ਤਰਨਤਾਰਨ ''ਚ ਵੱਡੀ ਵਾਰਦਾਤ : ਬੱਚੇ ਸਾਹਮਣੇ ਬੇਰਹਿਮੀ ਨਾਲ ਮਾਂ ਦਾ ਕਤਲ

Saturday, Mar 07, 2020 - 09:12 AM (IST)

ਤਰਨਤਾਰਨ ''ਚ ਵੱਡੀ ਵਾਰਦਾਤ : ਬੱਚੇ ਸਾਹਮਣੇ ਬੇਰਹਿਮੀ ਨਾਲ ਮਾਂ ਦਾ ਕਤਲ

ਤਰਨਤਾਰਨ (ਰਮਨ) : ਜ਼ਿਲਾ ਤਰਨਤਾਰਨ ਅਧੀਨ ਆਉਂਦੇ ਥਾਣਾ ਸਰਹਾਲੀ ਦੀ ਪੁਲਸ ਵਲੋਂ ਸੱਤ ਸਾਲਾ ਬੱਚੇ ਦੇ ਸਾਹਮਣੇ ਉਸ ਦੀ ਮਾਂ ਦਾ ਕਤਲ ਕਰਨ ਦੇ ਦੋਸ਼ 'ਚ ਔਰਤ ਸਮੇਤ ਚਾਰ ਮੁਲਜ਼ਮਾਂ ਖ਼ਿਲਾਫ਼ ਅਗਵਾ, ਕਤਲ ਅਤੇ ਲਾਸ਼ ਨੂੰ ਖੁਰਦ-ਬੁਰਦ ਕਰਨ ਸਬੰਧੀ ਕੇਸ ਦਰਜ ਕੀਤਾ ਹੈ। ਪੁਲਸ ਨੇ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਮੁਲਜ਼ਮ ਅਜੇ ਫਰਾਰ ਦੱਸੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਕੁਲਵਿੰਦਰ ਕੌਰ ਪੁੱਤਰੀ ਸਵਿੰਦਰ ਸਿੰਘ ਨਿਵਾਸੀ ਨੌਸ਼ਹਿਰਾ ਪੰਨੂਆਂ ਦਾ ਵਿਆਹ 9 ਸਾਲ ਪਹਿਲਾਂ ਬਲਦੇਵ ਸਿੰਘ ਨਿਵਾਸੀ ਡੱਬਰ ਤਹਿਸੀਲ ਅਜਨਾਲਾ ਜ਼ਿਲਾ ਅੰਮ੍ਰਿਤਸਰ ਨਾਲ ਹੋਇਆ ਸੀ ਅਤੇ ਉਸ ਦੇ ਹੁਣ ਤਿੰਨ ਬੱਚੇ ਹਨ। ਕਰੀਬ ਸਵਾ ਸਾਲ ਪਹਿਲਾਂ ਕੁਲਵਿੰਦਰ ਕੌਰ ਦਾ ਆਪਣੇ ਪਤੀ ਨਾਲ ਘਰੇਲੂ ਝਗੜਾ ਹੋਣ ਕਾਰਣ ਉਹ ਆਪਣੇ ਛੋਟੇ ਬੱਚੇ ਜੁਗਰਾਜ ਸਿੰਘ (7) ਨੂੰ ਨਾਲ ਲੈ ਕੇ ਪਿੰਡ ਨੌਸ਼ਹਿਰਾ ਪੰਨੂਆਂ ਵਿਖੇ ਕਿਰਾਏ ਦੇ ਕੁਆਰਟਰਾਂ 'ਚ ਰਹਿਣ ਲੱਗ ਪਈ। ਜਿੱਥੇ ਉਸ ਦੀ ਦੋਸਤੀ ਗੁਆਂਢ ਰਹਿੰਦੀ ਸੀਮਾ ਪਤਨੀ ਸੰਦੀਪ ਸਿੰਘ ਨਿਵਾਸੀ ਘੁਮਾਣ ਬਟਾਲਾ ਨਾਲ ਹੋ ਗਈ। ਸੀਮਾ ਦੇ ਬਲਜੀਤ ਸਿੰਘ ਉਰਫ਼ ਰੋਮੀ ਨਿਵਾਸੀ ਹਰੀਕੇ ਨਾਲ ਸਬੰਧ ਸਨ। ਇਸ ਦੌਰਾਨ ਕੁਲਵਿੰਦਰ ਕੌਰ ਦੀ ਦੋਸਤੀ ਬਲਜੀਤ ਸਿੰਘ ਦੇ ਦੋਸਤ ਅਮਨਦੀਪ ਸਿੰਘ ਨਾਲ ਹੋ ਗਈ। ਉਨ੍ਹਾਂ ਦੇ ਗੂੜ੍ਹੇ ਸਬੰਧ ਛੇ ਮਹੀਨੇ ਤੋਂ ਲਗਾਤਾਰ ਜਾਰੀ ਸਨ। ਇਸ ਦੌਰਾਨ ਅਮਨਦੀਪ ਸਿੰਘ ਕੁਲਵਿੰਦਰ ਕੌਰ ਤੋਂ ਆਪਣਾ ਪਿੱਛਾ ਛੁਡਾਉਣਾ ਚਾਹੁੰਦਾ ਸੀ ਪਰ ਕੁਲਵਿੰਦਰ ਕੌਰ ਇਸ ਲਈ ਤਿਆਰ ਨਹੀਂ ਸੀ।

ਇਹ ਵੀ ਪੜ੍ਹੋ : ਮਾਮੂਲੀ ਤਕਰਾਰ ਦੇ ਚੱਲਦਿਆ ਨੌਜਵਾਨ ਨੂੰ ਗੋਲੀਆਂ ਨਾਲ ਭੁੰਨ੍ਹਿਆ

ਜਿਸ 'ਤੇ ਅਮਨਦੀਪ ਸਿੰਘ ਨੇ ਆਪਣੇ ਦੋਸਤ ਰੋਮੀ, ਹਰਜੀਤ ਸਿੰਘ ਅਤੇ ਸੀਮਾ ਨਾਲ ਮਿਲ ਕੇ ਕੁਲਵਿੰਦਰ ਕੌਰ ਦਾ ਕਤਲ ਕਰਨ ਸਬੰਧੀ ਪਲਾਨ ਬਣਾਇਆ। ਜਿਸ ਤਹਿਤ 1 ਮਾਰਚ ਦੀ ਸਵੇਰ ਨੂੰ ਅਮਨਦੀਪ ਸਿੰਘ ਨੇ ਕੁਲਵਿੰਦਰ ਕੌਰ ਨੂੰ ਹਰੀਕੇ ਪੱਤਣ ਘੁੰਮਣ ਲਈ ਬੁਲਾ ਲਿਆ। ਜਦੋਂ ਕੁਲਵਿੰਦਰ ਆਪਣੇ ਬੇਟੇ ਜੁਗਰਾਜ ਨੂੰ ਨਾਲ ਲੈ ਕੇ ਹਰੀਕੇ ਪੱਤਣ ਨੈਸ਼ਨਲ ਹਾਈਵੇ ਵਿਖੇ ਪੁੱਜ ਗਈ ਤਾਂ ਉਥੇ ਮੌਜੂਦ ਅਮਨਦੀਪ ਸਿੰਘ, ਬਲਜੀਤ ਸਿੰਘ ਰੋਮੀ, ਹਰਜੀਤ ਸਿੰਘ ਅਤੇ ਸੀਮਾ ਵਲੋਂ ਉਸ ਦਾ ਸਿਰ 'ਚ ਡੰਡਾ ਮਾਰ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਨੂੰ ਉਸ ਦੇ ਬੇਟੇ ਦੇ ਸਾਹਮਣੇ ਹੀ ਦਰਿਆ 'ਚ ਸੁੱਟ ਦਿੱਤਾ ਗਿਆ। ਇਸ ਸਾਰੀ ਘਟਨਾ ਨੂੰ ਉਸ ਦਾ ਬੇਟਾ ਜੁਗਰਾਜ ਸਿੰਘ ਆਪਣੀਆਂ ਅੱਖਾਂ ਨਾਲ ਵੇਖ ਰਿਹਾ ਸੀ, ਜੋ ਆਪਣੀ ਜਾਨ ਬਚਾਉਂਦਾ ਹੋਇਆ ਕਿਸੇ ਦੁਕਾਨ ਅੰਦਰ ਜਾ ਲੁਕਿਆ।

ਇਹ ਵੀ ਪੜ੍ਹੋ : ਵਿਦਿਆਰਥਣਾਂ ਨੂੰ ਸਰੀਰਕ ਸਬੰਧ ਬਣਾਉਣ ਲਈ ਕੀਤਾ ਬਲੈਕਮੇਲ, 2 ਪ੍ਰੋਫੈਸਰਾਂ ਸਮੇਤ 4 ਡਿਸਮਿਸ

ਜੁਗਰਾਜ ਸਿੰਘ ਵਲੋਂ ਇਹ ਸਾਰੀ ਘਟਨਾ ਦੀ ਜਾਣਕਾਰੀ ਆਪਣੇ ਨਾਨੇ ਸਵਿੰਦਰ ਸਿੰਘ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਸਵਿੰਦਰ ਸਿੰਘ ਵਲੋਂ ਥਾਣਾ ਸਰਹਾਲੀ ਵਿਖੇ ਉਕਤ ਚਾਰਾਂ ਵਿਅਕਤੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕਰਦੇ ਹੋਏ ਦਰਖਾਸਤ ਦਿੱਤੀ ਗਈ। ਇਸ ਸਬੰਧੀ ਥਾਣਾ ਸਰਹਾਲੀ ਦੇ ਮੁਖੀ ਇੰਸਪੈਕਟਰ ਚੰਦਰ ਕੁਮਾਰ ਭੂਸ਼ਨ ਨੇ ਦੱਸਿਆ ਕਿ ਸਵਿੰਦਰ ਸਿੰਘ ਵੱਲੋਂ ਇਕ ਦਰਖਾਸਤ ਦਿੱਤੀ ਗਈ ਹੈ, ਜਿਸ ਦੀ ਜਾਂਚ ਕਰਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


author

Baljeet Kaur

Content Editor

Related News