ਸਾਊਥ ਏਸ਼ੀਅਨ ਗੇਮਜ਼ ''ਚ ਗੋਲਡ ਜਿੱਤਣ ਵਾਲੀ ਰੈਸਲਰ ਗੁਰਸ਼ਰਨਪ੍ਰੀਤ ਦਾ ਪਿੰਡ ਪਹੁੰਚਣ ''ਤੇ ਭਰਵਾਂ ਸਵਾਗਤ

Sunday, Dec 15, 2019 - 11:45 AM (IST)

ਸਾਊਥ ਏਸ਼ੀਅਨ ਗੇਮਜ਼ ''ਚ ਗੋਲਡ ਜਿੱਤਣ ਵਾਲੀ ਰੈਸਲਰ ਗੁਰਸ਼ਰਨਪ੍ਰੀਤ ਦਾ ਪਿੰਡ ਪਹੁੰਚਣ ''ਤੇ ਭਰਵਾਂ ਸਵਾਗਤ

ਤਰਨਤਾਰਨ (ਰਾਜੂ) : ਬੀਤੀ 1 ਦਸੰਬਰ ਤੋਂ 10 ਦਸੰਬਰ ਤੱਕ ਨੇਪਾਲ ਵਿਖੇ ਸਾਊਥ ਏਸ਼ੀਅਨ ਗੇਮਜ਼ 'ਚ ਮਹਿਲਾ ਕੁਸ਼ਤੀ ਦੇ 72 ਕਿਲੋ ਵਰਗ ਮੁਕਾਬਲੇ 'ਚ ਭਾਰਤ ਦੀ ਤਰਫੋਂ ਸ਼ਾਨਦਾਰ ਪ੍ਰਦਰਸ਼ਨ ਕਰਕੇ ਸ੍ਰੀਲੰਕਾ ਨੂੰ ਹਰਾ ਕੇ ਸੋਨ ਤਮਗਾ ਜਿੱਤਣ ਵਾਲੀ ਗੁਰਸ਼ਰਨਪ੍ਰੀਤ ਕੌਰ ਨੇ ਇਕ ਵਾਰ ਫਿਰ ਆਪਣੇ ਪਿੰਡ ਵਣਿੰਗ ਮੋਹਨਪੁਰ ਜ਼ਿਲਾ ਤਰਨਤਾਰਨ ਦੇ ਨਾਲ-ਨਾਲ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਦਿੱਤਾ ਹੈ। ਇਸ ਜਿੱਤ ਤੋਂ ਬਾਅਦ ਪਿੰਡ ਪਹੁੰਚਣ 'ਤੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵਲੋਂ ਗੁਰਸ਼ਰਨਪ੍ਰੀਤ ਕੌਰ ਦਾ ਭਰਵਾਂ ਸਵਾਗਤ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਤਰਨਤਾਰਨ ਦੇ ਪਿੰਡ ਵਣਿੰਗ ਦੀ ਗੁਰਸ਼ਰਨਪ੍ਰੀਤ ਕੌਰ ਨੇ ਹੁਣ ਤੱਕ ਕੁਸ਼ਤੀ ਦੇ ਕਈ ਮੁਕਾਬਲਿਆਂ 'ਚ ਮੱਲਾਂ ਮਾਰਦਿਆਂ ਜਿੱਥੇ ਦੇਸ਼ ਲਈ ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ 'ਤੇ ਕਈ ਮੈਡਲ ਹਾਸਲ ਕੀਤੇ ਹਨ ਉੱਥੇ ਹੀ ਉਸ ਵਲੋਂ ਬੀਤੇ ਦਿਨੀਂ ਨੇਪਾਲ 'ਚ ਹੋਈਆਂ ਸਾਊਥ ਏਸ਼ੀਅਨ ਖੇਡਾਂ 'ਚ ਕੁਸ਼ਤੀ ਦੇ 76 ਕਿਲੋ ਵਰਗ 'ਚ ਆਪਣਾ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਫਾਈਨਲ ਮੁਕਾਬਲੇ 'ਚ ਸ੍ਰੀਲੰਕਾ ਦੀ ਖਿਡਾਰੀ ਨੂੰ ਚਿੱਤ ਕਰਕੇ ਦੇਸ਼ ਲਈ ਗੋਲਡ ਮੈਡਲ ਹਾਸਲ ਕਰ ਦੇਸ਼, ਸੂਬੇ, ਜ਼ਿਲੇ ਅਤੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ। ਗੁਰਸ਼ਰਨ ਦੀ ਇਸ ਪ੍ਰਾਪਤੀ ਤੋਂ ਬਾਅਦ ਉਸ ਦੇ ਪਿੰਡ ਵਾਪਸ ਪਰਤਣ 'ਤੇ ਪਿੰਡ ਵਾਸੀਆਂ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਵਲੋਂ ਉਸ ਨੂੰ ਹਾਰ, ਸਿਰੋਪਾਓ ਪਾ ਕੇ ਮੂੰਹ ਮਿੱਠਾ ਕਰਵਾਉਂਦਿਆਂ ਭਰਵਾਂ ਸਵਾਗਤ ਕੀਤਾ ਗਿਆ। ਗੌਰਤਲਬ ਹੈ ਕਿ ਗੁਰਸ਼ਰਨ ਦੇ ਪਿਤਾ ਦੀ ਬਚਪਨ 'ਚ ਮੌਤ ਹੋ ਜਾਣ ਤੋਂ ਬਾਅਦ ਗੁਰਸ਼ਰਨ ਦੀ ਮਾਤਾ ਰਾਜਬੀਰ ਕੌਰ ਨੇ ਘਰ ਦੀਆਂ ਤੰਗੀਆਂ ਦੇ ਬਾਵਜੂਦ ਵੀ ਉਸ ਦੀ ਖੇਡ ਨੂੰ ਜਾਰੀ ਰੱਖਿਆ ਅਤੇ ਅੱਜ ਗੁਰਸ਼ਰਨ ਇਸ ਮੁਕਾਮ 'ਤੇ ਪਹੁੰਚ ਕੇ ਜਿੱਥੇ ਦੇਸ਼ ਅਤੇ ਆਪਣੇ ਪਿੰਡ ਅਤੇ ਮਾਪਿਆਂ ਦਾ ਮਾਣ ਵਧਾ ਰਹੀ ਹੈ ਉੱਥੇ ਹੀ ਨੌਜਵਾਨ ਲੜਕੀਆਂ ਲਈ ਪ੍ਰੇਰਣਾਸ੍ਰੋਤ ਵੀ ਸਿੱਧ ਹੋ ਰਹੀ ਹੈ। ਆਪਣੀ ਖੇਡ ਦੇ ਬਲਬੂਤੇ 'ਤੇ ਹੀ ਗੁਰਸ਼ਰਨ ਪੰਜਾਬ ਪੁਲਸ 'ਚ ਸਬ ਇੰਸਪੈਕਟਰ ਦੇ ਅਹੁਦੇ 'ਤੇ ਤਾਇਨਾਤ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਸ਼ਰਨ ਨੇ ਕਿਹਾ ਕਿ ਉਸ ਦੀ ਇਸ ਕਾਮਯਾਬੀ ਪਿੱਛੇ ਉਸ ਦੀ ਮਾਤਾ ਦਾ ਹੱਥ ਹੈ। ਉਸ ਨੇ ਦੱਸਿਆ ਕਿ ਪਿਤਾ ਦੀ ਮੌਤ ਤੋਂ ਬਾਅਦ ਉਸ ਵਲੋਂ ਖੇਤੀ ਕਰਨ ਦੇ ਨਾਲ-ਨਾਲ ਆਪਣੀ ਗੇਮ ਵੀ ਜਾਰੀ ਰੱਖੀ ਗਈ। ਗੁਰਸ਼ਰਨ ਨੇ ਕਿਹਾ ਕਿ ਪਿੰਡ ਦੇ ਕੁਝ ਲੋਕਾਂ ਨੇ ਉਸ ਸਮੇਂ ਉਸ ਦਾ ਸਾਥ ਦੇਣ ਦੀ ਬਜਾਏ ਉਸ ਨੂੰ ਹਰ ਹੀਲਾ ਵਰਤ ਕੇ ਪ੍ਰੈਕਟਿਸ ਕਰਨ ਤੋਂ ਰੋਕਿਆ ਪਰ ਉਸ ਵਲੋਂ ਸੜਕ ਦੇ ਕੰਢੇ 'ਤੇ ਪ੍ਰੈਕਟਿਸ ਕਰਕੇ ਆਪਣੀ ਖੇਡ ਜਾਰੀ ਰੱਖੀ, ਜਿਸ ਸਦਕਾ ਉਹ ਇਸ ਮੁਕਾਮ 'ਤੇ ਪਹੁੰਚੀ ਹੈ। ਗੁਰਸ਼ਰਨ ਨੇ ਕਿਹਾ ਕਿ ਹੁਣ ਉਸ ਦਾ ਸੁਪਨਾ ਹੈ ਕਿ ਉਹ ਇਸੇ ਤਰ੍ਹਾਂ ਚੰਗੀ ਖੇਡ ਦਾ ਪ੍ਰਦਰਸ਼ਨ ਕਰਕੇ ਉਲੰਪਿਕ ਅਤੇ ਏਸ਼ੀਅਨ ਖੇਡਾਂ 'ਚ ਵੀ ਭਾਰਤ ਲਈ ਮੈਡਲ ਜਿੱਤ ਕੇ ਲਿਆਵੇ। ਇਸ ਮੌਕੇ ਗੁਰਸ਼ਰਨਪ੍ਰੀਤ ਕੌਰ ਦੀ ਮਾਤਾ ਰਾਜਬੀਰ ਕੌਰ ਨੇ ਕਿਹਾ ਕਿ ਉਸ ਨੂੰ ਗੁਰਸ਼ਰਨ ਦੀ ਇਸ ਪ੍ਰਾਪਤੀ 'ਤੇ ਮਾਣ ਹੈ ਅਤੇ ਉਹ ਗੁਰਸ਼ਰਨ ਦੀ ਬੇਟੀ ਨੂੰ ਵੀ ਇਕ ਚੰਗੀ ਖਿਡਾਰੀ ਬਣਾਵੇਗੀ। ਰਾਜਬੀਰ ਕੌਰ ਨੇ ਕਿਹਾ ਕਿ ਉਸ ਦੀ ਧੀ ਨੇ ਪਰਿਵਾਰ ਅਤੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਮਿਸਾਲ ਕਾਇਮ ਕੀਤੀ ਹੈ ਕਿ ਧੀਆਂ ਮੁੰਡਿਆਂ ਨਾਲੋਂ ਕਈ ਗੁਣਾ ਚੰਗੀਆਂ ਹਨ।

ਜ਼ਿਕਰਯੋਗ ਹੈ ਕਿ ਦੇਸ਼ ਦਾ ਨਾਮ ਚਮਕਾਉਣ ਵਾਲੀ ਗੁਰਸ਼ਰਨਪ੍ਰੀਤ ਕੌਰ ਵਲੋਂ ਮੈਡਲਾਂ ਦੀ ਝੜੀ ਲਾਉਣ 'ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਪਰ ਇਸ ਪ੍ਰਾਪਤੀ ਦੇ ਬਾਵਜੂਦ ਨਾ ਤਾਂ ਕੋਈ ਸਰਕਾਰੀ ਅਧਿਕਾਰੀ ਅਤੇ ਨਾ ਹੀ ਕਿਸੇ ਲੀਡਰ ਵਲੋਂ ਖਿਡਾਰਨ ਦੀ ਹੌਸਲਾ ਅਫਜ਼ਾਈ ਕੀਤੀ ਗਈ, ਜਿਸ ਕਾਰਣ ਪਿੰਡ ਵਾਸੀਆਂ 'ਚ ਵੀ ਰੋਸ ਵੇਖਣ ਨੂੰ ਮਿਲਿਆ। ਪਿੰਡ ਦੇ ਮੋਹਤਬਰਾਂ ਨੇ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਦੇਸ਼ ਲਈ ਮੈਡਲ ਹਾਸਲ ਕਰਨ ਵਾਲੀ ਖਿਡਾਰਨ ਦੀ ਹੌਸਲਾ ਅਫਜ਼ਾਈ ਲਈ ਨਾ ਤਾਂ ਕੋਈ ਸਰਕਾਰੀ ਅਧਿਕਾਰੀ ਅਤੇ ਨਾ ਹੀ ਕੋਈ ਰਾਜਨੇਤਾ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਵੈਸੇ ਤਾਂ ਸਰਕਾਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀ 'ਬੇਟੀ ਬਚਾਓ ਅਤੇ ਬੇਟੀ ਪੜ੍ਹਾਓ' ਦਾ ਹੋਕਾ ਦੇ ਰਹੇ ਹਨ ਲੇਕਿਨ ਇਕ ਧੀ ਦੇ ਚੰਗੇ ਕੰਮ 'ਤੇ ਉਸ ਦੀ ਹੌਸਲਾ ਅਫਜ਼ਾਈ ਲਈ ਕਿਸੇ ਕੋਲ ਸਮਾਂ ਨਹੀਂ ਹੈ।


 


author

Baljeet Kaur

Content Editor

Related News