ਸਹੁਰੇ ਪਰਿਵਾਰ ਵਲੋਂ ਕੁੱਟਮਾਰ ਦੌਰਾਨ ਗਰਭਵਤੀ ਦੇ ਪੇਟ ''ਚ ਪਲ ਰਹੇ ਬੱਚੇ ਦੀ ਮੌਤ
Thursday, Oct 31, 2019 - 03:39 PM (IST)

ਤਰਨਤਾਰਨ (ਰਾਜੂ) : ਦਾਜ ਦੀ ਮੰਗ ਪੂਰੀ ਨਾ ਕਰਨ 'ਤੇ ਸਹੁਰੇ ਪਰਿਵਾਰ ਵਲੋਂ ਕੀਤੀ ਗਈ ਕੁੱਟਮਾਰ ਦੌਰਾਨ ਗਰਭਵਤੀ ਵਿਆਹੁਤਾ ਦੇ ਪੇਟ 'ਚ ਪਲ ਰਹੇ ਬੱਚੇ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਿਟੀ ਪੱਟੀ ਪੁਲਸ ਨੇ ਹਸਪਤਾਲ 'ਚ ਜ਼ੇਰੇ ਇਲਾਜ ਪੀੜਤਾ ਦੇ ਪਿਤਾ ਦੇ ਬਿਆਨਾਂ 'ਤੇ ਸਹੁਰੇ ਪਰਿਵਾਰ ਖਿਲਾਫ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕਰ ਲਿਆ ਹੈ।
ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਓਮ ਪ੍ਰਕਾਸ਼ ਪੁੱਤਰ ਰਤਨ ਚੰਦ ਵਾਸੀ ਵਾਰਡ ਨੰਬਰ 17 ਪੱਟੀ ਨੇ ਦੱਸਿਆ ਕਿ ਉਸ ਦੀ ਲੜਕੀ ਦਾ ਵਿਆਹ ਓਮ ਪ੍ਰਕਾਸ਼ ਉਰਫ ਲਲਿਤ ਪੁੱਤਰ ਗਿਰਧਾਰੀ ਲਾਲ ਨਾਲ ਹੋਇਆ ਸੀ। ਵਿਆਹ ਸਮੇਂ ਉਨ੍ਹਾਂ ਆਪਣੀ ਹੈਸੀਅਤ ਮੁਤਾਬਕ ਦਾਜ ਦਿੱਤਾ ਪਰ ਬਾਅਦ 'ਚ ਪਤਾ ਲੱਗਾ ਕਿ ਸਹੁਰਾ ਪਰਿਵਾਰ ਲਾਲਚੀ ਹੈ ਜਿਨ੍ਹਾਂ ਨੇ ਉਸ ਦੀ ਲੜਕੀ ਨੂੰ ਹੋਰ ਦਾਜ ਲਿਆਉਣ ਲਈ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਤੁਹਾਡੀ ਲੜਕੀ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ 'ਚ ਦਾਖਲ ਹੈ। ਜਦੋਂ ਉਹ ਪਤਾ ਲੈਣ ਲਈ ਹਸਪਤਾਲ ਪਹੁੰਚੇ ਤਾਂ ਪਤਾ ਲੱਗਾ ਕਿ ਸਹੁਰੇ ਪਰਿਵਾਰ ਵਲੋਂ ਮਿਲ ਕੇ ਉਸ ਦੀ ਕੁੱਟਮਾਰ ਕੀਤੀ ਗਈ, ਜਿਸ ਨਾਲ ਉਸ ਦੇ ਪੇਟ 'ਚ ਪਲ ਰਹੇ ਬੱਚੇ ਦੀ ਮੌਤ ਹੋ ਗਈ। ਇਸ ਘਟਨਾ ਬਾਰੇ ਉਨ੍ਹਾਂ ਤੁਰੰਤ ਪੁਲਸ ਨੂੰ ਸੂਚਿਤ ਕਰ ਦਿੱਤਾ।
ਇਸ ਸਬੰਧੀ ਏ. ਐੱਸ. ਆਈ. ਕੇਵਲ ਸਿੰਘ ਨੇ ਦੱਸਿਆ ਕਿ ਮੁਦਈ ਦੇ ਬਿਆਨਾਂ 'ਤੇ ਓਮ ਪ੍ਰਕਾਸ਼ ਉਰਫ ਲਲਿਤ ਪੁੱਤਰ ਗਿਰਧਾਰੀ ਲਾਲ, ਸਵਰਨੀ ਦੇਵੀ, ਗਿਰਧਾਰੀ ਲਾਲ, ਭੀਮ ਸੈਨ, ਸਲੋਚਨਾ, ਚੰਪਾ, ਬਿੱਲੋ, ਸੁਨੀਤਾ ਅਤੇ ਕਮਲ ਖਿਲਾਫ ਮੁਕੱਦਮਾ ਨੰਬਰ 205 ਧਾਰਾ 498-ਅ,406/315/148/149 ਆਈ. ਪੀ. ਸੀ. ਤਹਿਤ ਕੇਸ ਦਰਜ ਕਰਕੇ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।