ਸ਼ਿਲਾਂਗ ਦੇ ਸਿੱਖਾਂ ਦੇ ਵਫਦ ਨੂੰ ਚੁੱਘ ਨੇ ਦਿੱਤਾ ਭਰੋਸਾ

Thursday, Jul 25, 2019 - 02:33 PM (IST)

ਸ਼ਿਲਾਂਗ ਦੇ ਸਿੱਖਾਂ ਦੇ ਵਫਦ ਨੂੰ ਚੁੱਘ ਨੇ ਦਿੱਤਾ ਭਰੋਸਾ

ਚੰਡੀਗੜ੍ਹ (ਸ਼ਰਮਾ) : ਭਾਰਤੀ ਜਨਤਾ ਪਾਰਟੀ ਦੇ ਕੌਮੀ ਸਕੱਤਰ ਤਰੁਣ ਚੁੱਘ ਨੂੰ ਸ਼ਿਲਾਂਗ 'ਚ ਜੀਵਨ ਬਿਤਾਉਣ ਵਾਲੇ 350 ਤੋਂ ਜ਼ਿਆਦਾ ਸਿੱਖ ਸਮਾਜ ਦੇ ਦਲਿਤ ਪਰਿਵਾਰਾਂ ਦਾ ਵਫ਼ਦ ਗੁਰਜੀਤ ਸਿੰਘ ਦੀ ਅਗਵਾਈ 'ਚ ਨਵੀਂ ਦਿੱਲੀ ਸਥਿਤ ਭਾਜਪਾ ਮੁੱਖ ਦਫ਼ਤਰ 'ਚ ਮਿਲਿਆ। ਇਸ ਮੌਕੇ ਵਫ਼ਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਂ ਮੀਮੋ ਦੇ ਕੇ ਵਿਸਥਾਰ ਨਾਲ ਤਰੁਣ ਚੁੱਘ ਨੂੰ ਆਪਣੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਚੁੱਘ ਨੇ ਸ਼ਿਲਾਂਗ ਤੋਂ ਆਏ ਵਫ਼ਦ ਨੂੰ ਸਿੱਖ ਸਮਾਜ ਦੀ ਸਮੱਸਿਆ ਤੋਂ ਕੇਂਦਰੀ ਗ੍ਰਹਿ ਮੰਤਰੀ ਨੂੰ ਜਾਣੂ ਕਰਵਾਉਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਸ਼ਿਲਾਂਗ 'ਚ 2 ਸ਼ਤਾਬਦੀਆਂ ਤੋਂ ਜ਼ਿਆਦਾ ਸਮੇਂ ਤੋਂ ਰਹਿ ਕੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਮਜ਼ਬੂਤ ਕਰਨ ਅਤੇ ਮੇਘਾਲਿਆ ਸਰਵਪੱਖੀ ਵਿਕਾਸ 'ਚ ਆਪਣਾ ਮਹੱਤਵਪੂਰਨ ਯੋਗਦਾਨ ਦੇਣ ਵਾਲੇ ਸਿੱਖ ਪਰਿਵਾਰਾਂ ਦੇ ਉਤਪੀੜਨ ਨੂੰ ਰੋਕਿਆ ਜਾਵੇਗਾ ਅਤੇ ਉਨ੍ਹਾਂ ਦੀ ਜਾਨ-ਮਾਲ ਦੀ ਰੱਖਿਆ ਕਰਨ ਦੇ ਹਰ ਸੰਭਵ ਯਤਨ ਕੀਤੇ ਜਾਣਗੇ।

ਦੱਸਣਯੋਗ ਹੈ ਕਿ ਸ਼ਿਲਾਂਗ 'ਚ ਰਹਿੰਦੇ 300 ਸਿੱਖ ਪਰਿਵਾਰਾਂ ਨੂੰ ਇਕ ਵਾਰ ਫਿਰ ਤੋਂ ਸ਼ਹਿਰ ਛੱਡਣ ਦੀ ਧਮਕੀ ਮਿਲੀ ਹੈ। ਪਾਬੰਦੀਸ਼ੁਦਾ ਸੰਗਠਨ ਐੱਚ. ਐੱਨ. ਸੀ. ਨੇ ਪੱਤਰ ਭੇਜ ਕੇ ਧਮਕੀ ਦਿੱਤੀ ਹੈ ਕਿ ਉਹ ਪੰਜਾਬੀ ਕਾਲੋਨੀ, ਵੱਡਾ ਬਾਜ਼ਾਰ ਨੂੰ ਖਾਲੀ ਕਰ ਦੇਣ। ਧਮਕੀ ਤੋਂ ਬਾਅਦ ਡਰੇ ਹੋਏ ਸਿੱਖਾਂ ਨੇ ਦਿੱਲੀ ਆ ਕੇ ਪੀ. ਐੱਮ. ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲੋਂ ਜਾਨ-ਮਾਲ ਦੀ ਰੱਖਿਆ ਲਈ ਫਰਿਆਦ ਕੀਤੀ ਹੈ।
 


author

Anuradha

Content Editor

Related News