ਨਾਜਾਇਜ਼ ਮਾਈਨਿੰਗ ’ਚ ਲਾਪਰਵਾਹੀ ਵਰਤਣ ਵਾਲੇ ਥਾਣਾ ਮੁਖੀ ਨੂੰ ਐੱਸ. ਐੱਸ. ਪੀ. ਨੇ ਕੀਤਾ ਸਸਪੈਂਡ

08/29/2019 11:12:36 AM

ਤਰਨਤਾਰਨ (ਰਮਨ) - ਬੀਤੇ ਦਿਨੀਂ ਹਰੀਕੇ ਪੱਤਣ ਵਿਖੇ ਪਿਛਲੇ ਲੰਮੇ ਸਮੇਂ ਤੋਂ ਹੋ ਰਹੀ ਨਾਜਾਇਜ਼ ਤੌਰ ’ਤੇ ਮਾਈਨਿੰਗ ਨੂੰ ਰੋਕਣ ਲਈ ਐੱਸ. ਐੱਸ. ਪੀ. ਧਰੁਵ ਦਹੀਆ ਵੱਲੋਂ ਮੌਕੇ ’ਤੇ ਛਾਪੇਮਾਰੀ ਕਰਵਾਉਣ ਤਹਿਤ 13 ਦੋਸ਼ੀਆਂ ਨੂੰ 5 ਟਿੱਪਰਾਂ, 2 ਟਰੈਕਟਰ-ਟਰਾਲੀਆਂ ਅਤੇ 3 ਜੇ. ਸੀ. ਬੀ. ਮਸ਼ੀਨਾਂ ਸਮੇਤ ਕਾਬੂ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਗਈ ਸੀ। ਇਸ ਸਫਲਤਾ ਤੋਂ ਬਾਅਦ ਐੱਸ. ਐੱਸ. ਪੀ. ਵਲੋਂ ਸਾਰੇ ਮਾਮਲੇ ਦੀ ਜਾਂਚ ਕਰਨ ਲਈ ਡੀ. ਐੱਸ. ਪੀ. ਪੱਟੀ ਆਜ਼ਾਦ ਦਵਿੰਦਰ ਸਿੰਘ ਨੂੰ ਜਾਂਚ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਸਨ, ਜਿਸ ਤਹਿਤ ਥਾਣਾ ਹਰੀਕੇ ਦੇ ਮੁਖੀ ਨੂੰ ਅੱਜ ਐੱਸ. ਐੱਸ. ਪੀ. ਵਲੋਂ ਸਸਪੈਂਡ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।

ਜਾਣਕਾਰੀ ਅਨੁਸਾਰ ਹਰੀਕੇ ਪੱਤਣ ਵਿਖੇ ਲੋਕਾਂ ਵਲੋਂ ਐੱਸ. ਐੱਸ. ਪੀ. ਧਰੁਵ ਦਹੀਆ ਨੂੰ ਗੁਪਤ ਤੌਰ ’ਤੇ ਸ਼ਿਕਾਇਤਾਂ ਭੇਜ ਨਾਜਾਇਜ਼ ਤੌਰ ’ਤੇ ਹੋ ਰਹੀ ਮਾਈਨਿੰਗ ਨੂੰ ਰੋਕਣ ਸਬੰਧੀ ਕਾਰਵਾਈ ਕਰਨ ਲਈ ਅਪੀਲ ਕੀਤੀ ਜਾ ਰਹੀ ਸੀ। ਜੋ ਕਿ ਕਿਸੇ ਸਿਆਸੀ ਪਹੁੰਚ ਵਾਲੇ ਵਿਅਕਤੀ ਦੀ ਮਿਲੀਭੁਗਤ ਨਾਲ ਹੋ ਰਹੀ ਸੀ। ਇਸ ਤੋਂ ਇਲਾਵਾ ਐੱਸ. ਐੱਸ. ਪੀ. ਧਰੁਵ ਦਹੀਆ ਵੱਲੋਂ ਪਿੰਡ ਬੂਹ ਵਿਖੇ ਗਰਮੀ ’ਚ ਆਮ ਲੋਕਾਂ ਦੇ ਸਾਹਮਣੇ ਖੁੱਲ੍ਹੀ ਮੀਟਿੰਗ ਵੀ ਕੀਤੀ ਗਈ, ਜਿਸ ਵਿਚ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਨਸ਼ੇ ਦੀਆਂ ਸਮੱਗਲਿੰਗ ਸਬੰਧੀ ਸ਼ਿਕਾਇਤਾਂ ਵੀ ਮਿਲੀਆਂ ਸਨ। ਅੱਜ ਐੱਸ. ਐੱਸ. ਪੀ. ਨੂੰ ਡੀ. ਐੱਸ. ਪੀ. ਪੱਟੀ ਵਲੋਂ ਕੀਤੀ ਜਾਂਚ ਤੋਂ ਬਾਅਦ ਮਿਲੀ ਰਿਪੋਰਟ ਨੂੰ ਮੁੱਖ ਰਖਦੇ ਹੋਏ ਥਾਣਾ ਹਰੀਕੇ ਦੇ ਮੁਖੀ ਸਬ-ਇੰਸਪੈਕਟਰ ਕੇਵਲ ਕ੍ਰਿਸ਼ਨ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।

ਡਿਊਟੀ ’ਚ ਕੁਤਾਹੀ ਨਹੀਂ ਹੋਵੇਗੀ ਬਰਦਾਸ਼ਤ 
ਐੱਸ. ਐੱਸ. ਪੀ. ਧਰੁਵ ਦਹੀਆ ਨੇ ਦੱਸਿਆ ਕਿ ਹਰੀਕੇ ਪੱਤਣ ਵਿਖੇ ਨਾਜਾਇਜ਼ ਮਾਈਨਿੰਗ ਅਤੇ ਨਸ਼ੇ ਦੇ ਕਾਰੋਬਾਰ ਸਬੰਧੀ ਥਾਣਾ ਮੁਖੀ ਕੇਵਲ ਕ੍ਰਿਸ਼ਨ ਦੀ ਕਾਰਗੁਜ਼ਾਰੀ ਸਹੀ ਨਾ ਪਾਈ ਜਾਣ ਕਾਰਣ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਥਾਣਾ ਭਿੱਖੀਵਿੰਡ ਵਿਖੇ ਇੰਸਪੈਕਟਰ ਸੁਖਚੈਣ ਸਿੰਘ ਦੀ ਜਗ੍ਹਾ ਇੰਸਪੈਕਟਰ ਚੰਦਰ ਭੂਸ਼ਣ ਨੂੰ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਡਿਊਟੀ ’ਚ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।


Baljeet Kaur

Content Editor

Related News