ਵਿਦਿਆਰਥਣਾਂ ਦੀ ਤਲਾਸ਼ੀ ਲੈਣ ਵਾਲੀ ਅਧਿਆਪਕ ਆਈ ਸਾਹਮਣੇ, ਦਿੱਤੀ ਸਫਾਈ

11/05/2018 3:26:03 PM

ਫਾਜ਼ਿਲਕਾ (ਸੁਨੀਲ ਨਾਗਪਾਲ) : ਫਾਜ਼ਿਲਕਾ ਦੇ ਮਹਿਲਾ ਕੁੰਡਲ ਸਕੂਲ ਵਿਚ ਸੈਨੇਟਰੀ ਪੈਡ ਮਿਲਣ ਉਪਰੰਤ ਕਥਿਤ ਤੌਰ 'ਤੇ ਵਿਦਿਆਰਥਣਾਂ ਦੇ ਕੱਪੜੇ ਉਤਰਵਾ ਕੇ ਤਲਾਸ਼ੀ ਲੈਣ ਦੇ ਦੋਸ਼ ਲੱਗਣ ਤੋਂ ਬਾਅਦ ਉਕਤ ਅਧਿਆਪਕਾ ਨੇ ਮੀਡੀਆ ਸਾਹਮਣੇ ਆ ਕੇ ਸਫਾਈ ਦਿੱਤੀ ਹੈ। ਅਧਿਆਪਕਾ ਨੇ ਕਿਹਾ ਹੈ ਕਿ ਨਾ ਤਾਂ ਉਸ ਨੇ ਬੱਚੀਆਂ ਦੇ ਕੱਪੜੇ ਉਤਰਵਾਏ ਹਨ ਤੇ ਨਾ ਹੀ ਕਿਸੇ ਨੂੰ ਬੱਚੀਆਂ ਦੀ ਚੈਕਿੰਗ ਕਰਨ ਲਈ ਕਿਹਾ। ਹਾਲਾਂਕਿ ਸਫਾਈ ਸੇਵਿਕਾ ਉਸਦੇ ਕੋਲ ਸ਼ਿਕਾਇਤ ਲੈ ਕੇ ਆਈ ਜ਼ਰੂਰ ਸੀ। ਬਾਕੀ ਸਾਇੰਸ ਅਤੇ ਗਣਿਤ ਦੀ ਅਧਿਆਪਕ ਹੋਣ ਕਰਕੇ ਮੈਨੂੰ ਕੁਝ ਸਖਤੀ ਵਰਤਣੀ ਪੈਂਦੀ ਹੈ, ਜਿਸਦੇ ਲਈ ਉਹ ਮੁਆਫੀ ਚਾਹੁੰਦੀ ਹੈ। 

ਦਰਅਸਲ, ਫਾਜ਼ਿਲਕਾ ਦੇ ਪਿੰਡ ਕੁੰਡਲ ਦੇ ਸਰਕਾਰੀ ਸਕੂਲ ਦੇ ਪਖਾਨੇ 'ਚੋਂ ਸੈਨੇਟਰੀ ਪੈਡ ਮਿਲਣ ਤੋਂ ਬਾਅਦ ਬੱਚੀਆਂ ਦੇ ਕੱਪੜੇ ਉਤਰਵਾ ਕੇ ਚੈਕਿੰਗ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਸ਼ਰਮਨਾਕ ਹਰਕਤ ਬਾਰੇ ਬੱਚੀਆਂ ਨੇ ਮਾਪਿਆਂ ਨੂੰ ਦੱਸਿਆ, ਜਿਸ ਤੋਂ ਬਾਅਦ ਇਹ ਮਾਮਲਾ ਤੂਲ ਫੜ ਗਿਆ। ਮਾਪਿਆਂ ਦੇ ਨਾਲ-ਨਾਲ ਪਿੰਡ ਦੇ ਸਰਪੰਚ ਨੇ ਵੀ ਸਬੰਧਤ ਅਧਿਆਪਕਾ ਨੂੰ ਸਸਪੈਂਡ ਕਰਨ ਦੀ ਮੰਗ ਕੀਤੀ ਹੈ। 

ਉਧਰ ਐੱਸ. ਡੀ. ਐੱਮ. ਨੇ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਖੁਦ ਬੱਚੀਆਂ ਨਾਲ ਗੱਲਬਾਤ ਕੀਤੀ ਅਤੇ ਮਾਮਲੇ ਦੀ ਨਿਰਪੱਖ ਜਾਂਚ ਕਰਨ ਦਾ ਭਰੋਸਾ ਦਿੱਤਾ। ਦੂਜੇ ਪਾਸੇ ਮੁੱਖ ਮੰਤਰੀ ਨੇ ਵੀ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹੋਏ ਹਨ। ਬਿਨਾਂ ਸ਼ੱਕ ਜਾਂਚ ਤੋਂ ਬਾਅਦ ਅਸਲ ਦੋਸ਼ੀ ਸਾਹਮਣੇ ਆ ਜਾਣਗੇ, ਸਜ਼ਾ ਵੀ ਮਿਲੇਗੀ ਪਰ ਮਾਸੂਮ ਬੱਚੀਆਂ ਦੇ ਮਨਾਂ 'ਤੇ ਇਸ ਘਟਨਾਕ੍ਰਮ ਦੀ ਕੌੜੀ ਛਾਪ ਸ਼ਾਇਦ ਤਾਉਮਰ ਤਾਜ਼ਾ ਰਹੇਗੀ।


Related News