ਗੁਰੂਹਰਸਹਾਏ ਦੇ ਪਿੰਡ ਝੰਡੂਵਾਲਾ ਵਿਖੇ ਘਰ ਬੈਠੇ ਅਧਿਆਪਕਾਂ ’ਤੇ ਜਾਨਲੇਵਾ ਹਮਲਾ

Friday, May 12, 2023 - 04:43 PM (IST)

ਗੁਰੂਹਰਸਹਾਏ ਦੇ ਪਿੰਡ ਝੰਡੂਵਾਲਾ ਵਿਖੇ ਘਰ ਬੈਠੇ ਅਧਿਆਪਕਾਂ ’ਤੇ ਜਾਨਲੇਵਾ ਹਮਲਾ

ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਇਲਾਕਾ ਗੁਰੂਹਰਸਹਾਏ ਵਿਚ ਬਦਮਾਸ਼ੀ ਦਾ ਰੁਝਾਨ ਵੱਧਦਾ ਜਾ ਰਿਹਾ ਹੈ, ਇਥੋਂ ਤੱਕ ਕਿ ਹੁਣ ਗੁਰੂ ਦਾ ਦਰਜਾ ਪ੍ਰਾਪਤ ਘਰ ਬੈਠੇ ਅਧਿਆਪਕਾਂ ਨੂੰ ਵੀ ਨਿਸ਼ਾਨਾ ਬਣਾਇਆ ਜਾਣ ਲੱਗ ਪਿਆ ਹੈ। ਅਜਿਹੀ ਘਟਨਾ ਸ਼ਹਿਰ ਦੇ ਨਾਲ ਲੱਗਦੇ ਪਿੰਡ ਝੰਡੂ ਵਾਲਾ ਵਿਖੇ ਵਾਪਰੀ। ਜਾਣਕਾਰੀ ਅਨੁਸਾਰ ਸੋਹਨ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਝੰਡੂ ਵਾਲਾ ਜੋ ਕਿ ਵਾਸਲ ਮੋਹਨ ਕੇ ਦੇ ਸਰਕਾਰੀ ਸਕੂਲ ਵਿਚ ਅਧਿਆਪਕ ਹਨ ਬੀਤੇ ਦਿਨੀਂ ਜਦੋਂ ਸਕੂਲ ਤੋਂ ਵਾਪਿਸ ਆਪਣੇ ਪਿੰਡ ਝੰਡੂ ਵਾਲਾ ਜਾ ਰਿਹਾ ਸੀ ਤਾਂ ਉਸਨੂੰ ਰਸਤੇ ਵਿਚ ਪਿੰਡ ਝੰਡੂ ਵਾਲਾ ਦੇ ਹੀ ਕੁੱਝ ਵਿਅਕਤੀਆਂ ਨੇ ਧਮਕਾਉਣਾ ਸ਼ੁਰੂ ਕਰ ਦਿੱਤਾ ਜਿਸ ਵਿਰੁੱਧ ਸੋਹਨ ਸਿੰਘ ਪੁੱਤਰ ਮੱਖਣ ਸਿੰਘ ਨੇ ਥਾਣਾ ਗੁਰੂਹਰਸਹਾਏ ਵਿਚ ਧਮਕੀਆਂ ਦੇਣ ਵਾਲੇ ਵਿਅਕਤੀਆਂ ਖ਼ਿਲਾਫ ਦਰਖਾਸਤ ਦੇ ਦਿੱਤੀ।

ਥਾਣੇ ਦਰਖਾਸਤ ਦੇਣ ਵਾਲੀ ਗੱਲ ਦਾ ਪਤਾ ਜਦੋਂ ਧਮਕੀਆਂ ਦੇਣ ਵਾਲੇ ਵਿਅਕਤੀਆਂ ਨੂੰ ਲੱਗਾ ਤਾਂ ਉਨ੍ਹਾਂ ਨੇ ਰਾਤ ਨੂੰ ਮਾਸਟਰ ਸੋਹਨ ਸਿੰਘ ਦੇ ਘਰ ਪਹੁੰਚ ਕੇ ਪਰਿਵਾਰ ’ਤੇ ਹਮਲਾ ਕਰ ਦਿੱਤਾ ਜਿਸ ਵਿਚ ਸੋਹਨ ਸਿੰਘ ਦਾ ਭਰਾ ਮਾਸਟਰ ਜਗਸੀਰ ਸਿੰਘ ਬੁਰੀ ਤਰਾਂ ਨਾਲ ਜ਼ਖਮੀ ਹੋ ਗਿਆ ਅਤੇ ਸੋਹਨ ਸਿੰਘ ਅਤੇ ਉਸਦੇ ਹੋਰ ਪਰਿਵਾਰਿਕ ਮੈਂਬਰਾਂ ਦੇ ਵੀ ਸੱਟਾਂ ਲੱਗੀਆਂ ਜਿਸ ਉਪਰੰਤ ਜ਼ਖਮੀਆਂ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਇਲਾਜ ਲਈ ਲਿਜਾਇਆ ਗਿਆ। ਉਧਰ ਇਸ ਘਟਨਾ ਦੇ ਰੋਸ ਵਿਚ ਬਲਾਕ ਗੁਰੂਹਰਸਹਾਏ ਦੇ ਸਮੂਹ ਅਧਿਆਪਕ ਜਥੇਬੰਦਆਂ ਨੇ ਸ਼ਹਿਰ ਦੇ ਰੇਲਵੇ ਪਾਰਕ ਵਿਖੇ ਆਪਣੀ ਅਗਲੀ ਰਣਨੀਤੀ ਬਨਾਉਣ ਲਈ ਮੀਟਿੰਗ ਕੀਤੀ ਅਤੇ ਮੀਟਿੰਗ ਉਪਰੰਤ ਅਧਿਆਪਕ ਜਥੇਬੰਦੀਆਂ ਦਾ ਸਾਂਝਾ ਵਫਦ ਡੀ.ਐੱਸ.ਪੀ. ਗੁਰੂਹਰਸਹਾਏ ਯਾਦਵਿੰਦਰ ਸਿੰਘ ਨੂੰ ਮਿਲਿਆ। ਡੀ.ਐੱਸ.ਪੀ. ਨੇ ਅਧਿਆਪਕ ਜਥੇਬੰਦੀਆਂ ਨੂੰ ਵਿਸ਼ਵਾਸ ਦੁਆਇਆ ਕਿ ਇਸ ਘਟਨਾ ਦੀ ਪੂਰੀ ਜਾਂਚ ਕੀਤੀ ਜਾਵੇਗੀ ਅਤੇ ਜੋ ਦੋਸ਼ੀ ਪਾਇਆ ਜਾਵੇਗਾ ਉਸ ਖ਼ਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


author

Gurminder Singh

Content Editor

Related News