ਜਿਊਂਦੇ ਹੋਣ ਦਾ ਸਬੂਤ ਦੇਣ ਲਈ ਮੁੜ ਟੈਂਕੀ 'ਤੇ ਚੜ੍ਹਿਆ 'ਵਰਿਸ਼ਭਾਨ' (ਵੀਡੀਓ)

11/19/2019 10:26:27 AM

ਤਲਵੰਡੀ ਸਾਬੋ (ਮਨੀਸ਼) : ਟੈਂਕੀ 'ਤੇ ਚੜ੍ਹ ਕੇ ਨਾਅਰੇਬਾਜ਼ੀ ਕਰ ਰਿਹਾ ਇਹ ਸ਼ਖਸ ਨਾ ਤਾਂ ਕੋਈ ਮੁਲਾਜ਼ਮ ਹੈ ਤੇ ਨਾ ਹੀ ਇਸ ਨੂੰ ਸਰਕਾਰ ਨਾਲ ਕੋਈ ਗਿਲਾ ਹੈ, ਬਲਕਿ ਇਹ ਸਖਸ਼ ਆਪਣੀ ਪਤਨੀ ਤੋਂ ਪ੍ਰੇਸ਼ਾਨ ਹੈ।

ਮੌੜ ਮੰਡੀ ਦੇ ਰਹਿਣ ਵਾਲੇ ਵ੍ਰਿਸ਼ਭਾਨ ਦਾ ਦੋਸ਼ ਹੈ ਕਿ ਉਸ ਦੀ ਪਤਨੀ ਨੇ ਉਸ ਨੂੰ ਮਰਿਆ ਹੋਇਆ ਕਰਾਰ ਦੇ ਦਿੱਤਾ ਹੈ, ਜਿਸਦੇ ਰੋਸ ਵਜੋਂ ਉਸ ਨੇ ਅੱਜ ਫਿਰ ਤੋਂ ਟੈਂਕੀ 'ਤੇ ਚੜ੍ਹ ਖੂਬ ਹੰਗਾਮਾ ਕੀਤਾ। ਦੱਸ ਦੇਈਏ ਕਿ 4 ਦਿਨ ਪਹਿਲਾਂ ਵੀ ਵ੍ਰਿਸ਼ਭਾਨ ਆਪਣੇ ਜਿਊਂਦੇ ਹੋਣ ਦਾ ਸਬੂਤ ਦੇਣ ਲਈ ਟੈਂਕੀ 'ਤੇ ਚੜ੍ਹਿਆ ਸੀ। ਵ੍ਰਿਸ਼ਭਾਨ ਦਾ ਕਹਿਣਾ ਹੈ ਕਿ ਕੌਂਸਲਰ ਤੇ ਕੁਝ ਵਿਅਕਤੀਆਂ ਨਾਲ ਮਿਲ ਕੇ ਉਸ ਦੀ ਪਤਨੀ ਨੇ ਉਸ ਦੇ ਮ੍ਰਿਤਕ ਹੋਣ ਦੇ ਦਸਤਾਵੇਜ਼ ਤਿਆਰ ਕਰ ਲਏ ਤੇ ਉਸ ਨੂੰ ਬੱਚਿਆਂ ਦੇ ਵਿਆਹਾਂ 'ਚ ਵੀ ਸ਼ਾਮਲ ਨਹੀਂ ਹੋਣ ਦਿੱਤਾ। ਇੱਥੋਂ ਤੱਕ ਕਿ ਵਿਆਹ ਦੇ ਕਾਰਡ 'ਚ ਵੀ ਉਸ ਨੂੰ ਸਵਰਗਵਾਸੀ ਤੱਕ ਦਿਖਾ ਦਿੱਤਾ। ਇੰਨਾ ਹੀ ਨਹੀਂ, ਉਸ ਨੇ 2017 'ਚ ਖੁਦ 'ਤੇ ਦਰਜ ਹੋਏ ਮਾਮਲੇ ਨੂੰ ਲੈ ਕੇ ਸਿਆਸੀ ਆਗੂਆਂ ਤੇ ਪੁਲਸ 'ਤੇ ਵੀ ਗੰਭੀਰ ਦੋਸ਼ ਲਗਾਏ।

ਮੌਕੇ 'ਤੇ ਇਕੱਠੇ ਹੋਏ ਲੋਕਾਂ ਤੇ ਪੁਲਸ ਮੁਲਾਜ਼ਮ ਨੇ ਕਾਰਵਾਈ ਦਾ ਭਰੋਸਾ ਦੇ ਕੇ ਉਸ ਨੂੰ ਕਿਸੇ ਤਰ੍ਹਾਂ ਟੈਂਕੀ ਤੋਂ ਹੇਠਾਂ ਉਤਾਰਿਆ। ਪੁਲਸ ਨੇ ਇਸ ਨੂੰ ਦੋਵਾਂ ਜੀਆਂ ਦਾ ਘਰੇਲੂ ਕਲੇਸ਼ ਦੱਸਿਆ ਤੇ ਜਾਂਚ ਉਪਰੰਤ ਕਾਰਵਾਈ ਕੀਤੇ ਜਾਣ ਦੀ ਗੱਲ ਵੀ ਕਹੀ। ਵੱਡੇ ਹੰਗਾਮੇ ਤੋਂ ਬਾਅਦ ਹੁਣ ਵ੍ਰਿਸ਼ਭਾਨ ਨੂੰ ਇਨਸਾਫ ਮਿਲਦਾ ਹੈ ਜਾਂ ਨਹੀਂ ਇਹ ਤਾਂ ਸਮਾਂ ਹੀ ਦੱਸੇਗਾ। ਬਹਿਰਹਾਲ ਵ੍ਰਿਸ਼ਭਾਨ ਦੇ ਇਸ ਹਾਈਵੋਲਟ ਡਰਾਮੇ ਨੇ ਪੁਲਸ ਦੇ ਹੱਥ-ਪੈਰ ਜਰੂਰ ਫੁਲਾ ਦਿੱਤੇ।


cherry

Content Editor

Related News