ਹਾਦਸੇ ''ਚ ਜ਼ਖਮੀ ਅਧਿਆਪਕ ਦੀ ਮੌਤ, ਅਗਲੇ ਮਹੀਨੇ ਹੋਣ ਵਾਲੀ ਸੀ ਬੇਟੀ ਦੀ ਸ਼ਾਦੀ

09/24/2017 5:52:01 PM

ਕੋਟਕਪੂਰਾ (ਨਰਿੰਦਰ ਬੈੜ੍ਹ) : ਬੀਤੇ ਦਿਨੀਂ ਬਾਈਪਾਸ ਸਿੱਖਾਂ ਵਾਲਾ ਰੋਡ ਨੇੜੇ ਇਕ ਕਾਰ ਵੱਲੋਂ ਫੇਟ ਮਾਰੇ ਜਾਣ ਨਾਲ ਜ਼ਖਮੀ ਮੋਟਰਸਾਈਕਲ ਸਵਾਰ ਅਧਿਆਪਕ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ। ਇਸ ਸਬੰਧ 'ਚ ਥਾਣਾ ਸਿਟੀ ਕੋਟਕਪੂਰਾ ਵਿਖੇ ਆਪਣਾ ਘਰ ਬਿਰਧ ਆਸ਼ਰਮ ਦੇ ਸਰਪ੍ਰਸਤ ਬਾਬਾ ਗਰੀਬ ਦਾਸ ਪੁੱਤਰ ਨੰਦ ਸਿੰਘ ਵਾਸੀ ਡੇਰਾ ਬਾਬਾ ਜੋਧ ਸ਼ਹੀਦ ਮੋਗਾ ਰੋਡ ਕੋਟਕਪੂਰਾ ਦੇ ਬਿਆਨਾਂ 'ਤੇ ਕਾਰ ਚਾਲਕ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। 
ਬਾਬਾ ਗਰੀਬ ਦਾਸ ਵੱਲੋਂ ਪੁਲਸ ਨੂੰ ਦਿੱਤੇ ਬਿਆਨ ਅਨੁਸਾਰ ਉਹ 18 ਸਤੰਬਰ ਨੂੰ ਸਵੇਰੇ 7 ਵਜੇ ਆਪਣੀ ਕਾਰ 'ਤੇ ਮੰਡੀ ਤੋਂ ਸਬਜ਼ੀ ਲੈ ਕੇ ਆਸ਼ਰਮ ਵੱਲ ਆ ਰਿਹਾ ਸੀ ਕਿ ਕ੍ਰਿਸ਼ਨ ਲਾਲ ਪੁੱਤਰ ਸੂਬੇ ਸਿੰਘ ਵਾਸੀ ਕੋਟਕਪੂਰਾ ਆਪਣੇ ਮੋਟਰਸਾਈਕਲ 'ਤੇ ਸੜਕ 'ਤੇ ਚੜਣ ਲੱਗਾ ਤਾਂ ਇਕ ਤੇਜ ਰਫ਼ਤਾਰ ਸਵਿੱਫ਼ਟ ਕਾਰ ਨੇ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ, ਜਿਸ ਕਾਰਨ ਕ੍ਰਿਸ਼ਨ ਲਾਲ ਦੇ ਕਾਫ਼ੀ ਸੱਟਾਂ ਲੱਗੀਆਂ। ਉਸ ਨੇ ਦੱਸਿਆ ਕਿ ਉਸਨੇ ਕ੍ਰਿਸ਼ਨ ਲਾਲ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿਖੇ ਦਾਖਲ ਕਰਵਾਇਆ। ਜਦੋ ਉਹ ਕ੍ਰਿਸ਼ਨ ਲਾਲ ਨੂੰ ਵੇਖਣ ਆਇਆ ਤਾਂ ਪਤਾ ਲੱਗਾ ਕਿ ਉਸ ਦੀ ਮੌਤ ਹੋ ਗਈ ਹੈ। ਇਸ ਸਬੰਧ 'ਚ ਏ. ਐਸ. ਆਈ. ਜਸਕਰਨ ਸਿੰਘ ਵੱਲੋਂ ਕਾਰਵਾਈ ਕਰਦੇ ਹੋਏ ਕਾਰ ਚਾਲਕ ਹਰਜਿੰਦਰ ਸਿੰਘ ਵਾਸੀ ਬੰਬੀਹਾ ਭਾਈ ਖਿਲਾਫ਼ ਮੁਕਦਮਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਕ੍ਰਿਸ਼ਨ ਲਾਲ ਚੰਦੋਲੀਆ ਨੰਗਲ ਸਰਕਾਰ ਸਕੂਲ ਵਿਖੇ ਅਧਿਆਪਕ ਲੱਗਾ ਹੋਇਆ ਸੀ ਅਤੇ ਅਗਲੇ ਮਹੀਨੇ ਉਸਦੀ ਬੇਟੀ ਦਾ ਵਿਆਹ ਸੀ। ਇਸ ਸਬੰਧ 'ਚ ਤਫ਼ਤੀਸ਼ੀ ਅਧਿਕਾਰੀ ਏ. ਐਸ. ਆਈ. ਜਸਕਰਨ ਸਿੰਘ ਨੇ ਦੱਸਿਆ ਕਿ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।


Related News