ਸਾਂਝਾ ਅਧਿਆਪਕ ਮੋਰਚਾ ਨੇ ਕੀਤਾ ਸਰਕਾਰ ਦਾ ਪਿੱਟ-ਸਿਆਪਾ

Saturday, Jul 28, 2018 - 01:00 AM (IST)

ਸਾਂਝਾ ਅਧਿਆਪਕ ਮੋਰਚਾ ਨੇ ਕੀਤਾ ਸਰਕਾਰ ਦਾ ਪਿੱਟ-ਸਿਆਪਾ

ਪਟਿਆਲਾ(ਬਲਜਿੰਦਰ, ਲਖਵਿੰਦਰ)-ਆਪਣੀਆਂ ਮੰਗਾਂ ਨਾ ਮੰਨਣ ਤੋਂ ਭਡ਼ਕੇ ਸਾਂਝਾ ਅਧਿਆਪਕ ਮੋਰਚਾ ਨੇ ਅੱਜ ਮੁੱਖ ਮੰਤਰੀ ਦੇ ਸ਼ਹਿਰ ਵਿਚ ਜ਼ਿਲਾ ਸਿੱਖਿਆ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਦਿਅਾਂ ਸਰਕਾਰ ਦਾ ਪਿੱਟ-ਸਿਆਪਾ ਕੀਤਾ। ਪਹਿਲਾਂ ਜ਼ਿਲਾ ਸਿੱਖਿਆ ਦਫ਼ਤਰ ਅੱਗੇ ਰੋਸ ਰੈਲੀ ਕੀਤੀ। ਫਿਰ ਇਥੋਂ ਰੋਸ ਮਾਰਚ ਸ਼ੁਰੂ ਕੀਤਾ ਗਿਆ ਜਿਸ ਨੂੰ ਪੁਲਸ ਨੇ ਫੁਹਾਰਾ ਚੌਕ ਵਿਖੇ ਘੇਰ ਲਿਆ। ਅਧਿਆਪਕਾਂ ਨੇ ਇਥੇ ਨਾਇਬ ਤਹਿਸੀਲਦਰ ਪਰਮਜੀਤ ਜਿੰਦਲ ਨੂੰ ਮੰਗ-ਪੱਤਰ ਸੌਂਪਿਆ। ਇਸ ਤੋਂ ਬਾਅਦ ਪ੍ਰਦਰਸ਼ਨ ਖਤਮ ਕਰ ਦਿੱਤਾ ਗਿਆ।  ਅਧਿਆਪਕਾਂ ਨੇ ਪੰਜਾਬ ਸਰਕਾਰ, ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਦੀ ਅਰਥੀ ਫੂਕੀ। ਇਸ ਦੌਰਾਨ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਪਟਿਆਲਾ ਇਕਾਈ ਦੇ ਜ਼ਿਲਾ ਕਨਵੀਨਰ ਵਿਕਰਮ ਦੇਵ ਸਿੰਘ, ਰਣਜੀਤ ਸਿੰਘ ਮਾਨ, ਇਕਬਾਲ ਸਿੰਘ, ਕੋ-ਕਨਵੀਨਰ ਹਰਦੀਪ ਸਿੰਘ ਟੋਡਰਪੁਰ, ਸੁਮਿਤ ਕੁਮਾਰ, ਭਰਤ ਕੁਮਾਰ, ਮਨਦੀਪ ਕੁਮਾਰ, ਕਰਮਿੰਦਰ ਸਿੰਘ, ਬੇਅੰਤ, ਕਪਤਾਨ ਸਿੰਘ ਤੇ ਗੁਰਜੰਟ ਸਿੰਘ ਨੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਠੇਕਾ ਆਧਾਰਤ ਵਿਭਾਗੀ 5178 ਅਧਿਆਪਕਾਂ,  ਐੈੱਸ. ਐੈੱਸ. ਏ. ਰਮਸਾ ਅਧਿਆਪਕਾਂ, ਮੁੱਖ ਅਧਿਆਪਕਾ, ਲੈਬ ਅਟੈਂਡੈਂਟਾਂ, ਪਿਕਟਸ ਸੋਸਾਇਟੀਆਂ ਵਿਚ ਰੈਗੂਲਰ ਕੰਪਿਊਟਰ ਅਧਿਆਪਕਾਂ, ਓ. ਡੀ. ਐੈੱਲ. ਅਧਿਆਪਕਾਂ, ਈ. ਜੀ. ਐੈੱਸ., ਏ. ਆਈ. ਈ., ਐੈੱਸ. ਟੀ. ਆਰ. ਅਤੇ ਆਈ. ਈ. ਵੀ. ਵਾਲੰਟੀਅਰ ਅਧਿਆਪਕਾਂ, ਸਿੱਖਿਆ ਪ੍ਰੋਵਾਈਡਰਾਂ, ਆਈ. ਈ. ਆਰ. ਟੀ, ਆਦਰਸ਼ ਅਤੇ ਮੈਰੀਟੋਰੀਅਸ ਅਧਿਆਪਕਾਂ ਦੀਆਂ ਸੇਵਾਵਾਂ ਸਿੱਖਿਆ ਵਿਭਾਗ ਅਧੀਨ ਪੂਰੇ ਸਕੇਲ ’ਚ ਪੱਕੀਆਂ ਕੀਤੀਆਂ ਜਾਣ। ਅਧਿਆਪਕ ਆਗੂਆਂ ਨੇ ਕਿਹਾ ਕਿ ਅਧਿਆਪਕਾਂ ਦੀਆਂ ਬਦਲੀਆਂ ’ਚ ਗੈਰ-ਪਾਰਦਰਸ਼ਤਾ ਅਤੇ ਸਿਆਸੀ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਵਿਭਾਗ ਵੱਲੋਂ ਡੀ. ਸੀ. ਪਟਿਆਲਾ ਦੀ ਜਾਂਚ ਰਿਪੋਰਟ ’ਤੇ ਪੂਰੀ ਕਾਰਵਾਈ ਕਰਨ ਦੀ ਥਾਂ ਕਥਿਤ ਵਿੱਤੀ ਬੇਨਿਯਮੀਆਂ ਖਿਲਾਫ਼ ਆਵਾਜ਼ ਉਠਾਉਣ ਵਾਲੇ ਕੁਲਬੁਰਛਾਂ ਸਕੂਲ ਦੇ ਸ਼ਿਕਾਇਤਕਰਤਾ ਅਧਿਆਪਕਾਂ ਦੀਆਂ ਹੀ ਬਦਲੀਆਂ ਕਰ ਦਿੱਤੀਆਂ ਗਈਆਂ ਜਿਨ੍ਹਾਂ ਨੂੰ ਤੁਰੰਤ ਰੱਦ ਕਰਨਾ ਚਾਹੀਦਾ ਹੈ। ਮਿਡਲ ਸਕੂਲਾਂ ਵਿਚੋਂ ਹਜ਼ਾਰਾਂ ਹੀ ਅਸਾਮੀਆਂ ਖਤਮ ਕਰਨ ਦੇ ਫ਼ੈਸਲੇ ਨੂੰ ਸਰਕਾਰ ਤੁਰੰਤ ਵਾਪਸ ਲਵੇ, ਮਾਸਟਰ ਕਾਡਰ ਤੋਂ ਮੁੱਖ ਅਧਿਆਪਕ ਤੇ ਲੈਕਚਰਾਰ ਕੇਡਰ ਦੀਆਂ ਤਰੱਕੀਆਂ ਤੁਰੰਤ ਕੀਤੀਆਂ ਜਾਣ, ਪ੍ਰਾਇਮਰੀ ਅਧਿਆਪਕਾਂ ਦੀਆਂ ਤਰੱਕੀਆਂ ਵਿਚ ਸੈਂਕਡ਼ੇ ਅਧਿਆਪਕਾਂ ਨੂੰ ਨਿਰਆਧਾਰ ਕਰ ਕੇ ਜਾਣ-ਬੁੱਝ ਕੇ ਤਰੱਕੀਆਂ ਤੋਂ ਦੂਰ ਰੱਖਿਆ ਜਾ ਰਿਹਾ ਹੈ, ਜੋ ਕਿ ਬਹੁਤ ਮੰਦਭਾਗਾ ਹੈ। ਅਧਿਆਪਕ ਆਗੂਆਂ ਨੇ ਮਵੀ ਕਲਾਂ ਸਕੂਲ ਦੇ ਸਾਰੇ ਅਧਿਆਪਕਾਂ ਨੂੰ ਬਦਲਣ ਵਰਗੇ ਨਾਦਰਸ਼ਾਹੀ ਐਲਾਨਾਂ ਅਤੇ ਹੋਰ ਮਸਲਿਆਂ ਨੂੰ ਠੋਸ ਰੂਪ ਵਿਚ ਹੱਲ ਕਰਵਾਉਣ ਲਈ ਸੰਘਰਸ਼ ਨੂੰ ਅੱਗੇ ਵਧਾਉਣ ਦਾ ਫ਼ੈਸਲਾ ਕੀਤਾ। ਇਸ ਮੌਕੇ ਅਤਿੰਦਰਪਾਲ ਸਿੰਘ, ਪਰਮਜੀਤ ਸਿੰਘ, ਜਗਪਾਲ ਜਟਾਣਾ, ਅਮਰਦੀਪ ਦੁਲੱਦੀ, ਸੁਖਬੀਰ ਸਿੰਘ, ਪਰਮਵੀਰ ਸਿੰਘ, ਹਰਿੰਦਰ ਰੱਖਡ਼ਾ, ਸੁਧੀਰ ਕੁਮਾਰ, ਅਮਨਦੀਪ ਅਜਨੌਦਾ, ਸੁਖਵਿੰਦਰ ਸਿੰਘ, ਬਲਵੀਰ ਸਿੰਘ, ਰਾਮ ਸ਼ਰਨ ਅਤੇ ਗੁਰਜੀਤ ਘੱਗਾ ਵੀ ਹਾਜ਼ਰ ਸਨ।


Related News