ਪੰਜਾਬ ’ਚ ਧਰਮ ਪਰਿਵਰਤਨ ਖ਼ਿਲਾਫ਼ ਕਾਨੂੰਨ ਲਿਆਵੇਗੀ ਭਾਜਪਾ : ਤਰੁਣ ਚੁੱਘ

02/16/2022 12:56:22 PM

ਚੰਡੀਗੜ੍ਹ (ਸ਼ਰਮਾ) : ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁਘ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਵਿਚ ਭਾਜਪਾ ਦੀ ਸਰਕਾਰ ਆਉਂਦੀ ਹੈ ਤਾਂ ਇਹ ਭਾਜਪਾ ਸਰਕਾਰ ਦੀ ਤਰਜ਼ੀਹ ਹੋਵੇਗੀ ਕਿ ਉਹ ਧਰਮ ਪਰਿਵਰਤਨ ਖ਼ਿਲਾਫ਼ ਕਾਨੂੰਨ ਬਣਾਵੇ ਤਾਂ ਜੋ ਪੇਂਡੂ ਖੇਤਰਾਂ ਵਿਚ ਵੱਡੀ ਗਿਣਤੀ ਵਿਚ ਹੋ ਰਹੇ ਧਰਮ ਪਰਿਵਰਤਨ ਨੂੰ ਰੋਕਿਆ ਜਾ ਸਕੇ। ਫਿਰੋਜ਼ਪੁਰ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਚੁੱਘ ਨੇ ਕਿਹਾ ਕਿ ਪੰਜਾਬ ਨੂੰ ਵਿਦੇਸ਼ੀ ਤਾਕਤਾਂ ਵੱਲੋਂ ਸਾਜਿਸ਼ਾਂ ਦੇ ਚੁੰਗਲ ਵਿਚ ਫਸਾ ਦਿੱਤਾ ਗਿਆ ਹੈ, ਹਿੰਸਕ ਧਰਮ ਪਰਿਵਰਤਨ ਉਨ੍ਹਾਂ ਦੀਆਂ ਸਾਜਿਸ਼ਾਂ ਦਾ ਹਿੱਸਾ ਹੈ। ਇਸ ਤਰ੍ਹਾਂ ਇਹ ਵਿਦੇਸ਼ੀ ਤਾਕਤਾਂ ਸੂਬੇ ਦੀ ਸੁਰੱਖਿਆ ਲਈ ਵੱਡਾ ਖ਼ਤਰਾ ਬਣ ਗਈਆਂ ਹਨ।

ਚੁੱਘ ਨੇ ਕਿਹਾ ਕਿ ਇਸ ਸਮੇਂ ਪੰਜਾਬ ਨੂੰ ਇਨ੍ਹਾਂ ਰਾਜ ਵਿਰੋਧੀ ਅਤੇ ਦੇਸ਼ ਵਿਰੋਧੀ ਤਾਕਤਾਂ ਤੋਂ ਬਚਾਉਣ ਦੀ ਲੋੜ ਹੈ। ਭਾਰਤ ਨੂੰ ਖੋਖਲਾ ਕਰਨ ਦੇ ਇਰਾਦੇ ਵਾਲੀਆਂ ਇਹ ਵਿਨਾਸ਼ਕਾਰੀ ਤਾਕਤਾਂ ਸਾਡੇ ਪੰਜਾਬ ਰਾਜ ਦੇ ਗਰੀਬ ਅਤੇ ਭੋਲੇ-ਭਾਲੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੀਆਂ ਹਨ, ਜਿਸ ਕਾਰਨ ਪੰਜਾਬ ਦਾ ਸੱਭਿਆਚਾਰਕ ਅਤੇ ਸਮਾਜਿਕ ਢਾਂਚਾ ਤਬਾਹੀ ਦੇ ਕੰਢੇ ਪਹੁੰਚ ਗਿਆ ਹੈ। ਚੁੱਘ ਨੇ ਕਿਹਾ ਕਿ ਭਾਜਪਾ ਦਾ ਇਕੋ-ਇੱਕ ਪ੍ਰਮੁੱਖ ਏਜੰਡਾ ਰਾਸ਼ਟਰੀ ਸੁਰੱਖਿਆ ਹੈ, ਜਿਸ ਦੀ ਸਥਾਪਨਾ ਲਈ ਪੰਜਾਬ ਵਿਚ ਭਾਜਪਾ ਦਾ ਸੱਤਾ ਵਿਚ ਆਉਣਾ ਬਹੁਤ ਜ਼ਰੂਰੀ ਹੈ। ਚੁੱਘ ਨੇ ਕਿਹਾ ਕਿ ਪਾਕਿਸਤਾਨ ਤੋਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਖੇਪ ਸਾਡੀ ਰਾਸ਼ਟਰੀ ਸੁਰੱਖਿਆ ਲਈ ਚਿੰਤਾ ਦਾ ਵਿਸ਼ਾ ਹੈ।

ਇਨ੍ਹਾਂ ਭਖਦੇ ਹਾਲਾਤਾਂ ਵਿਚ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਸ਼ਾਂਤੀਵਾਦੀ ਕਹਿਣਾ ਪੰਜਾਬ ਸਮੇਤ ਸਮੁੱਚੇ ਦੇਸ਼ ਲਈ ਮੰਦਭਾਗਾ ਹੈ। ਭਾਵੇਂ ਇਮਰਾਨ ਖਾਨ ਅਤੇ ਆਈ. ਐੱਸ. ਦਾ ਜਿੱਥੇ ਪੰਜਾਬ ਵਿਚ ਹਥਿਆਰਾਂ ਅਤੇ ਨਸ਼ਿਆਂ ਦੀ ਖੇਪ ਭੇਜਣਾ ਪੰਜਾਬ ਦੀ ਸੁਰੱਖਿਆ ਲਈ ਇਕ ਵੱਡਾ ਖ਼ਤਰਾ ਸਾਬਿਤ ਹੋ ਰਿਹਾ ਹੈ, ਉੱਥੇ ਹੀ ਸਿੱਧੂ ਇਮਰਾਨ ਖਾਨ ਨਾਲ ਆਪਣੀ ਗੂੜ੍ਹੀ ਦੋਸਤੀ ਨੂੰ ਭਾਰਤ ਦੇ ਲੋਕਾਂ ਨਾਲ ਸਾਂਝਾ ਕਰਨ ਵਿਚ ਹਮੇਸ਼ਾ ਮਾਣ ਮਹਿਸੂਸ ਕਰਨਗੇ। ਚੁੱਘ ਨੇ ਕਿਹਾ ਕਿ ਚੰਨੀ ਸਰਕਾਰ ਦੇ ਕਾਰਜਕਾਲ ਵਿਚ ਪੰਜਾਬ ਵਿਚ ਅਮਨ-ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਨਾਲ ਵਿਗੜ ਚੁੱਕੀ ਹੈ, ਜੋ ਕਿ ਸਰਹੱਦੀ ਖੇਤਰਾਂ ਵਿਚ ਰਹਿਣ ਵਾਲੇ ਲੋਕਾਂ ਦੀ ਜ਼ਿੰਦਗੀ ਲਈ ਬਹੁਤ ਹੀ ਸੰਵੇਦਨਸ਼ੀਲ ਮਾਮਲਾ ਹੈ। ਹੁਣ ਸਮਾਂ ਆ ਗਿਆ ਹੈ ਕਿ ਵੋਟਰ ਕਾਂਗਰਸ ਸਰਕਾਰ ਨੂੰ ਬਾਹਰ ਧੱਕਣ ਅਤੇ ਭਾਰਤੀ ਜਨਤਾ ਪਾਰਟੀ ਨੂੰ ਸੱਤਾ ਵਿਚ ਆਉਣ ਦਾ ਮੌਕਾ ਦੇਣ।
 


Babita

Content Editor

Related News