ਕੋਰੋਨਾ ਕਾਰਨ ਨਸ਼ੇ ਦੀ ਸਪਲਾਈ ਚੇਨ ਟੁੱਟੀ, ਨਸ਼ੇੜੀਆਂ ਨੇ ਨਸ਼ਾ ਛੁਡਾਉ ਕੇਂਦਰਾਂ ਦਾ ਕੀਤਾ ਰੁੱਖ

Wednesday, May 20, 2020 - 10:10 AM (IST)

ਕੋਰੋਨਾ ਕਾਰਨ ਨਸ਼ੇ ਦੀ ਸਪਲਾਈ ਚੇਨ ਟੁੱਟੀ, ਨਸ਼ੇੜੀਆਂ ਨੇ ਨਸ਼ਾ ਛੁਡਾਉ ਕੇਂਦਰਾਂ ਦਾ ਕੀਤਾ ਰੁੱਖ

ਤਰਨਤਾਰਨ (ਰਮਨ) : ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਜ਼ਿਲਾ ਤਰਨਤਾਰਨ ਦੀ ਜਵਾਨੀ ਪਹਿਲਾਂ ਹੀ ਨਸ਼ੇ ਦੀ ਦਲ-ਦਲ 'ਚ ਡੁੱਬ ਚੁੱਕੀ ਹੈ। ਇਸ ਠੀਕ ਕਰਨ ਦੇ ਮਕਸਦ ਨਾਲ ਜ਼ਿਲੇ ਅੰਦਰ ਖੋਲੇ ਗਏ ਨਸ਼ਾ ਛੁਡਾਉ ਕੇਂਦਰ ਨਸ਼ੇ ਦੇ ਆਦੀ ਵਿਅਕਤੀਆਂ ਲਈ ਵਰਦਾਨ ਸਾਬਤ ਹੋ ਰਹੇ ਹਨ। ਕੋਰੋਨਾ ਦੇ ਚਲਦਿਆਂ ਜ਼ਿਲੇ ਅੰਦਰ ਨਸ਼ੇ ਦੀ ਸਪਲਾਈ ਟੁੱਟਣ ਕਾਰਨ ਨਸ਼ੇੜੀ ਨਸ਼ਾ ਛੁਡਾਉ ਕੇਂਦਰਾਂ ਦਾ ਰੁੱਖ ਕਰਨ ਲੱਗ ਪਏ ਹਨ। ਲਾਕਡਾਊਨ ਦੌਰਾਨ ਜ਼ਿਲੇ ਦੇ ਓ. ਓ. ਏ. ਟੀ. (ਆਉਟਪੇਸ਼ੈਂਟ ਉਪਿਉਡ ਅਸਿੱਸਟਡ ਟ੍ਰੀਟਮੈਂਟ) ਸੈਂਟਰਾਂ ਅੰਦਰ ਕਰੀਬ 3400 ਨਵੇਂ ਵਿਅਕਤੀਆਂ ਵਲੋਂ ਆਪਣੀ ਰਜਿਸਟ੍ਰੇਸ਼ਨਾਂ ਕਰਵਾ ਲਈਆਂ ਗਈਆਂ ਹਨ, ਜਦਕਿ ਇਨ੍ਹਾਂ ਸੈਂਟਰਾਂ ਅੰਦਰ 7 ਛੋਟੀ ਉਮਰ ਦੀਆਂ ਔਰਤਾਂ ਸਮੇਤ 4600 ਵਿਅਕਤੀਆਂ ਦਾ ਇਲਾਜ ਜਾਰੀ ਹੈ। ਓ. ਓ. ਏ. ਟੀ. ਸੈਂਟਰਾਂ ਅੰਦਰ ਇਲਾਜ ਲਈ ਵਰਤੀ ਜਾਣ ਵਾਲੀ ਦਵਾਈ ਦੀ ਭਰਪੂਰ ਮਾਤਰਾ ਮੌਜੂਦ ਨਾ ਹੋਣ ਕਾਰਨ ਮਰੀਜ਼ਾਂ 'ਚ ਸਿਹਤ ਵਿਭਾਗ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਜ਼ਿਲੇ 'ਚ ਨਸ਼ੇ ਦੇ ਆਦੀ ਮਰੀਜ਼ਾਂ ਨੂੰ ਠੀਕ ਕਰਨ ਲਈ ਕੁੱਲ 13 ਓ. ਓ. ਏ. ਟੀ. ਸੈਂਟਰ ਖੋਲੇ ਗਏ ਹਨ, ਜਿਸ ਰਾਹੀਂ ਨਸ਼ੇ ਵਾਲੀਆਂ ਗੋਲੀਆਂ, ਹੈਰੋਈਨ, ਸਮੇਕ, ਭੁੱਕੀ, ਪੋਸਤ ਆਦਿ ਦੇ ਆਦੀ ਕਰੀਬ 16300 ਵਿਅਕਤੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਨ੍ਹਾਂ ਸੈਂਟਰਾਂ ਅੰਦਰ ਲਾਕਡਾਊਨ ਦੌਰਾਨ ਕਰੀਬ 3400 ਨਵੇਂ ਮਰੀਜ਼ਾਂ ਵਲੋਂ ਆਪਣੇ ਇਲਾਜ ਸਬੰਧੀ ਰਜਿਸਟ੍ਰੇਸ਼ਨਾਂ ਕਰਵਾਈਆਂ ਗਈਆਂ ਹਨ।

ਓ. ਐੱਸ. ਟੀ. ਸੈਂਟਰਾਂ 'ਚ ਔਰਤਾਂ ਵੀ ਕਰਵਾ ਰਹੀਆਂ ਇਲਾਜ
ਕੇਂਦਰ ਸਰਕਾਰ ਅਧੀਨ ਚੱਲ ਰਹੇ ਜ਼ਿਲਾ ਤਰਨ ਤਾਰਨ ਦੇ 3 ਓ. ਐੱਸ. ਟੀ. (ਓਰਲ ਸਬਸਟੀਟਿਊਟ ਥਰੈਪੀ) ਜਿਨ੍ਹਾਂ 'ਚ ਤਰਨ ਤਾਰਨ ਵਿਖੇ 2228, ਪੱਟੀ 1600 ਅਤੇ ਝਬਾਲ ਵਿਖੇ 700 ਨਸ਼ੇ ਦੇ ਇੰਜੈਕਸ਼ਨ ਲਾਉਣ ਵਾਲਿਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਲਾਕਡਾਊਨ ਤਹਿਤ 100 ਉਹ ਮਰੀਜ਼ ਵਾਪਸ ਪਰਤ ਆਏ ਹਨ, ਜੋ ਆਪਣਾ ਇਲਾਜ ਛੱਡ ਚੁੱਕੇ ਸਨ। ਇਸ ਦੇ ਨਾਲ ਹੀ 2 ਔਰਤਾਂ ਵੱਲੋਂ ਵੀ ਆਪਣੀ ਰਜਿਸਟ੍ਰੇਸ਼ਨ ਕਰਵਾਈ ਗਈ ਹੈ। ਸੂਤਰਾਂ ਅਨੁਸਾਰ ਉਕਤ ਕਰੀਬ 4600 ਨਸ਼ੇ ਦੇ ਆਦੀ ਵਿਅਕਤੀਆਂ 'ਚ ਕਰੀਬ 7 ਔਰਤਾਂ ਸ਼ਾਮਲ ਹਨ, ਜਿਨ੍ਹਾਂ 'ਚ 3 ਕੁਆਰੀਆਂ ਅਤੇ 4 ਵਿਆਹੀਆਂ ਹਨ, ਜਦਕਿ ਇਨ੍ਹਾਂ ਸੈਂਟਰਾਂ ਅੰਦਰ 18 ਤੋਂ ਲੈ 60 ਸਾਲ ਤੱਕ ਦੀ ਉਮਰ ਦੇ ਵਿਅਕਤੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਮਰੀਜ਼ਾਂ ਨੇ ਧਰਨਾ ਦੇ ਕੇ ਕੀਤਾ ਹੰਗਾਮਾ
ਲਾਕਡਾਊਨ ਦੌਰਾਨ ਓ. ਓ. ਏ. ਟੀ. ਸੈਂਟਰਾਂ ਅੰਦਰ ਮਰੀਜ਼ਾਂ ਦੀ ਗਿਣਤੀ ਵੱਧ ਜਾਣ ਦੌਰਾਨ ਅਤੇ ਦਵਾਈ ਦੀ ਸਪਲਾਈ ਘੱਟ ਆਉਣ ਕਾਰਨ ਮਰੀਜ਼ ਪਰੇਸ਼ਾਨ ਹੋ ਰਹੇ ਹਨ। ਇਸ ਤਹਿਤ ਜਿਥੇ ਬੀਤੇ ਕੱਲ ਜ਼ਿਲੇ ਦੇ ਕੁਝ ਸੈਂਟਰਾਂ 'ਚ ਮਰੀਜ਼ਾਂ ਨੂੰ ਦਵਾਈ ਨਹੀਂ ਮਿਲੀ, ਉਥੇ ਅੱਜ ਤਰਨ ਤਾਰਨ ਦੇ ਸੈਂਟਰ ਵਿਖੇ ਦਵਾਈ ਘੱਟ ਮਿਲਣ ਕਾਰਨ ਮਰੀਜ਼ਾਂ ਨੇ ਧਰਨਾ ਦਿੰਦੇ ਹੋਏ ਹੰਗਾਮਾ ਖੜਾ ਕਰ ਦਿੱਤਾ। ਜਾਣਕਾਰੀ ਦਿੰਦਿਆਂ ਕੁਲਦੀਪ ਸਿੰਘ, ਰਾਮ ਸਿੰਘ, ਕੁਲਦੀਪ ਸਿੰਘ, ਰਾਜੂ, ਹਿੰਮਤ ਸਿੰਘ, ਰਾਜਵਿੰਦਰ ਸਿੰਘ, ਹਰਪਾਲ ਸਿੰਘ, ਬਲਦੇਵ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਨੂੰ ਨਸ਼ੇ ਦੀ ਦਵਾਈ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਸਿਹਤ ਵਿਭਾਗ ਤੇ ਰੋਸ ਜਾਹਿਰ ਕਰਦਿਆਂ ਦੱਸਿਆ ਕਿ ਉਹ ਕੋਰੋਨਾ ਦੇ ਚੱਲਦਿਆਂ ਕਾਫੀ ਦੂਰ ਤੋਂ ਆਪਣੇ ਇਲਾਜ ਲਈ ਦਵਾਈ ਲੈਣ ਆਏ ਹਨ ਪਰ ਉਨ੍ਹਾਂ ਨੂੰ ਸਹੀ ਸਮੇਂ 'ਤੇ ਰੋਜ਼ਾਨਾ ਦਵਾਈ ਨਹੀਂ ਮਿਲ ਰਹੀ।

ਇਸ ਸਬੰਧੀ ਸਿਵਲ ਸਰਜਨ ਡਾ. ਅਨੂਪ ਕੁਮਾਰ ਨੇ ਕਿਹਾ ਕਿ ਓ. ਓ. ਏ. ਟੀ. ਸੈਂਟਰਾਂ 'ਚ ਪੁੱਜੀ ਦਵਾਈ ਦੇ ਸੈਂਪਲ ਦੀ ਰਿਪੋਰਟ ਲੇਟ ਹੋਣ ਕਾਰਨ ਮਰੀਜ਼ਾਂ ਨੂੰ ਕੁੱਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ ਪਰ ਉਨ੍ਹਾਂ ਨੂੰ ਦਵਾਈ ਦਿੱਤੀ ਗਈ ਹੈ। ਮਰੀਜ਼ਾਂ ਦੀ ਗਿਣਤੀ 'ਚ ਵਾਧਾ ਹੋਣ ਦੇ ਬਾਵਜੂਦ ਸਿਹਤ ਵਿਭਾਗ ਵੱਲੋਂ ਇਨ੍ਹਾਂ ਦਾ ਇਲਾਜ ਪਹਿਲ ਦੇ ਅਧਾਰ 'ਤੇ ਕੀਤਾ ਜਾ ਰਿਹਾ ਹੈ।

ਇਸ ਸਬੰਧੀ ਡਿਪਟੀ ਕਮਿਸ਼ਨਰ ਪਰਦੀਪ ਸਭਰਵਾਲ ਨੇ ਕਿਹਾ ਕਿ ਨਸ਼ੇ ਦੇ ਆਦੀ ਵਿਅਕਤੀਆਂ ਨੂੰ ਠੀਕ ਕਰਨ 'ਚ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲੇ ਨੂੰ ਨਸ਼ਾ-ਮੁਕਤ ਕੀਤਾ ਜਾ ਰਿਹਾ ਹੈ।


author

Baljeet Kaur

Content Editor

Related News