ਤਰਨਤਾਰਨ : ਨਸ਼ੇ ਦੀ ਓਵਰਡੋਜ਼ ਕਾਰਨ ਇਕ ਹੋਰ ਨੌਜਵਾਨ ਦੀ ਮੌਤ

Wednesday, Nov 27, 2019 - 04:26 PM (IST)

ਤਰਨਤਾਰਨ : ਨਸ਼ੇ ਦੀ ਓਵਰਡੋਜ਼ ਕਾਰਨ ਇਕ ਹੋਰ ਨੌਜਵਾਨ ਦੀ ਮੌਤ

ਤਰਨਤਾਰਨ (ਵਿਜੇ ਅਰੋੜਾ) : ਖੇਮਕਰਨ ਦੇ ਥਾਣਾ ਕੱਚਾ-ਪੱਕਾ ਅਧੀਨ ਪੈਂਦੇ ਪਿੰਡ ਦਿਆਲਪੁਰਾ ਵਿਖੇ ਇਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਜਗਜੀਤ ਸਿੰਘ (25) ਪੁੱਤਰ ਗੁਰਦੇਵ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਗਜੀਤ ਬੀਤੀ ਰਾਤ ਘਰੋਂ ਕਿਸੇ ਕੰਮ ਲਈ ਬਾਹਰ ਗਿਆ ਸੀ ਅਤੇ ਰਾਤ ਘਰ ਵਾਪਸ ਨਹੀਂ ਆਇਆ ਜਦ ਸਵੇਰ ਹੋਈ ਤਾਂ ਸਾਨੂੰ ਪਿੰਡ ਦੇ ਕੁਝ ਵਿਅਕਤੀਆਂ ਨੇ ਦੱਸਿਆ ਕਿ ਜਗਜੀਤ ਦੀ ਲਾਸ਼ ਪਿੰਡ ਦੇ ਸਰਕਾਰੀ ਸਕੂਲ 'ਚ ਪਈ ਹੈ। ਇਸੇ ਦੌਰਾਨ ਜਦੋਂ ਅਸੀਂ ਜਾ ਕੇ ਵੇਖਿਆ ਤਾਂ ਜਗਜੀਤ ਸਿੰਘ ਨੇ ਨਸ਼ੇ ਦਾ ਟੀਕਾ ਲਾਇਆ ਹੋਇਆ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਇਸ ਸਬੰਧੀ ਪਿੰਡ ਦਿਆਲਪੁਰਾ ਦੇ ਮੌਜੂਦਾ ਸਰਪੰਚ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਪਿੰਡ ਦਿਆਲਪੁਰਾ ਵਿਖੇ ਨਸ਼ਾ ਤਸਕਰ ਬਾਹਰੋਂ ਆ ਕੇ ਨਸ਼ਾ ਵੇਚਦੇ ਹਨ। ਇਸ ਦੀ ਇਤਲਾਹ ਅਸੀਂ ਕਈ ਵਾਰ ਪੁਲਸ ਥਾਣਾ ਕੱਚਾ ਪੱਕਾ ਵਿਖੇ ਦਿੱਤੀ ਪਰ ਪੁਲਸ ਨਸ਼ਾ ਤਸਕਰਾਂ 'ਤੇ ਕੋਈ ਕਾਰਵਾਈ ਨਹੀਂ ਕਰਦੀ, ਜਿਸ ਕਾਰਨ ਅੱਜ ਨੌਜਵਾਨ ਜਗਜੀਤ ਸਿੰਘ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਹੈ।


author

Baljeet Kaur

Content Editor

Related News