ਫੈਕਟਰੀ ''ਚ ਦਰਦਨਾਕ ਹਾਦਸਾ! ਮਸ਼ੀਨ ''ਚ ਚੁੰਨੀ ਫਸਣ ਨਾਲ ਕੁੜੀ ਦੀ ਮੌਤ; ਪਰਿਵਾਰ ਨੇ ਕੀਤਾ ਰੋਸ ਪ੍ਰਦਰਸ਼ਨ

Tuesday, Sep 29, 2026 - 05:28 PM (IST)

ਫੈਕਟਰੀ ''ਚ ਦਰਦਨਾਕ ਹਾਦਸਾ! ਮਸ਼ੀਨ ''ਚ ਚੁੰਨੀ ਫਸਣ ਨਾਲ ਕੁੜੀ ਦੀ ਮੌਤ; ਪਰਿਵਾਰ ਨੇ ਕੀਤਾ ਰੋਸ ਪ੍ਰਦਰਸ਼ਨ

ਲੁਧਿਆਣਾ (ਰਾਜ): ਦਿੱਲੀ ਨੈਸ਼ਨਲ ਹਾਈਵੇਅ ਸਥਿਤ ਪਿੰਡ ਪਵਾਂ ਸਥਿਤ ਇਕ ਨਟ-ਬੋਲਟ ਬਣਾਉਣ ਵਾਲੀ ਫੈਕਟਰੀ ਵਿਚ ਕੰਮ ਦੌਰਾਨ ਇਕ ਬੇਹੱਦ ਦਰਦਨਾਕ ਹਾਦਸਾ ਵਾਪਰ ਗਿਆ। ਫੈਕਟਰੀ ਵਿਚ ਕੰਮ ਕਰ ਰਹੀ 19 ਸਾਲਾ ਕੁੜੀ ਦੀ ਚੁੰਨੀ ਅਚਾਨਕ ਤੇਜ਼ ਰਫ਼ਤਾਰ ਮਸ਼ੀਨ ਦੇ ਘੁੰਮਣ ਵਾਲੇ ਪੁਰਜ਼ੇ ਵਿਚ ਫੱਸ ਗਈ, ਜਿਸ ਕਾਰਨ ਉਹ ਸਿੱਧੀ ਮਸ਼ੀਨ ਦੀ ਲਪੇਟ ਵਿਚ ਆ ਗਈ ਅਤੇ ਉਸ ਨੇ ਮੌਕੇ 'ਤੇ ਹੀ ਤੜਫ਼-ਤੜਫ਼ ਕੇ ਦਮ ਤੋੜ ਦਿੱਤਾ। ਹਾਦਸੇ ਤੋਂ ਬਾਅਦ ਫੈਕਟਰੀ ਪ੍ਰਬੰਧਕਾਂ ਵੱਲੋਂ ਗੇਟ ਬੰਦ ਕਰਨ ਅਤੇ ਪਰਿਵਾਰ ਤੋਂ ਗੱਲ ਲੁਕਾਉਣ ਦੇ ਗੰਭੀਰ ਦੋਸ਼ਾਂ ਨੂੰ ਲੈ ਕੇ ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੇ ਫੈਕਟਰੀ ਦੇ ਬਾਹਰ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਸੂਚਨਾ ਮਿਲਦੇ ਹੀ ਥਾਣਾ ਸਾਹਨੇਵਾਲ ਦੀ ਪੁਲਸ ਟੀਮ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ, ਮ੍ਰਿਤਕਾ ਦੀ ਪਛਾਣ 19 ਸਾਲਾ ਸਵਿਤਾ ਵਜੋਂ ਹੋਈ ਹੈ। ਉਸ ਦਾ ਪਰਿਵਾਰ ਅਸਲ ਵਿਚ ਉੱਤਰ ਪ੍ਰਦੇਸ਼ ਦੇ ਜ਼ਿਲ੍ਹੇ ਬਲੀਆ (ਥਾਣਾ ਰੇਵਤੀ) ਦਾ ਰਹਿਣ ਵਾਲਾ ਹੈ ਅਤੇ ਰੋਜ਼ੀ-ਰੋਟੀ ਦੇ ਸਿਲਸਿਲੇ ਵਿਚ ਇੱਥੇ ਰਹਿ ਕੇ ਮਿਹਨਤ-ਮਜ਼ਦੂਰੀ ਕਰ ਰਿਹਾ ਸੀ। ਸਵਿਤਾ ਸੋਮਵਾਰ ਨੂੰ ਰੋਜ਼ਾਨਾ ਦੀ ਤਰ੍ਹਾਂ ਪਿੰਡ ਪਵਾਂ ਸਥਿਤ ਨਟ-ਬੋਲਟ ਬਣਾਉਣ ਵਾਲੀ ਫੈਕਟਰੀ ਵਿਚ ਆਪਣੀ ਡਿਊਟੀ 'ਤੇ ਪਹੁੰਚੀ ਸੀ। ਮੌਕੇ 'ਤੇ ਮੌਜੂਦ ਲੋਕਾਂ ਮੁਤਾਬਕ, ਉਸ ਨੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਆਪਣੀ ਮਸ਼ੀਨ ਦੀ ਸਾਫ਼-ਸਫ਼ਾਈ ਕੀਤੀ। ਸਫ਼ਾਈ ਕਰਨ ਤੋਂ ਬਾਅਦ ਜਿਵੇਂ ਹੀ ਉਸ ਨੇ ਮਸ਼ੀਨ ਦਾ ਸਵਿੱਚ ਆਨ ਕੀਤਾ, ਹਵਾ ਦੇ ਬੁੱਲੇ ਜਾਂ ਅਣਗਹਿਲੀ ਕਾਰਨ ਉਸ ਦੇ ਗਲ਼ ਵਿਚ ਪਈ ਚੁੰਨੀ ਅਚਾਨਕ ਮਸ਼ੀਨ ਦੇ ਰੋਟੇਟਿੰਗ ਸ਼ਾਫਟ/ਰੋਲਰ ਦੀ ਲਪੇਟ ਵਿਚ ਆ ਗਈ। ਮਸ਼ੀਨ ਨੇ ਪੂਰੀ ਤਾਕਤ ਨਾਲ ਚੁੰਨੀ ਨੂੰ ਅੰਦਰ ਖਿੱਚ ਲਿਆ, ਜਿਸ ਨਾਲ ਸਵਿਤਾ ਦਾ ਸਿਰ ਅਤੇ ਧੌਣ ਸਿੱਧੇ ਮਸ਼ੀਨ ਦੇ ਅੰਦਰ ਫਸ ਗਏ ਅਤੇ ਗੰਭੀਰ ਸੱਟਾਂ ਲੱਗਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਹਾਦਸੇ ਤੋਂ ਬਾਅਦ ਮ੍ਰਿਤਕਾ ਦੇ ਪਿਤਾ ਛੋਟੇ ਲਾਲ ਅਤੇ ਹੋਰ ਪਰਿਵਾਰਕ ਮੈਂਬਰ ਜਦੋਂ ਫੈਕਟਰੀ ਪਹੁੰਚੇ, ਤਾਂ ਉੱਥੋਂ ਦਾ ਮਾਹੌਲ ਬੇਹੱਦ ਤਣਾਅਪੂਰਨ ਹੋ ਗਿਆ। ਪਰਿਵਾਰ ਵਾਲਿਆਂ ਨੇ ਪ੍ਰਬੰਧਕਾਂ 'ਤੇ ਅਸੰਵੇਦਨਸ਼ੀਲਤਾ ਅਤੇ ਲਾਪਰਵਾਹੀ ਦਾ ਦੋਸ਼ ਲਗਾਉਂਦੇ ਹੋਏ ਜੰਮ ਕੇ ਰੋਸ ਜਤਾਇਆ। ਪਿਤਾ ਛੋਟੇ ਲਾਲ ਨੇ ਰੋਂਦਿਆਂ-ਕੁਰਲਾਉਂਦਿਆਂ ਗੰਭੀਰ ਦੋਸ਼ ਲਗਾਇਆ ਕਿ ਇੰਨਾ ਵੱਡਾ ਹਾਦਸਾ ਹੋਣ ਦੇ ਬਾਵਜੂਦ ਫੈਕਟਰੀ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਤੁਰੰਤ ਕੋਈ ਸੂਚਨਾ ਨਹੀਂ ਦਿੱਤੀ। ਉਲਟਾ ਘਟਨਾ ਤੋਂ ਤੁਰੰਤ ਬਾਅਦ ਫੈਕਟਰੀ ਦਾ ਮੁੱਖ ਗੇਟ ਬੰਦ ਕਰ ਦਿੱਤਾ ਗਿਆ ਤਾਂ ਜੋ ਮਾਮਲਾ ਬਾਹਰ ਨਾ ਨਿਕਲ ਸਕੇ। ਪਿਤਾ ਨੇ ਦੱਸਿਆ ਕਿ ਫੈਕਟਰੀ ਅੰਦਰ ਕੰਮ ਕਰਨ ਵਾਲੀਆਂ ਹੋਰ ਸਾਥੀ ਮਹਿਲਾ ਮਜ਼ਦੂਰਾਂ ਰਾਹੀਂ ਉਨ੍ਹਾਂ ਨੂੰ ਇਸ ਰੂਹ ਕੰਬਾਊ ਹਾਦਸੇ ਦਾ ਪਤਾ ਲੱਗਾ, ਜਿਸ ਤੋਂ ਬਾਅਦ ਉਹ ਭੱਜਦੇ ਹੋਏ ਮੌਕੇ 'ਤੇ ਪਹੁੰਚੇ।

ਪਰਿਵਾਰ ਵਾਲਿਆਂ ਨੇ ਦੱਸਿਆ ਕਿ ਸਵਿਤਾ ਤਿੰਨ ਭੈਣਾਂ ਵਿਚੋਂ ਦੂਜੇ ਨੰਬਰ 'ਤੇ ਸੀ ਅਤੇ ਆਪਣੇ ਪਿਤਾ ਨਾਲ ਮਜ਼ਦੂਰੀ ਕਰਕੇ ਪਰਿਵਾਰ ਦਾ ਆਰਥਿਕ ਸਹਾਰਾ ਬਣ ਰਹੀ ਸੀ। ਜਵਾਨ ਧੀ ਦੀ ਫੈਕਟਰੀ ਦੀ ਮਸ਼ੀਨ ਵਿਚ ਪਿਸ ਕੇ ਹੋਈ ਦਰਦਨਾਕ ਮੌਤ ਦੀ ਖ਼ਬਰ ਮਿਲਦਿਆਂ ਹੀ ਮਾਂ ਅਤੇ ਭੈਣਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਪਰਿਵਾਰ ਦਾ ਵਿਰਲਾਪ ਦੇਖ ਕੇ ਮੌਕੇ 'ਤੇ ਮੌਜੂਦ ਹਰ ਸ਼ਖ਼ਸ ਦੀ ਅੱਖ ਨਮ ਹੋ ਗਈ। ਗੁੱਸੇ ਵਿਚ ਆਏ ਪਰਿਵਾਰ ਵਾਲਿਆਂ ਨੇ ਫੈਕਟਰੀ ਮਾਲਕਾਂ 'ਤੇ ਸੁਰੱਖਿਆ ਮਾਪਦੰਡਾਂ ਦੀ ਅਣਦੇਖੀ ਅਤੇ ਲਾਪਰਵਾਹੀ ਵਰਤਣ ਦੇ ਦੋਸ਼ ਲਗਾਉਂਦੇ ਹੋਏ ਇਨਸਾਫ਼ ਦੀ ਮੰਗ ਕੀਤੀ ਹੈ।

ਹਾਦਸੇ ਅਤੇ ਪ੍ਰਦਰਸ਼ਨ ਦੀ ਖ਼ਬਰ ਮਿਲਦਿਆਂ ਹੀ ਥਾਣਾ ਸਾਹਨੇਵਾਲ ਦੇ ਇੰਚਾਰਜ ਨਵਦੀਪ ਸਿੰਘ ਆਪਣੀ ਪੁਲਸ ਪਾਰਟੀ ਨਾਲ ਤੁਰੰਤ ਪਿੰਡ ਪਵਾ ਸਥਿਤ ਫੈਕਟਰੀ ਪਹੁੰਚੇ। ਪੁਲਸ ਨੇ ਸਥਿਤੀ ਨੂੰ ਸ਼ਾਂਤ ਕਰਵਾਇਆ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਦੀ ਕਾਰਵਾਈ ਲਈ ਸਿਵਲ ਹਸਪਤਾਲ ਭੇਜ ਦਿੱਤਾ। ਥਾਣੇਦਾਰ ਨਵਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੇ ਘਟਨਾ ਸਥਾਨ ਦਾ ਬਾਰੀਕੀ ਨਾਲ ਮੁਆਇਨਾ ਕੀਤਾ ਹੈ ਅਤੇ ਮਸ਼ੀਨ ਦੀ ਸਥਿਤੀ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਮ੍ਰਿਤਕਾ ਦੇ ਪਿਤਾ ਛੋਟੇ ਲਾਲ ਅਤੇ ਪਰਿਵਾਰਕ ਮੈਂਬਰਾਂ ਦੇ ਅਧਿਕਾਰਤ ਬਿਆਨਾਂ ਦੇ ਆਧਾਰ 'ਤੇ ਫੈਕਟਰੀ ਪ੍ਰਬੰਧਕਾਂ ਅਤੇ ਜ਼ਿੰਮੇਵਾਰਾਂ ਖ਼ਿਲਾਫ਼ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।


author

Anmol Tagra

Content Editor

Related News