌੜੀ ਹਕੀਕਤ ਇਹ ਹੈ ਕਿ ਠੇਕੇਦਾਰੀ ਸਿਸਟਮ ਵਿਚ ਬਹੁਤ ਘੱਟ ਤਨਖਾਹ ਤੇ ਕਾਬਲ ਅਧਿਆਪਕਾਂ ਨੂੰ ਭਰਤੀ ਕਰਕੇ ਉਨ੍ਹਾਂ ਦੀ ਕਾਬਲੀਅਤ ਦਾ ਮਜ਼ਾਕ ਉਡਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਦਿਵਸ ਤੇ ਜੇਕਰ ਸਾਡੀਆਂ ਸਰਕਾਰਾਂ ਸੱਚ ਮੁੱਚ ਅਧਿਆਪਕਾਂ ਦਾ ਸਤਿਕਾਰ ਚਾਹੁੰਦੀਆਂ ਹਨ ਤਾਂ ਉਨਾਂ ਨੂੰ ਅਧਿਆਪਕਾਂ ਦੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ ਤੇ ਕਰਨਾ ਚਾਹੀਦਾ ਹੈ।


Shyna

Content Editor

Related News