ਸਿੰਗਲਾ ਦੀ ਬਰਖ਼ਾਸਤਗੀ ’ਤੇ ਬੋਲੇ ਤਰੁਣ ਚੁੱਘ, ‘ਕੁਰੱਪਸ਼ਨ ਦਾ ‘ਦਿੱਲੀ ਕੁਨੈਕਸ਼ਨ’ ਵੀ ਲੋਕਾਂ ਨੂੰ ਦੱਸਣ CM ਮਾਨ’
Tuesday, May 24, 2022 - 09:09 PM (IST)
ਚੰਡੀਗੜ੍ਹ (ਬਿਊਰੋ)-ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ’ਚ ਬਰਖ਼ਾਸਤ ਕਰਨ ’ਤੇ ਤੰਜ਼ ਕੱਸਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਤੱਕ ਰੇਤ ਅਤੇ ਡਰੱਗ ਮਾਫ਼ੀਆ ਖ਼ਿਲਾਫ਼ ਤਾਂ ਕੋਈ ਕਾਰਵਾਈ ਨਹੀਂ ਕੀਤੀ। ਮੰਤਰੀ ਨੂੰ ਬਰਖ਼ਾਸਤ ਕਰਨ ਪਿੱਛੇ ਸੱਚ ਕੀ ਹੈ? ਉਹ ਸੱਚਾਈ ਜਨਤਾ ਨੂੰ ਦੱਸਣੀ ਪਵੇਗੀ। ਮੰਤਰੀ ਦੇ ਪਿੱਛੇ ਭ੍ਰਿਸ਼ਟਾਚਾਰ ਦੀ ਖੇਡ ਕੌਣ ਖੇਡ ਰਿਹਾ ਸੀ, ਇਸ ’ਤੇ ਅਜੇ ਵੀ ਪਰਦਾ ਹੈ। ਮੁੱਖ ਮੰਤਰੀ ਦੀ ਇਹ ਕਾਰਵਾਈ ਸਿਰਫ ਦਿਖਾਵਾ ਹੈ। ਮੁੱਖ ਮੰਤਰੀ ਜੀ ਕੁਰੱਪਸ਼ਨ ਦਾ ‘ਦਿੱਲੀ ਕੁਨੈਕਸ਼ਨ’ ਕੀ ਹੈ, ਇਸ ਗੱਲ ਦੀ ਜਾਣਕਾਰੀ ਦਿਓ। ਇਸ ਮਾਮਲੇ ’ਚ ਖਿਡਾਰੀ ਕੋਈ ਹੋਰ ਹੈ, ਉਹ ਦੂਰੋਂ ਹੀ ਬੈਠਾ ਤਮਾਸ਼ਾ ਦੇਖ ਰਿਹਾ ਹੈ। ਸੂਬੇ ਦੇ ਲੋਕ ਸੱਚ ਜਾਣਨਾ ਚਾਹੁੰਦੇ ਹਨ।
ਇਹ ਵੀ ਪੜ੍ਹੋ : ਸਾਬਕਾ ਸਿਹਤ ਮੰਤਰੀ ਸਿੰਗਲਾ ਮੋਹਾਲੀ ਅਦਾਲਤ ’ਚ ਪੇਸ਼, 3 ਦਿਨਾ ਰਿਮਾਂਡ ’ਤੇ ਭੇਜਿਆ
ਤਰੁਣ ਚੁੱਘ ਨੇ ਕਿਹਾ ਕਿ ਦਿੱਲੀ ’ਚ ਬੈਠਾ ਕੌਣ ਹੈ, ਜੋ ਸੂਬੇ ਨੂੰ ਰਿਮੋਟ ਨਾਲ ਚਲਾ ਰਿਹਾ ਹੈ। ਭਗਵੰਤ ਮਾਨ ਨੂੰ ਮੰਤਰੀ ਨੂੰ ਬਰਖ਼ਾਸਤ ਕਰਨ ਦੇ ਹੁਕਮ ਕੌਣ ਦੇ ਰਿਹਾ ਹੈ। ਤਰੁਣ ਚੁੱਘ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਯਾਦ ਦਿਵਾਇਆ ਕਿ ਗੁਜਰਾਤ ਅਤੇ ਹਿਮਾਚਲ ਦੇ ਆਪਣੇ ਚੋਣ ਦੌਰੇ ਦੌਰਾਨ ਉਨ੍ਹਾਂ ਦਾਅਵਾ ਕੀਤਾ ਸੀ ਕਿ ਸੂਬਾ ਭ੍ਰਿਸ਼ਟਾਚਾਰ ਮੁਕਤ ਹੋ ਚੁੱਕਾ ਹੈ। ਦੋ ਮਹੀਨਿਆਂ ਤਕ ਮੁੱਖ ਮੰਤਰੀ ਦੇ ਨੱਕ ਹੇਠ ਇਕ ਮੰਤਰੀ ਹਰ ਟੈਂਡਰ ’ਚ ਕਮਿਸ਼ਨ ਲੈ ਰਿਹਾ ਹੈ, ਗੁਜਰਾਤ ਅਤੇ ਹਿਮਾਚਲ ’ਚ ਦਿੱਤੇ ਬਿਆਨ ਝੂਠੇ ਸਾਬਤ ਹੋਏ ਹਨ। ਤਰੁਣ ਚੁੱਘ ਨੇ ਖ਼ਦਸ਼ਾ ਪ੍ਰਗਟ ਕੀਤਾ ਕਿ ਭਗਵੰਤ ਮਾਨ ਉਨ੍ਹਾਂ ਹੀ ਸਰਕਾਰਾਂ ਦੇ ਪਦਚਿੰਨ੍ਹਾਂ ’ਤੇ ਚੱਲ ਰਹੇ ਹਨ, ਜਿਨ੍ਹਾਂ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਦਾਅਵੇ ਤਾਂ ਕੀਤੇ ਹਨ ਪਰ ਨਸ਼ਾ ਤਸਕਰਾਂ ਨੂੰ ਸਿਆਸੀ ਸ਼ਰਨ ਦਿੱਤੀ। ਮਾਨ ਜੇ ਨਸ਼ੇ ਦੇ ਵਿਰੁੱਧ ਮੁਹਿੰਮ ਛੇੜਨਾ ਚਾਹੁੰਦੇ ਹਨ ਤਾਂ ਪਹਿਲਾਂ ਖੁਦ ਤੇ ਕੈਬਨਿਟ ਸਾਥੀਆਂ ਦਾ ਡੋਪ ਟੈਸਟ ਕਰਵਾਉਣ।
ਇਹ ਵੀ ਪੜ੍ਹੋ : ਜਥੇਦਾਰ ਹਰਪ੍ਰੀਤ ਸਿੰਘ ਦੇ ਹਥਿਆਰਾਂ ਵਾਲੇ ਬਿਆਨ ’ਤੇ CM ਮਾਨ ਦੀ ਪ੍ਰਤੀਕਿਰਿਆ ਆਈ ਸਾਹਮਣੇ