ਭਿਆਨਕ ਹਾਦਸੇ 'ਚ 2 ਨੌਜਵਾਨ ਦੋਸਤਾਂ ਦੀ ਮੌਤ, ਇਕ ਦੇ ਵਿਆਹ ਦੀਆਂ ਹੋ ਰਹੀਆਂ ਸੀ ਤਿਆਰੀਆਂ
Wednesday, Jun 05, 2024 - 12:31 PM (IST)

ਮਾਛੀਵਾੜਾ ਸਾਹਿਬ (ਟੱਕਰ) : ਸਥਾਨਕ ਸਮਰਾਲਾ ਰੋਡ ’ਤੇ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ 2 ਨੌਜਵਾਨਾਂ ਹਰਸ਼ਦੀਪ ਸਿੰਘ (24) ਵਾਸੀ ਸੈਂਸੋਵਾਲ ਕਲਾਂ ਅਤੇ ਗੁਰਵਿੰਦਰ ਸਿੰਘ (20) ਉਰਫ਼ ਰਵੀ ਵਾਸੀ ਰਹੀਮਾਬਾਦ ਖੁਰਦ ਦੀ ਮੌਤ ਹੋ ਗਈ। ਦੋਵੇਂ ਆਪਸ 'ਚ ਦੋਸਤ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਹਰਸ਼ਦੀਪ ਸਿੰਘ ਤੇ ਗੁਰਵਿੰਦਰ ਸਿੰਘ ਮੋਟਰਸਾਈਕਲ ’ਤੇ ਸਵਾਰ ਹੋ ਕੇ ਸਮਰਾਲਾ ਵਲੋਂ ਮਾਛੀਵਾੜਾ ਵੱਲ ਨੂੰ ਆ ਰਹੇ ਸਨ।
ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਵਿਦਿਆਰਥੀਆਂ ਲਈ ਆਇਆ ਵੱਡਾ ਫ਼ੈਸਲਾ, ਸਿਰਫ ਅੱਜ ਹੀ ਹੈ ਮੌਕਾ, ਜਲਦੀ ਕਰੋ
ਨਿਰੰਕਾਰੀ ਭਵਨ ਨੇੜੇ ਉਨ੍ਹਾਂ ਦਾ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਿਆ। ਜਾਣਕਾਰੀ ਅਨੁਸਾਰ ਕਿਸੇ ਅਣਪਛਾਤੇ ਵਾਹਨ ਨੇ ਉਨ੍ਹਾਂ ਨੂੰ ਫੇਟ ਮਾਰੀ, ਜਿਸ ਕਾਰਨ ਇਹ ਦੋਵੇਂ ਸੜਕ ’ਤੇ ਜਾ ਡਿੱਗੇ ਅਤੇ ਗੰਭੀਰ ਰੂਪ 'ਚ ਜਖ਼ਮੀ ਹੋ ਗਏ। ਅੱਜ ਤੜਕੇ ਇਨ੍ਹਾਂ ਦੋਹਾਂ ਨੌਜਵਾਨਾਂ ਨੂੰ ਸੜਕ ਕਿਨਾਰੇ ਡਿੱਗਿਆਂ ਪਿਆ ਨੂੰ ਰਾਹਗੀਰਾਂ ਨੇ ਦੇਖਿਆ, ਜਿਨ੍ਹਾਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ। ਸਹਾਇਕ ਥਾਣੇਦਾਰ ਪਵਨਜੀਤ ਮੌਕੇ ’ਤੇ ਪਹੁੰਚੇ ਤਾਂ ਮੋਟਰਸਾਈਕਲ ਸਵਾਰ ਦੋਵੇਂ ਨੌਜਵਾਨ ਹਰਸ਼ਦੀਪ ਸਿੰਘ ਤੇ ਗੁਰਵਿੰਦਰ ਸਿੰਘ ਦੀ ਮੌਤ ਹੋ ਚੁੱਕੀ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਮੀਂਹ ਪੈਣ ਨੂੰ ਲੈ ਕੇ ਵੱਡੀ Update, 18 ਜ਼ਿਲ੍ਹਿਆਂ ਲਈ ਅਲਰਟ ਜਾਰੀ, ਪੜ੍ਹੋ ਪੂਰੀ ਖ਼ਬਰ
ਪੁਲਸ ਵਲੋਂ ਦੋਹਾਂ ਦੀਆਂ ਲਾਸ਼ਾਂ ਨੂੰ ਕਬਜ਼ੇ ’ਚ ਕਰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ, ਜਦਕਿ ਅਣਪਛਾਤੇ ਵਾਹਨ ਤੇ ਉਸ ਦੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਨੌਜਵਾਨ ਹਰਸ਼ਦੀਪ ਸਿੰਘ ਵਿਆਹਿਆ ਹੋਇਆ ਸੀ, ਜਦੋਂ ਕਿ ਗੁਰਵਿੰਦਰ ਸਿੰਘ ਅਜੇ ਕੁਆਰਾ ਸੀ ਅਤੇ ਮਾਪੇ ਉਸ ਦੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਸਨ। ਦੋਵੇਂ ਨੌਜਵਾਨ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਅਚਨਚੇਤ ਮੌਤ ਹੋਣ ਕਾਰਨ ਪਰਿਵਾਰਕ ਮੈਂਬਰਾਂ ਨੂੰ ਕਾਫ਼ੀ ਸਦਮਾ ਲੱਗਿਆ। ਇਨ੍ਹਾਂ ਦੋਵਾਂ ਨੌਜਵਾਨਾਂ ਦੀ ਮੌਤ ਕਾਰਨ ਪਿੰਡ ਸੈਂਸੋਵਾਲ ਕਲਾਂ ਅਤੇ ਰਹੀਮਾਬਾਦ ਖੁਰਦ 'ਚ ਵੀ ਸੋਗ ਦੀ ਲਹਿਰ ਛਾਈ ਹੋਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8