ਦੂਜੇ ਸੂਬਿਆਂ ''ਚ ਵਿਰੋਧੀਆਂ ਨੂੰ ਡਰਾਉਣ ਲਈ ਪੰਜਾਬ ਪੁਲਸ ਦੀ ਵਰਤੋਂ ਕਰ ਰਹੀ ''ਆਪ'' : ਤਰੁਣ ਚੁੱਘ
Wednesday, Apr 20, 2022 - 05:03 PM (IST)
ਚੰਡੀਗੜ੍ਹ : ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਅੱਜ ਯੂ. ਪੀ. ਦੇ ਗਾਜ਼ੀਆਬਾਦ 'ਚ ਕੁਮਾਰ ਵਿਸ਼ਵਾਸ਼ ਦੇ ਘਰ 'ਤੇ ਪੰਜਾਬ ਪੁਲਸ ਵੱਲੋਂ ਕੀਤੀ ਗਈ ਛਾਪੇਮਾਰੀ ਸਬੰਧੀ ਸਖ਼ਤ ਨੋਟਿਸ ਲਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਸ਼ਹਿ 'ਤੇ ਸਿਆਸੀ ਭੜਾਸ ਕੱਢਣ ਲਈ ਪੰਜਾਬ ਪੁਲਸ ਬਲ ਦੀ ਸ਼ਰੇਆਮ ਦੁਰਵਰਤੋਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਨੇ ਹੁਣ ਤੱਕ ਦਿੱਲੀ ਅਤੇ ਮਹਾਰਾਸ਼ਟਰ ਦੇ ਭਾਜਪਾ ਆਗੂਆਂ ਖ਼ਿਲਾਫ਼ ਤਿੰਨ ਮਾਮਲੇ ਦਰਜ ਕੀਤੇ ਹਨ, ਜੋ ਕਦੇ ਵੀ ਸਿਆਸੀ ਕਾਰਨਾਂ ਕਰਕੇ ਪੰਜਾਬ ਨਹੀਂ ਆਏ।
ਉਨ੍ਹਾਂ ਕਿਹਾ ਕਿ ਅਜਿਹੀਆਂ ਖ਼ਬਰਾਂ ਵੀ ਆ ਰਹੀਆਂ ਹਨ ਕਿ ਪੰਜਾਬ ਪੁਲਸ ਨੇ ਅੱਜ ਦਿੱਲੀ ਦੀ ਆਗੂ ਅਲਕਾ ਲਾਂਬਾ ਦੇ ਘਰ ਵੀ ਛਾਪੇਮਾਰੀ ਕੀਤੀ ਹੈ। ਤਰੁਣ ਚੁੱਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਿਆਸੀ ਬਦਲਾਖੋਰੀ ਦਾ ਪਹਿਲਾ ਸੰਕੇਤ ਉਸ ਸਮੇਂ ਸਾਹਮਣੇ ਆਇਆ, ਜਦੋਂ ਪੰਜਾਬ ਪੁਲਸ ਨੇ ਮੁੱਖ ਮੰਤਰੀ ਦਫ਼ਤਰ ਤੋਂ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਹਟਾਉਣ ਬਾਰੇ ਟਵੀਟ ਕਰਨ ਲਈ ਮਹਾਰਾਸ਼ਟਰ 'ਚ ਭਾਜਪਾ ਕਾਰਕੁੰਨ ਖ਼ਿਲਾਫ਼ ਕੇਸ ਦਰਜ ਕੀਤਾ। ਇਹ ਸ਼ਿਕਾਇਤ ਆਮ ਆਦਮੀ ਪਾਰਟੀ ਮੋਹਾਲੀ ਦੇ ਜ਼ਿਲ੍ਹਾ ਅਹੁਦੇਦਾਰ ਨੇ ਸੂਬਾ ਪੁਲਸ ਦੇ ਸਾਈਬਰ ਸੈੱਲ 'ਚ ਦਰਜ ਕਰਵਾਈ ਹੈ। ਤਰੁਣ ਚੁੱਘ ਨੇ ਪੁਲਸ ਬਲ ਦਾ ਸਿਆਸੀਕਰਨ ਕਰਨ ਲਈ ਆਮ ਆਦਮੀ ਪਾਰਟੀ ਦੇ ਮਨਸੂਬਿਆਂ ਦੀ ਨਿੰਦਾ ਕੀਤੀ ਹੈ।