ਟਾਂਗਰੀ ਨਦੀ ਫਿਰ ਖਤਰੇ ਦੇ ਨਿਸ਼ਾਨ ਤੋਂ ਉੱਪਰ, ਮਾਰਕੰਡਾ ਵੀ ਡੇਂਜਰ ਲੈਵਲ ’ਤੇ ਵਗ ਰਹੀ
Sunday, Aug 27, 2023 - 11:24 AM (IST)
ਪਟਿਆਲਾ (ਬਲਜਿੰਦਰ) : ਪਹਾੜਾਂ ’ਚ ਹੋ ਰਹੀ ਲਗਾਤਾਰ ਬਾਰਿਸ਼ ਤੋਂ ਬਾਅਦ ਚੌਥੀ ਵਾਰ ਟਾਂਗਰੀ ਨਦੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਪਹੁੰਚ ਚੁੱਕੀ ਹੈ ਅਤੇ ਮਾਰਕੰਡਾ ਵੀ ਖਤਰੇ ਦੇ ਨਿਸ਼ਾਨ ’ਤੇ ਵਗ ਰਿਹਾ ਹੈ। ਫਲੱਡ ਕੰਟਰੋਲ ਰੂਮ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਟਾਂਗਰੀ ਦਾ ਖਤਰੇ ਦਾ ਨਿਸ਼ਾਨ 12 ਫੁੱਟ ਤੱਕ ਹੈ, ਜਦੋਂ ਕਿ ਇਸ ਸਮੇਂ ਪਾਣੀ ਦਾ ਪੱਧਰ 13.4 ਫੁੱਟ ਤੱਕ ਪਹੁੰਚ ਚੁੱਕਿਆ ਹੈ। ਇਸੇ ਤਰ੍ਹਾਂ ਮਾਰਕੰਡਾ ’ਚ ਪਾਣੀ ਦਾ ਪੱਧਰ 20 ਫੁੱਟ ਖਤਰੇ ਦੇ ਨਿਸ਼ਾਨ ’ਤੇ ਮਾਰਕ ਕੀਤਾ ਹੋਇਆ ਹੈ ਅਤੇ 20 ਫੁੱਟ ’ਤੇ ਹੀ ਮਾਰਕੰਡਾ ਦਰਿਆ ਵੀ ਵਗ ਰਿਹਾ ਹੈ। ਘੱਗਰ ’ਚ ਵੀ ਸਰਾਲਾਕਲਾਂ ਵਿਖੇ 6.6 ਫੁੱਟ ਪਾਣੀ ਰਿਕਾਰਡ ਕੀਤਾ ਗਿਆ।
ਮਾਰਕੰਡਾ ਅਤੇ ਟਾਂਗਰੀ ਇਸੇ ਸੀਜ਼ਨ ’ਚ ਚੌਥੀ ਵਾਰ ਖਤਰੇ ਦੇ ਨਿਸ਼ਾਨ ਤੋਂ ਉੱਪਰ ਪਹੁੰਚੇ ਹਨ, ਜਿਸ ਨੇ ਆਲੇ-ਦੁਆਲੇ ਦੇ ਇਲਾਕਿਆਂ ’ਚ ਵੱਡੇ ਪੱਧਰ ’ਤੇ ਤਬਾਹੀ ਮਚਾਈ ਸੀ। ਹੁਣ ਫਿਰ ਪਾਣੀ ਦਾ ਪੱਧਰ ਉੱਪਰ ਪਹੁੰਚਣ ਕਾਰਨ ਲੋਕਾਂ ਵਿਚ ਕਾਫੀ ਚਿੰਤਾਵਾਂ ਦੇਖਣ ਨੂੰ ਮਿਲ ਰਹੀਆਂ ਹਨ। ਵਿਸ਼ੇਸ਼ ਤੌਰ ’ਤੇ ਕਿਸਾਨਾਂ ਵਿਚ ਕਾਫੀ ਸਹਿਮ ਪਾਇਆ ਜਾ ਰਿਹਾ ਹੈ। ਜਿਹੜੇ ਕਿਸਾਨਾਂ ਦੀਆਂ ਫਸਲਾਂ ਟਾਂਗਰੀ ਅਤੇ ਮਾਰਕੰਡਾ ਦੇ ਆਲੇ-ਦੁਆਲੇ ਦੇ ਖੇਤਰਾਂ ਵਿਚ ਹਨ, ਵਿਚ ਕਾਫੀ ਜ਼ਿਆਦਾ ਉਨ੍ਹਾਂ ’ਚ ਜ਼ਿਆਦਾ ਚਿੰਤਾ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਇਨ੍ਹਾਂ ਇਲਾਕਿਆਂ ’ਚ ਜ਼ਿਆਦਾਤਰ ਕਿਸਾਨਾਂ ਨੇ ਦੂਜੀ ਵਾਰ ਫਸਲ ਲਗਾਈ ਹੈ। ਬਹੁਤ ਸਾਰੇ ਕਿਸਾਨ ਅਜਿਹੇ ਹਨ, ਜਿਨ੍ਹਾਂ ਨੇ ਤੀਜੀ ਵਾਰ ਵੀ ਆਪਣੀ ਫਸਲ ਲਗਾਈ ਹੈ ਪਰ ਕੁਝ ਦਿਨਾਂ ਬਾਅਦ ਫਿਰ ਤੋਂ ਟਾਂਗਰੀ ਦੇ ਮਾਰਕੰਡਾ ਦੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਉੱਪਰ ਪਹੁੰਚਣ ਕਾਰਨ ਉਨ੍ਹਾਂ ’ਚ ਕਾਫੀ ਜ਼ਿਆਦਾ ਡਰ ਪਾਇਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਪਹਿਲੀ ਵਾਰ ਹੈ ਕਿ ਟਾਂਗਰੀ ਤੇ ਮਾਰਕੰਡਾ ’ਚ ਪਹਾੜੀ ਖੇਤਰਾਂ ਦਾ ਪਾਣੀ ਵਾਰ-ਵਾਰ ਆ ਕੇ ਮੈਦਾਨੀ ਇਲਾਕਿਆਂ ’ਚ ਮਾਰ ਕਰ ਰਿਹਾ ਹੈ। ਇਸ ਸਾਲ ਪਹਾੜਾਂ ’ਚ ਬਰਸਾਤ ਰੁਕਣ ਦਾ ਨਾਮ ਨਹੀਂ ਲੈ ਰਹੀ ਅਤੇ ਵੱਡੇ ਹਾਦਸੇ ਆਏ ਦਿਨ ਵਾਪਰ ਰਹੇ ਹਨ। ਲਗਾਤਾਰ ਪਾਣੀ ਵਧਣ ਕਾਰਨ ਪੰਜਾਬ ਸਰਕਾਰ ਨੇ ਵੀ ਪਿਛਲੇ ਤਿੰਨ ਦਿਨਾਂ ਤੋਂ ਸਕੂਲਾਂ ’ਚ ਛੁੱਟੀਆਂ ਕੀਤੀਆਂ ਹੋਈਆਂ ਸਨ।