ਟਾਰਗੈੱਟ ਕਿਲਿੰਗ : ਜੌਹਲ ਨੇ ਮੰਨਿਆ ਕਤਲਕਾਂਡਾਂ ਦੀ ਸਾਜ਼ਿਸ਼ ''ਚ ਆਪਣਾ ਹੱਥ
Monday, Dec 04, 2017 - 07:37 PM (IST)
ਲੁਧਿਆਣਾ (ਮੇਹਰਾ) : ਪੰਜਾਬ ਟਾਰਗੈੱਟ ਕਿਲਿੰਗ ਦੇ ਤਹਿਤ ਆਰ.ਐੱਸ.ਐੱਸ. ਸ਼ਾਖਾ ਵਿਚ ਹੋਈ ਫਾਇਰਿੰਗ ਕੇਸ ਵਿੱਚ ਨਾਮਜ਼ਦ ਯੂ.ਕੇ. ਸਿਟੀਜ਼ਨ ਜਗਤਾਰ ਸਿੰਘ ਜੌਹਲ ਨੂੰ ਸੋਮਵਾਰ ਇਲਾਕਾ ਮੈਜਿਸਟ੍ਰੇਟ ਗੁਰਪ੍ਰੀਤ ਕੌਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਜ਼ਿਲਾ ਅਟਾਰਨੀ ਰਵਿੰਦਰ ਕੁਮਾਰ ਅਬਰੌਲ ਅਤੇ ਸਰਕਾਰੀ ਵਕੀਲ ਰਾਜਬੀਰ ਸਿੰਘ ਚਾਹਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਸ ਨੇ ਅੱਜ ਅਦਾਲਤ ਵਿਚ ਜੌਹਲ ਦਾ 7 ਦਿਨ ਦਾ ਰਿਮਾਂਡ ਮੰਗਿਆ ਸੀ ਅਤੇ ਅਦਾਲਤ ਨੂੰ ਦੱਸਿਆ ਸੀ ਕਿ ਜੌਹਲ ਨੇ ਪੁਲਸ ਦੇ ਸਾਹਮਣੇ ਇਹ ਗੱਲ ਕਬੂਲ ਕੀਤੀ ਹੈ ਕਿ ਉਸ ਨੇ ਯੂ.ਕੇ. ਵਿਚ ਹੋਰ ਅਰੋਪੀ ਅਤੇ ਇਕ ਪੀ.ਐਸ.ਡੀ. ਨਾਮੀ ਵਿਅਕਤੀ ਦੇ ਨਾਲ ਮਿਲ ਕੇ ਪੰਜਾਬ ਵਿਚ ਟਾਰਗੈੱਟ ਕਿਲਿੰਗ ਦੇ ਤਹਿਤ ਵੱਖ-ਵੱਖ ਹਿੰਦੂਆਂ ਅਤੇ ਹੋਰ ਭਾਈਚਾਰੇ ਦੇ ਆਗੂਆਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਰਚੀ ਸੀ ਜਿਸ ਦੇ ਤਹਿਤ ਹੀ ਉਨ੍ਹਾਂ ਨੇ ਤਲਜੀਤ ਸਿੰਘ ਉਰਫ ਜਿੰਮੀ ਨੂੰ 28 ਹਜ਼ਾਰ ਰੁਪਏ ਦੀ ਰਕਮ ਭੇਜੀ ਸੀ ਅਤੇ ਹੋਰ ਰਕਮ ਦਾ ਵੀ ਲੈਣ-ਦੇਣ ਕੀਤਾ ਸੀ ਤਾਂਕਿ ਜਿੰਮੀ ਹੋਰਨਾਂ ਨਾਲ ਮਿਲ ਕੇ ਪੰਜਾਬ ਵਿਚ ਵਾਰਦਾਤਾਂ ਨੂੰ ਅੰਜਾਮ ਦੇ ਕੇ ਮੁੜ ਅੱਤਵਾਦ ਦਾ ਡਰ ਪੈਦਾ ਕਰ ਸਕੇ।
ਰਾਜਬੀਰ ਸਿੰਘ ਚਾਹਲ ਨੇ ਦੱਸਿਆ ਕਿ ਅਦਾਲਤ ਨੇ ਦਲੀਲਾਂ ਤੋਂ ਸਹਿਮਤ ਹੁੰਦੇ ਹੋਏ ਜੌਹਲ ਨੂੰ 1 ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ। ਨਾਲ ਹੀ ਪੁਲਸ ਥਾਣਾ ਡਵੀਜ਼ਨ ਨੰ.2 ਨੇ ਇਸ ਕੇਸ ਵਿਚ ਤਲਜੀਤ ਸਿੰਘ ਉਰਫ ਜਿੰਮੀ ਨੂੰ ਵੀ ਨਾਮਜ਼ਦ ਕਰਦੇ ਹੋਏ ਉਸ ਦਾ ਅਦਾਲਤ ਤੋਂ ਪੁਲਸ ਰਿਮਾਂਡ ਮੰਗਿਆ ਅਤੇ ਅਦਾਲਤ ਨੂੰ ਦੱਸਿਆ ਕਿ ਦੋਸ਼ੀ ਜਿੰਮੀ ਦਾ ਇਸ ਕੇਸ ਨਾਲ ਸਿੱਧੇ ਤੌਰ 'ਤੇ ਸਬੰਧ ਹੈ ਕਿਉਂਕਿ ਉਸੇ ਨੇ ਸਖ਼ਤੀ ਬਣਦੇ ਹੋਏ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਸਾਜ਼ਿਸ਼ ਬਣਾਈ ਸੀ ਅਤੇ ਉਸ ਤੋਂ ਇਸ ਕੇਸ ਨਾਲ ਜੁੜੇ ਹੋਰਨਾਂ ਦੋਸ਼ੀਆਂ ਬਾਰੇ ਪੁੱਛਗਿਛ ਕਰਨੀ ਬਾਕੀ ਹੈ। ਜਿਸ 'ਤੇ ਅਦਾਲਤ ਨੇ ਅਰੋਪੀ ਜਿੰਮੀ ਨੂੰ 2 ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ। ਨਾਲ ਹੀ ਪਾਸਟਰ ਸੁਲਤਾਨ ਮਸੀਹ ਦੇ ਕੇਸ ਵਿੱਚ ਅੱਜ ਸੁਮਿਤ ਸੱਭਰਵਾਲ ਦੀ ਅਦਾਲਤ 'ਚ ਅਨਿਲ ਕੁਮਾਰ ਨੂੰ ਪੇਸ਼ ਕੀਤਾ ਗਿਆ। ਜਿਸ ਨੂੰ ਵੀ ਅਦਾਲਤ ਨੇ 1 ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ।
