ਵੱਡਾ ਹਾਦਸਾ, ਟਰਾਂਸਫਾਰਮਰ ''ਚ ਵੱਜੀ ਗੱਡੀ, ਹੋਏ ਜੋਰਦਾਰ ਬਲਾਸਟ, ਸੁਆਹ ਹੋਇਆ ਸਭ ਕੁਝ

Monday, Sep 15, 2025 - 08:56 AM (IST)

ਵੱਡਾ ਹਾਦਸਾ, ਟਰਾਂਸਫਾਰਮਰ ''ਚ ਵੱਜੀ ਗੱਡੀ, ਹੋਏ ਜੋਰਦਾਰ ਬਲਾਸਟ, ਸੁਆਹ ਹੋਇਆ ਸਭ ਕੁਝ

ਲੁਧਿਆਣਾ, (ਖੁਰਾਣਾ)- ਪੰਜਾਬ ਰਾਜ ਬਿਜਲੀ ਨਿਗਮ ਦੇ ਸੀ. ਐੱਸ. ਸੀ. ਡਵੀਜ਼ਨ ਅਧੀਨ ਆਉਂਦੇ ਟਿੱਬਾ ਰੋਡ ਦੀ ਗੁਰਮੇਲ ਕਾਲੋਨੀ ’ਚ ਦੇਰ ਰਾਤ ਟਾਟਾ 407 ਗੱਡੀ  ਬਿਜਲੀ ਦੇ ਟਰਾਂਸਫਾਰਮਰ ਨਾਲ ਟਕਰਾਉਣ ਤੋਂ ਬਾਅਦ ਹੋਏ ਜ਼ੋਰਦਾਰ ਧਮਾਕੇ ਕਾਰਨ ਟਾਟਾ-407 ਗੱਡੀ ਸੜ ਕੇ ਸੁਆਹ ਹੋ ਗਈ। ਇਸ ਭਿਆਨਕ ਹਾਦਸੇ ਕਾਰਨ ਪਾਵਰਕਾਮ ਵਿਭਾਗ ਨੂੰ ਲਗਭਗ 8.5 ਲੱਖ ਰੁਪਏ ਦਾ ਵਿੱਤੀ ਨੁਕਸਾਨ ਹੋਇਆ ਹੈ।

ਹਾਦਸੇ ਕਾਰਨ ਇਲਾਕੇ ’ਚ ਅੱਗ ਦੀਆਂ ਭਿਆਨਕ ਲਪਟਾਂ ਉੱਠਦੀਆਂ ਦੇਖ ਕੇ ਇਲਾਕਾ ਵਾਸੀ ਹੈਰਾਨ ਰਹਿ ਗਏ ਅਤੇ ਇਸ ਦੌਰਾਨ ਇਕ ਤੋਂ ਬਾਅਦ ਇਕ ਕਈ ਜ਼ੋਰਦਾਰ ਧਮਾਕਿਆਂ ਦੇ ਡਰ ਕਾਰਨ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ ਅਤੇ ਗਲੀਆਂ ’ਚ ਇਕੱਠੇ ਹੋ ਗਏ। ਇਲਾਕੇ ਦੀਆਂ ਔਰਤਾਂ ਨੇ ਦੱਸਿਆ ਕਿ ਜ਼ੋਰਦਾਰ ਧਮਾਕਾ ਹੁੰਦੇ ਸਾਰ ਇੰਝ ਲੱਗ ਰਿਹਾ ਸੀ ਜਿਵੇਂ ਇਲਾਕੇ ’ਚ ਕੋਈ ਬੰਬ ਫਟ ਗਿਆ ਹੋਵੇ। ਉਨ੍ਹਾਂ ਦੱਸਿਆ ਕਿ ਜਦੋਂ ਉਹ ਹਾਦਸੇ ਵਾਲੀ ਥਾਂ ’ਤੇ ਗਏ ਤਾਂ ਸੀ. ਐੱਨ. ਜੀ. ਨਾਲ ਚੱਲਣ ਵਾਲੀ ਟਾਟਾ 407 ਗੱਡੀ ਸੜ ਰਹੀ ਸੀ ਅਤੇ ਬਿਜਲੀ ਦੇ ਟਰਾਂਸਫਾਰਮਰ ’ਚ ਭਿਆਨਕ ਅੱਗ ਲੱਗੀ ਹੋਈ ਸੀ। ਲਗਾਤਾਰ ਉੱਠ ਰਿਹਾ ਧੂੰਆਂ ਕਈ ਕਿਲੋਮੀਟਰ ਤੱਕ ਦਿਖਾਈ ਦੇ ਰਿਹਾ ਸੀ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ, ਫਾਇਰ ਬ੍ਰਿਗੇਡ ਦੀ ਟੀਮ ਮੌਕੇ ’ਤੇ ਪਹੁੰਚੀ, ਲੰਬੀ ਮਸ਼ਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਜਾ ਸਕਿਆ। 

ਜਾਣਕਾਰੀ ਦਿੰਦੇ ਹੋਏ ਪਾਵਰਕਾਮ ਦੇ ਸੀ. ਐੱਸ. ਸੀ. ਡਵੀਜ਼ਨ ’ਚ ਤਾਇਨਾਤ ਸੰਜੀਵ ਕੁਮਾਰ ਜੌਲੀ ਨੇ ਕਿਹਾ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਬਿਜਲੀ ਦੇ ਟਰਾਂਸਫਾਰਮਰ ਦੇ ਨਾਲ-ਨਾਲ, ਲੋਹੇ ਦੇ ਖੰਭੇ ਵੀ ਸੜ ਗਏ ਅਤੇ ਬੁਰੀ ਤਰ੍ਹਾਂ ਪਿਘਲ ਗਏ। ਉਨ੍ਹਾਂ ਕਿਹਾ ਕਿ ਸੀ. ਐੱਨ. ਜੀ. ਟਾਟਾ-407 ਗੱਡੀ ਗੁਰਮੇਲ ਪਾਰਕ ਖੇਤਰ ’ਚ ਲਾਏ ਬਿਜਲੀ ਦੇ ਟਰਾਂਸਫਾਰਮਰ ਨਾਲ ਟਕਰਾਉਣ ਕਾਰਨ ਵੱਡੇ ਧਮਾਕੇ ਹੋਏ। ਜੌਲੀ ਅਨੁਸਾਰ, ਗੱਡੀ ਦਾ ਟੈਂਕਰ ਥਿਨਰ ਕੈਮੀਕਲ ਨਾਲ ਭਰਿਆ ਹੋਇਆ ਸੀ, ਜਿਸ ਕਾਰਨ ਭਿਆਨਕ ਅੱਗ ਫੈਲ ਗਈ ਅਤੇ ਕੁਝ ਹੀ ਸਮੇਂ ’ਚ ਅੱਗ ਦੀਆਂ ਤੇਜ਼ ਲਪਟਾਂ ਨੇ ਟਾਟਾ-407 ਗੱਡੀ, ਟਰਾਂਸਫਾਰਮਰ, ਬਿਜਲੀ ਦੇ ਖੰਭੇ, ਐਂਗਲ, ਹਾਈ ਵੋਲਟੇਜ ਅਤੇ ਲੋਅ ਵੋਲਟੇਜ ਤਾਰਾਂ ਸਭ ਕੁਝ ਸੜ ਕੇ ਸੁਆਹ ਹੋ ਗਿਆ।

ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਡਰਾਈਵਰ ਦੀ ਗਲਤੀ ਕਾਰਨ ਪਾਵਰਕਾਮ ਨੂੰ ਲਗਭਗ 8.5 ਲੱਖ ਰੁਪਏ ਦਾ ਵਿੱਤੀ ਨੁਕਸਾਨ ਹੋਇਆ ਹੈ, ਜਿਸ ਦੀ ਪੂਰਤੀ ਲਈ ਗੱਡੀ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਡਰਾਈਵਰ ਵਿਰੁੱਧ ਪੁਲਸ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪ੍ਰਭਾਵਿਤ ਇਲਾਕਿਆਂ ’ਚ ਦੇਰ ਰਾਤ ਬਿਜਲੀ ਦੀ ਸਪਲਾਈ ਤਾਂ ਮੁੜ ਚਾਲੂ ਕਰ ਦਿੱਤੀ ਗਈ ਹੈ ਅਤੇ ਨਵੇਂ ਟਰਾਂਸਫਾਰਮਰ ਅਤੇ ਖੰਭੇ ਲਾਉਣ ਦਾ ਕੰਮ ਜੰਗੀ ਪੱਧਰ ’ਤੇ ਕੀਤਾ ਜਾ ਰਿਹਾ ਹੈ।


author

DILSHER

Content Editor

Related News