ਪੁਰਾਣੀ ਰੰਜਿਸ਼ ਕਾਰਣ ਜਾਨੋਂ ਮਾਰਨ ਦੀ ਨੀਅਤ ਨਾਲ ਚਲਾਈ ਗੋਲੀ, ਕੇਸ ਦਰਜ

Sunday, Nov 24, 2019 - 09:45 AM (IST)

ਪੁਰਾਣੀ ਰੰਜਿਸ਼ ਕਾਰਣ ਜਾਨੋਂ ਮਾਰਨ ਦੀ ਨੀਅਤ ਨਾਲ ਚਲਾਈ ਗੋਲੀ, ਕੇਸ ਦਰਜ

ਤਰਨਤਾਰਨ (ਰਾਜੂ) : ਜ਼ਿਲਾ ਤਰਨਤਾਰਨ ਦੇ ਕਸਬਾ ਨੌਸ਼ਹਿਰਾ ਪੰਨੂੰਆਂ ਵਿਖੇ ਮਾਮੂਲੀ ਝਗੜੇ ਦੀ ਰੰਜਿਸ਼ ਦੇ ਕਾਰਣ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖ਼ਮੀ ਕਰਨ ਅਤੇ ਜਾਨੋਂ ਮਾਰਨ ਦੀ ਨੀਅਤ ਨਾਲ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਰਹਾਲੀ ਪੁਲਸ ਨੇ 4 ਲੋਕਾਂ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਵਰਿੰਦਰ ਸਿੰਘ ਉਰਫ ਬੂਰਾ ਪੁੱਤਰ ਗੁਰਿੰਦਰਬੀਰ ਸਿੰਘ ਵਾਸੀ ਨੌਸ਼ਹਿਰਾ ਪੰਨੂੰਆਂ ਨੇ ਦੱਸਿਆ ਕਿ ਕਰੀਬ 10 ਦਿਨ ਪਹਿਲਾਂ ਉਸ ਦਾ ਪਿੰਡ ਦੇ ਹੀ ਗੁਰਸੇਵਕ ਸਿੰਘ ਨਾਲ ਮਾਮੂਲੀ ਝਗੜਾ ਹੋਇਆ ਸੀ ਪਰ ਉਸ ਨੇ ਕੋਈ ਕਾਰਵਾਈ ਨਹੀਂ ਕਰਵਾਈ। ਅੱਜ ਸ਼ਾਮ 6.30 ਵਜੇ ਉਹ ਆਪਣੇ ਦੋਸਤ ਨਾਲ ਅੱਡਾ ਨੌਸ਼ਹਿਰਾ ਪੰਨੂੰਆਂ ਵਿਖੇ ਬੇਕਰੀ ਦੇ ਬਾਹਰ ਪੇਸਟਰੀਆਂ ਖਾ ਰਿਹਾ ਸੀ ਤਾਂ ਗੁਰਸੇਵਕ ਸਿੰਘ, ਹਰਮਨ ਸਿੰਘ ਹੰਮਾ ਆਪਣੇ ਦੋ ਸਾਥੀਆਂ ਸਮੇਤ ਆਏ ਤੇ ਤੇਜ਼ਧਾਰ ਹਥਿਆਰਾਂ ਨਾਲ ਸਾਡੇ 'ਤੇ ਹਮਲਾ ਕਰ ਦਿੱਤਾ। ਇਸੇ ਦੌਰਾਨ ਉਕਤ ਵਿਅਕਤੀ ਨੇ ਰਿਵਾਲਵਰ ਨਾਲ ਗੋਲੀ ਚਲਾਈ ਪਰ ਉਸ ਨੇ ਥੱਲੇ ਬੈਠ ਕੇ ਜਾਨ ਬਚਾਅ ਲਈ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਜਦ ਲੋਕ ਇਕੱਠੇ ਹੋਏ ਤਾਂ ਉਕਤ ਵਿਅਕਤੀ ਭੱਜ ਗਏ ਅਤੇ ਉਨ੍ਹਾਂ ਤੁਰੰਤ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ। ਇਸ ਸਬੰਧੀ ਏ. ਐੱਸ. ਆਈ. ਹਰਪਾਲ ਸਿੰਘ ਨੇ ਦੱਸਿਆ ਕਿ ਮੁਦਈ ਦੇ ਬਿਆਨਾਂ 'ਤੇ ਗੁਰਸੇਵਕ ਸਿੰਘ ਪੁੱਤਰ ਮਨਜੀਤ ਸਿੰਘ, ਹਰਮਨ ਸਿੰਘ ਉਰਫ ਹੰਮਾ ਪੁੱਤਰ ਸੁਖਵਿੰਦਰ ਸਿੰਘ ਵਾਸੀਆਨ ਨੌਸ਼ਹਿਰਾ ਪੰਨੂੰਆਂ ਅਤੇ 2 ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਨੰਬਰ 181 ਧਾਰਾ 307/506/34 ਆਈ. ਪੀ. ਸੀ., 25/27/54/59 ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Baljeet Kaur

Content Editor

Related News