ਭਰਜਾਈ ਨੇ ਲਾਏ ਦਿਓਰ, ਦਿਓਰਾਣੀ 'ਤੇ ਕੁੱਟਮਾਰ ਦੇ ਦੋਸ਼

Sunday, Jul 22, 2018 - 10:00 PM (IST)

ਭਰਜਾਈ ਨੇ ਲਾਏ ਦਿਓਰ, ਦਿਓਰਾਣੀ 'ਤੇ ਕੁੱਟਮਾਰ ਦੇ ਦੋਸ਼

ਝਬਾਲ/ਬੀੜ ਸਾਹਿਬ (ਲਾਲੂਘੁੰਮਣ,ਬਖਤਾਵਰ)— ਪਿੰਡ ਮੰਨਣ ਵਾਸੀ ਇਕ ਔਰਤ ਨੇ ਆਪਣੇ ਦਿਓਰ ਅਤੇ ਦਿਓਰਾਣੀ 'ਤੇ ਉਸ ਨਾਲ ਕੁੱਟਮਾਰ ਕਰਨ ਦੇ ਦੋਸ਼ ਲਾਉਂਦਿਆਂ ਥਾਣਾ ਝਬਾਲ ਦੀ ਪੁਲਸ ਕੋਲ ਕਥਿਤ ਲੋਕਾਂ ਖਿਲਾਫ ਸ਼ਿਕਾਇਤ ਦਰਜ ਕਰਾ ਕੇ ਕਾਰਵਾਈ ਦੀ ਮੰਗ ਕੀਤੀ ਹੈ। ਗੰਭੀਰ ਹਾਲਤ 'ਚ ਸਰਕਾਰੀ ਹਸਪਤਾਲ ਝਬਾਲ ਵਿਖੇ ਜ਼ੇਰੇ ਇਲਾਜ ਰਾਜਬੀਰ ਕੌਰ ਪਤਨੀ ਕੁਲਵੰਤ ਸਿੰਘ ਨੇ ਮੋਹਤਬਰ ਸੁਖਵੰਤ ਸਿੰਘ ਅਤੇ ਚਮਕੌਰ ਸਿੰਘ ਦੀ ਹਾਜ਼ਰੀ 'ਚ ਦੱਸਿਆ ਕਿ ਉਨ੍ਹਾਂ ਦੇ ਘਰ ਨੂੰ ਆਉਂਦੀ ਉਨ੍ਹਾਂ ਦੀ ਨਿੱਜੀ ਗਲੀ 'ਚ ਉਸ ਦੇ ਦਿਉਰ ਵੱਲੋਂ ਪਖਾਨੇ ਦੇ ਨਿਕਾਸੀ ਪਾਣੀ ਦੀਆਂ ਪਾਇਪਾਂ ਪਾਈਆਂ ਗਈਆਂ ਸਨ, ਜੋ ਲੀਕਜ਼ ਹੋਣ ਕਰਕੇ ਗੰਦਾ ਪਾਣੀ ਗਲੀ 'ਚ ਖੜ੍ਹਾ ਹੋਣ ਦੇ ਨਾਲ ਇਹ ਗੰਦਾ ਪਾਣੀ ਉਨ੍ਹਾਂ ਦੇ ਘਰ 'ਚ ਵੀ ਦਾਖਲ ਹੋ ਜਾਂਦਾ। ਉਸ ਨੇ ਦੱਸਿਆ ਕਿ ਬੀਤੇ ਦਿਨ ਉਸ ਵੱਲੋਂ ਆਪਣੀ ਦਿਓਰਾਣੀ ਨੂੰ ਉਕਤ ਪਾਣੀ ਬੰਦ ਕਰਨ ਲਈ ਕਿਹਾ ਗਿਆ ਤਾਂ ਉਹ ਉਸ ਨਾਲ ਝਗੜੇ 'ਤੇ ਉਤਾਰੂ ਹੋ ਗਈ। ਪੀੜਤਾ ਨੇ ਦੱਸਿਆ ਉਹ ਦਿਓਰਾਣੀ, ਜਿਠਾਣੀ ਆਪਸ 'ਚ ਝਗੜ ਰਹੀਆਂ ਸਨ ਕਿ ਐਨੇ ਚਿਰ ਨੂੰ ਅਪਣੇ ਘਰੋਂ ਡਾਂਗ ਲੈ ਕੇ ਆਏ ਉਸ ਦੇ ਦਿਓਰ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਪੀੜਤਾ ਦੇ ਪਤੀ ਕੁਲਵੰਤ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਨਾਲ ਕੁੱਟਮਾਰ ਕਰਨ ਦੀ ਇਹ ਤੀਜੀ ਘਟਨਾ ਹੈ ਅਤੇ ਜਦੋਂ ਉਹ ਘਰ ਤੋਂ ਬਾਹਰ ਮੇਹਨਤ ਮਜ਼ਦੂਰੀ ਕਰਨ ਗਿਆ ਹੁੰਦਾ ਹੈ ਤਾਂ ਉਕਤ ਲੋਕ ਉਸ ਦੀ ਪਤਨੀ ਨਾਲ ਕੁੱਟਮਾਰ ਕਰਦੇ ਹਨ ਕਿਉਂਕਿ ਉਸ ਦੀ ਪਤਨੀ ਪ੍ਰਵਾਸਣ ਔਰਤ ਹੈ ਤੇ ਉਸ ਦਾ ਭਰਾ 'ਤੇ ਭਰਜਾਈ ਉਸ ਨੂੰ ਚੰਗਾ ਨਹੀਂ ਸਮਝਦੇ ਹਨ। ਉਸ ਨੇ ਦੱਸਿਆ ਕਿ ਇਸ ਤੋਂ ਕੁਝ ਮਹੀਨੇ ਪਹਿਲਾਂ ਵੀ ਉਸ ਦੇ ਭਰਾ ਵੱਲੋਂ ਉਸ ਦੀ ਪਤਨੀ ਨਾਲ ਕੁੱਟਮਾਰ ਕਰਕੇ ਉਸ ਦੀ ਬਾਂਹ ਤੋੜ ਦਿੱਤੀ ਗਈ ਸੀ, ਪਰ ਪਿੰਡ ਦੇ ਮੋਹਤਬਰਾਂ ਵਲੋਂ ਰਾਜ਼ੀਨਾਮਾ ਕਰਾਉਣ ਕਰਕੇ ਉਹ ਚੁੱਪ ਰਹੇ ਸਨ। ਪੀੜਤ ਦੇ ਪਤੀ ਨੇ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਅੱਜ ਤਿੰਨ ਦਿਨ ਬੀਤ ਜਾਣ ਦੇ ਬਾਵਜ਼ੂਦ ਵੀ ਉਸ ਦੀ ਪਤਨੀ ਦੀ ਕੁੱਟਮਾਰ ਕਰਨ ਵਾਲੇ ਦੋਸ਼ੀਆਂ ਵਿਰੁੱਧ ਸਥਾਨਿਕ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਥਾਣਾ ਝਬਾਲ ਦੇ ਮੁੱਖ ਇੰਸਪੈਕਟਰ ਮਨੋਜ ਕੁਮਾਰ ਸ਼ਰਮਾ ਨੇ ਔਰਤ ਦੀ ਸ਼ਿਕਾਇਤ ਮਿਲਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮਾਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ।


Related News