ਈਜ਼ੀ ਰਜਿਸਟ੍ਰੇਸ਼ਨ ਸਿਸਟਮ ਬਣਿਆ ਲੋਕਾਂ ਲਈ ਸਿਰਦਰਦੀ, 4 ਘੰਟੇ ਸਰਵਰ ਠੱਪ ਹੋਣ ਨਾਲ ਰਜਿਸਟ੍ਰੀਆਂ ਦਾ ਕੰਮ ਪ੍ਰਭਾਵਿਤ

Saturday, Oct 17, 2026 - 09:15 AM (IST)

ਈਜ਼ੀ ਰਜਿਸਟ੍ਰੇਸ਼ਨ ਸਿਸਟਮ ਬਣਿਆ ਲੋਕਾਂ ਲਈ ਸਿਰਦਰਦੀ, 4 ਘੰਟੇ ਸਰਵਰ ਠੱਪ ਹੋਣ ਨਾਲ ਰਜਿਸਟ੍ਰੀਆਂ ਦਾ ਕੰਮ ਪ੍ਰਭਾਵਿਤ

ਜਲੰਧਰ (ਚੋਪੜਾ) : ਪੰਜਾਬ ਸਰਕਾਰ ਵੱਲੋਂ ਪ੍ਰਾਪਰਟੀ ਦੀਆਂ ਰਜਿਸਟ੍ਰੀਆਂ ਦੀ ਪ੍ਰਕਿਰਿਆ ਨੂੰ ਸਹੂਲਤ ਭਰਪੂਰ, ਪਾਰਦਰਸ਼ੀ ਅਤੇ ਸਰਲ ਬਣਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤਾ ਗਿਆ ਈਜ਼ੀ ਰਜਿਸਟ੍ਰੇਸ਼ਨ ਸਿਸਟਮ ਹੁਣ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਦਾ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਸਰਵਰ ਠੱਪ ਹੋਣ ਕਾਰਨ ਸਬ-ਰਜਿਸਟਰਾਰ ਜਲੰਧਰ-1 ਅਤੇ ਸਬ-ਰਜਿਸਟਰਾਰ ਜਲੰਧਰ-2 ਦਫ਼ਤਰਾਂ ਵਿਚ ਆਨਲਾਈਨ ਦਸਤਾਵੇਜ਼ਾਂ ਨੂੰ ਅਪਰੂਵਲ ਦੇਣ ਦਾ ਕੰਮ ਕਈ ਘੰਟਿਆਂ ਤੱਕ ਪੂਰੀ ਤਰ੍ਹਾਂ ਪ੍ਰਭਾਵਿਤ ਰਿਹਾ। ਇਸ ਦੌਰਾਨ ਪ੍ਰਾਪਰਟੀ ਦੀ ਰਜਿਸਟਰੀ, ਵਸੀਅਤ, ਪਾਵਰ ਆਫ਼ ਅਟਾਰਨੀ, ਤਬਦੀਲ ਮਲਕੀਅਤ ਵਰਗੇ ਦਸਤਾਵੇਜ਼ਾਂ ਨੂੰ ਆਨਲਾਈਨ ਅਪਰੂਵਲ ਕਰਵਾਉਣ ਪਹੁੰਚੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਅੱਜ ਵਿਭਾਗੀ ਕੰਮਕਾਜ ਸ਼ੁਰੂ ਹੋਣ ਤੋਂ ਬਾਅਦ ਸਵੇਰੇ ਲਗਭਗ 11 ਵਜੇ ਈਜ਼ੀ ਰਜਿਸਟ੍ਰੇਸ਼ਨ ਸਿਸਟਮ ਦਾ ਸਰਵਰ ਜਵਾਬ ਦੇ ਗਿਆ। ਉਸ ਸਮੇਂ ਤੱਕ ਦੋਵਾਂ ਦਫ਼ਤਰਾਂ ਵਿਚ ਸਿਰਫ 2-3 ਦਸਤਾਵੇਜ਼ਾਂ ਨੂੰ ਹੀ ਆਨਲਾਈਨ ਅਪਰੂਵਲ ਮਿਲ ਸਕੀ ਸੀ। ਸਰਵਰ ਬੰਦ ਹੋਣ ਕਾਰਨ ਅੱਗੇ ਦੀ ਪ੍ਰਕਿਰਿਆ ਰੁਕ ਗਈ ਅਤੇ ਐਪੁਆਇੰਟਮੈਂਟ ਲੈ ਕੇ ਪਹੁੰਚੇ ਬਿਨੈਕਾਰ ਆਪਣੇ ਦਸਤਾਵੇਜ਼ਾਂ ਦੀ ਅਪਰੂਵਲ ਦਾ ਇੰਤਜ਼ਾਰ ਕਰਦੇ ਰਹੇ। ਲਗਭਗ ਚਾਰ ਘੰਟੇ ਬਾਅਦ ਦੁਪਹਿਰ ਤਕਰੀਬਨ 3 ਵਜੇ ਸਰਵਰ ਦੁਬਾਰਾ ਚਾਲੂ ਹੋਇਆ, ਜਿਸ ਤੋਂ ਬਾਅਦ ਆਨਲਾਈਨ ਅਪਰੂਵਲ ਦਾ ਕੰਮ ਸ਼ੁਰੂ ਹੋ ਸਕਿਆ। ਹਾਲਾਂਕਿ, ਉਦੋਂ ਤੱਕ ਅਨੇਕ ਲੋਕਾਂ ਦੇ ਤੈਅ ਸਲਾਟ ਦਾ ਸਮਾਂ ਨਿਕਲ ਚੁੱਕਾ ਸੀ। ਇਸ ਦੌਰਾਨ ਵੇਟਿੰਗ ਹਾਲ ਅਤੇ ਦਫ਼ਤਰਾਂ ਦੇ ਬਾਹਰ ਲੋਕਾਂ ਦੀ ਭੀੜ ਲੱਗੀ ਰਹੀ। ਔਰਤਾਂ, ਬਜ਼ੁਰਗਾਂ ਅਤੇ ਦਿਵਿਆਂਗ ਵਿਅਕਤੀਆਂ ਨੂੰ ਵਿਸ਼ੇਸ਼ ਤੌਰ ’ਤੇ ਪ੍ਰੇਸ਼ਾਨੀ ਝੱਲਣੀ ਪਈ। ਕਈ ਲੋਕ ਜ਼ਰੂਰੀ ਕੰਮ ਛੱਡ ਕੇ ਰਜਿਸਟਰੀ ਕਰਵਾਉਣ ਪਹੁੰਚੇ ਸਨ, ਪਰ ਤਕਨੀਕੀ ਖਰਾਬੀ ਕਾਰਨ ਉਨ੍ਹਾਂ ਨੂੰ ਘੰਟਿਆਂਬੱਧੀ ਇੰਤਜ਼ਾਰ ਕਰਨ ਦੇ ਬਾਵਜੂਦ ਰਾਹਤ ਨਹੀਂ ਮਿਲ ਸਕੀ।

ਇਹ ਵੀ ਪੜ੍ਹੋ : ਦਿਲਜੀਤ ਦੋਸਾਂਝ ਦੇ ਪਿੰਡ 'ਚ ਖਾਲਿਸਤਾਨੀ ਨਾਅਰੇ ਲਿਖਣ ਵਾਲੇ 3 ਗ੍ਰਿਫ਼ਤਾਰ! ਮੋਗਾ ਨਾਲ ਜੁੜੇ ਤਾਰ

ਪ੍ਰਾਪਰਟੀ ਦੀ ਖਰੀਦ-ਵੇਚ ਵਿਚ ਅਕਸਰ ਖਰੀਦਦਾਰ ਅਤੇ ਵੇਚਣ ਵਾਲੇ ਵਿਚਾਲੇ ਭੁਗਤਾਨ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਦਸਤਾਵੇਜ਼ ਸਬ-ਰਜਿਸਟਰਾਰ ਦਫ਼ਤਰ ਵਿਚ ਪੇਸ਼ ਕੀਤੇ ਜਾਂਦੇ ਹਨ। ਅਜਿਹੇ ਵਿਚ ਆਨਲਾਈਨ ਅਪਰੂਵਲ ਰੁਕਣ ਨਾਲ ਲੋਕਾਂ ਦੀ ਚਿੰਤਾ ਵਧ ਗਈ। ਖਾਸ ਕਰ ਕੇ ਉਨ੍ਹਾਂ ਲੋਕਾਂ ਲਈ ਸਥਿਤੀ ਵਧੇਰੇ ਮੁਸ਼ਕਿਲ ਹੋ ਗਈ, ਜਿਨ੍ਹਾਂ ਨੇ ਪ੍ਰਾਪਰਟੀ ਦੀ ਖਰੀਦ ਲਈ ਭੁਗਤਾਨ ਕਰ ਦਿੱਤਾ ਸੀ ਅਤੇ ਹੁਣ ਰਜਿਸਟਰੀ ਦੀ ਪ੍ਰਕਿਰਿਆ ਪੂਰੀ ਹੋਣ ਦਾ ਇੰਤਜ਼ਾਰ ਕਰ ਰਹੇ ਸਨ। ਹੁਣ ਸ਼ਨੀਵਾਰ ਅਤੇ ਐਤਵਾਰ ਨੂੰ ਸਰਕਾਰੀ ਛੁੱਟੀ ਹੋਣ ਕਾਰਨ ਪ੍ਰਭਾਵਿਤ ਬਿਨੈਕਾਰਾਂ ਨੂੰ ਅਗਲੇ ਕੰਮਕਾਜੀ ਦਿਨ ਸੋਮਵਾਰ ਤੱਕ ਇੰਤਜ਼ਾਰ ਕਰਨ ਦੀ ਨੌਬਤ ਆ ਗਈ।

PunjabKesari

ਸਬ-ਰਜਿਸਟਰਾਰ-1 ਵਿਚ 169 ਐਪੁਆਇੰਟਮੈਂਟ, 62 ਬਿਨੈਕਾਰਾਂ ਨੂੰ ਨਹੀਂ ਮਿਲੀ ਰਾਹਤ
ਸਬ-ਰਜਿਸਟਰਾਰ ਜਲੰਧਰ-1 ਦਫ਼ਤਰ ਵਿਚ ਅੱਜ ਕੁੱਲ 169 ਲੋਕਾਂ ਨੇ ਆਨਲਾਈਨ ਐਪੁਆਇੰਟਮੈਂਟ ਲਈ ਹੋਈ ਸੀ। ਇਨ੍ਹਾਂ ਵਿਚੋਂ ਦੇਰ ਸ਼ਾਮ ਤੱਕ ਸਿਰਫ 107 ਦਸਤਾਵੇਜ਼ਾਂ ਨੂੰ ਹੀ ਆਨਲਾਈਨ ਅਪਰੂਵਲ ਮਿਲ ਸਕੀ, ਜਦਕਿ ਬਾਕੀ 62 ਬਿਨੈਕਾਰ ਤੈਅ ਸਲਾਟ ਦਾ ਸਮਾਂ ਨਿਕਲ ਜਾਣ ਕਾਰਨ ਪ੍ਰਭਾਵਿਤ ਹੋਏ। ਐਪੁਆਇੰਟਮੈਂਟ ਲੈ ਕੇ ਤੈਅ ਸਮੇਂ ’ਤੇ ਦਫ਼ਤਰ ਪਹੁੰਚੇ ਲੋਕਾਂ ਨੂੰ ਉਮੀਦ ਸੀ ਕਿ ਉਨ੍ਹਾਂ ਦੀ ਰਜਿਸਟਰੀ ਸਬੰਧੀ ਪ੍ਰਕਿਰਿਆ ਸਮੇਂ ’ਤੇ ਪੂਰੀ ਹੋ ਜਾਵੇਗੀ, ਪਰ ਸਰਵਰ ਠੱਪ ਹੋਣ ਕਾਰਨ ਉਨ੍ਹਾਂ ਨੂੰ ਨਿਰਾਸ਼ ਹੋ ਕੇ ਇੰਤਜ਼ਾਰ ਕਰਨਾ ਪਿਆ। ਜਿਹੜੇ ਲੋਕਾਂ ਦੇ ਦਸਤਾਵੇਜ਼ਾਂ ਦੀ ਅਪਰੂਵਲ ਨਹੀਂ ਹੋ ਸਕੀ, ਉਨਾਂ ਦੀ ਪ੍ਰੇਸ਼ਾਨੀ ਵੀਕਐਂਡ ਦੀਆਂ ਛੁੱਟੀਆਂ ਕਾਰਨ ਹੋਰ ਵਧ ਗਈ।

ਸਬ-ਰਜਿਸਟਰਾਰ-2 ਵਿਚ 129 ਅਰਜ਼ੀਆਂ ’ਚੋਂ 61 ਦੇ ਦਸਤਾਵੇਜ਼ ਅਪਰੂਵ, 68 ਰਹਿ ਗਏ ਪ੍ਰਭਾਵਿਤ
ਸਬ-ਰਜਿਸਟਰਾਰ ਜਲੰਧਰ-2 ਦਫ਼ਤਰ ਵਿਚ ਵੀ ਈਜ਼ੀ ਰਜਿਸਟ੍ਰੇਸ਼ਨ ਸਿਸਟਮ ਦੀ ਤਕਨੀਕੀ ਖਰਾਬੀ ਨੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ। ਇਥੇ ਕੁੱਲ 129 ਬਿਨੈਕਾਰਾਂ ਨੇ ਆਨਲਾਈਨ ਅੈਪੁਆਇੰਟਮੈਂਟ ਲਈ ਹੋਈ ਸੀ, ਪਰ ਦੇਰ ਸ਼ਾਮ ਤੱਕ ਸਿਰਫ 61 ਦਸਤਾਵੇਜ਼ਾਂ ਨੂੰ ਹੀ ਆਨਲਾਈਨ ਅਪਰੂਵਲ ਮਿਲ ਸਕੀ। ਬਾਕੀ 68 ਬਿਨੈਕਾਰਾਂ ਨੂੰ ਐਪੁਆਇੰਟਮੈਂਟ ਲੈਣ ਦੇ ਬਾਵਜੂਦ ਤੈਅ ਸਲਾਟ ਵਿਚ ਕੰਮ ਪੂਰਾ ਨਾ ਹੋਣ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਰਵਰ ਦੀ ਖਰਾਬੀ ਦੇ ਨਾਲ-ਨਾਲ ਸੰਬੰਧਤ ਅਧਿਕਾਰੀ ਦੀ ਡਿਊਟੀ ਦੂਜੇ ਕੰਮ ਲਈ ਲਾਏ ਜਾਣ ਨਾਲ ਵੀ ਅਪਰੂਵਲ ਪ੍ਰਕਿਰਿਆ ਪ੍ਰਭਾਵਿਤ ਹੋਈ। ਕਈ ਬਿਨੈਕਾਰਾਂ ਨੂੰ ਹੁਣ ਆਪਣਾ ਕੰਮ ਪੂਰਾ ਕਰਵਾਉਣ ਲਈ ਸੋਮਵਾਰ ਤੱਕ ਇੰਤਜ਼ਾਰ ਕਰਨਾ ਪਵੇਗਾ।

ਅਧਿਕਾਰੀਆਂ ਦੀ ਦੂਜੀ ਡਿਊਟੀ ਨਾਲ ਵੀ ਪ੍ਰਭਾਵਿਤ ਹੋਇਆ ਕੰਮ
ਇਕ ਪਾਸੇ ਈਜ਼ੀ ਰਜਿਸਟ੍ਰੇਸ਼ਨ ਸਿਸਟਮ ਦਾ ਸਰਵਰ ਠੱਪ ਰਿਹਾ, ਉੱਥੇ ਹੀ ਦੂਜੇ ਪਾਸੇ ਅਧਿਕਾਰੀਆਂ ਦੀ ਡਿਊਟੀ ਹੋਰ ਕੰਮਾਂ ਲਈ ਲਾਏ ਜਾਣ ਨਾਲ ਵੀ ਦਫ਼ਤਰਾਂ ਵਿਚ ਕੰਮਕਾਜ ਪ੍ਰਭਾਵਿਤ ਹੋਇਆ। ਸਬ-ਰਜਿਸਟਰਾਰ ਜਲੰਧਰ-1 ਦੇ ਗੁਰਪ੍ਰੀਤ ਸਿੰਘ ਨੂੰ ਸਪੈਸ਼ਲ ਡਿਊਟੀ ’ਤੇ ਭੇਜ ਦਿੱਤਾ ਗਿਆ, ਹਾਲਾਂਕਿ ਉਨ੍ਹਾਂ ਦੀ ਇਹ ਡਿਊਟੀ ਕਰੀਬ ਡੇਢ ਘੰਟੇ ਤੱਕ ਹੀ ਰਹੀ। ਉੱਥੇ ਹੀ, ਸਬ-ਰਜਿਸਟਰਾਰ ਜਲੰਧਰ-2 ਦਫ਼ਤਰ ਵਿਚ ਤਾਇਨਾਤ ਜੁਆਇੰਟ ਸਬ-ਰਜਿਸਟਰਾਰ-2 ਜਗਤਾਰ ਸਿੰਘ ਨੂੰ ਮੁੱਖ ਮੰਤਰੀ ਦੀ ਡਿਊਟੀ ਲਈ ਫਿਲੌਰ ਭੇਜ ਦਿੱਤਾ ਗਿਆ। ਹਾਲਾਂਕਿ ਜਗਤਾਰ ਸਿੰਘ ਦੇ ਸਥਾਨ ’ਤੇ ਕਿਸੇ ਹੋਰ ਅਧਿਕਾਰੀ ਨੂੰ ਵਾਧੂ ਚਾਰਜ ਨਾ ਦਿੱਤੇ ਜਾਣ ਕਾਰਨ ਉਨ੍ਹਾਂ ਦੀ ਆਈ. ਡੀ. ਵਿਚ ਆਈਆਂ ਅੈਪੁਆਇੰਟਮੈਂਟਸ ਦੇ ਦਸਤਾਵੇਜ਼ਾਂ ਨੂੰ ਅਪਰੂਵਲ ਨਹੀਂ ਮਿਲ ਸਕੀ। ਬਾਅਦ ਵਿਚ ਜਗਤਾਰ ਸਿੰਘ ਮੁੱਖ ਮੰਤਰੀ ਦੀ ਡਿਊਟੀ ਤੋਂ ਪਰਤ ਕੇ ਸ਼ਾਮ ਲਗਭਗ 5 ਵਜੇ ਦਫ਼ਤਰ ਪਹੁੰਚੇ ਅਤੇ ਸਿਸਟਮ ਅਨੁਸਾਰ ਪੈਂਡਿੰਗ ਸਮੇਂ ਵਾਲੇ ਕੁਝ ਦਸਤਾਵੇਜ਼ਾਂ ਦੀ ਅਪਰੂਵਲ ਦਾ ਕੰਮ ਨਿਪਟਾਇਆ। ਇਸ ਘਟਨਾਕ੍ਰਮ ਨੇ ਇਕ ਵਾਰ ਫਿਰ ਸਵਾਲ ਖੜ੍ਹਾ ਕੀਤਾ ਕਿ ਜਦੋਂ ਰਜਿਸਟਰੀ ਵਰਗੇ ਮਹੱਤਵਪੂਰਨ ਕੰਮ ਲਈ ਆਨਲਾਈਨ ਵਿਵਸਥਾ ਲਾਗੂ ਕੀਤੀ ਗਈ ਹੈ, ਤਾਂ ਸਰਵਰ ਦੀ ਖਰਾਬੀ ਜਾਂ ਅਧਿਕਾਰੀਆਂ ਦੀ ਅਣਉਪਲੱਬਧਤਾ ਦੀ ਸਥਿਤੀ ਵਿਚ ਬਦਲਵੇਂ ਇੰਤਜ਼ਾਮ ਕਿਉਂ ਨਹੀਂ ਕੀਤੇ ਗਏ। ਜ਼ਿਕਰਯੋਗ ਹੈ ਕਿ ਸਬ-ਰਜਿਸਟਰਾਰ ਦੀ ਪੋਸਟ ਬਣਾਉਣ ਦੌਰਾਨ ਇਹ ਤੈਅ ਕੀਤਾ ਗਿਆ ਸੀ ਕਿ ਰਜਿਸਟ੍ਰੇਸ਼ਨ ਦੇ ਕੰਮ ਵਿਚ ਜੁਟੇ ਅਧਿਕਾਰੀਆਂ ਦੀ ਕਿਸੇ ਹੋਰ ਕੰਮਾਂ ਵਿਚ ਵਿਸ਼ੇਸ਼ ਡਿਊਟੀ ਨਹੀਂ ਲਾਈ ਜਾਵੇਗੀ।

PunjabKesari

ਸਿਸਟਮ ਦੀ ਗਲਤੀ ਦਾ ਖਮਿਆਜ਼ਾ ਜਨਤਾ ਕਿਉਂ ਭੁਗਤੇ : ਐੱਸ. ਪੀ. ਸਿੰਘ ਢੀਂਗਰਾ
ਸਮਾਜ-ਸੇਵੀ ਅਤੇ ਲੇਡੀ ਕੇਅਰ ਮਾਡਲ ਟਾਊਨ ਦੇ ਐੱਮ. ਡੀ. ਐੱਸ. ਪੀ. ਸਿੰਘ ਢੀਂਗਰਾ ਨੇ ਈਜ਼ੀ ਰਜਿਸਟ੍ਰੇਸ਼ਨ ਸਿਸਟਮ ਦਾ ਸਰਵਰ ਬੰਦ ਹੋਣ ’ਤੇ ਚਿੰਤਾ ਪ੍ਰਗਟਾਉਂਦੇ ਹੋਏ ਕਿਹਾ ਕਿ ਜੇਕਰ ਤਕਨੀਕੀ ਖਰਾਬੀ ਵਿਭਾਗੀ ਵਿਵਸਥਾ ਵਿਚ ਹੈ, ਤਾਂ ਇਸ ਦਾ ਖਮਿਆਜ਼ਾ ਆਮ ਜਨਤਾ ਕਿਉਂ ਭੁਗਤੇ? ਉਨ੍ਹਾਂ ਕਿਹਾ ਕਿ ਲੋਕ ਪਹਿਲਾਂ ਤੋਂ ਐਪੁਆਇੰਟਮੈਂਟ ਲੈ ਕੇ ਤੈਅ ਸਮੇਂ ’ਤੇ ਦਫ਼ਤਰ ਪਹੁੰਚਦੇ ਹਨ। ਕਈ ਲੋਕਾਂ ਦੀ ਪ੍ਰਾਪਰਟੀ ਦੀ ਖਰੀਦ-ਵੇਚ ਨਾਲ ਸੰਬੰਧਤ ਭੁਗਤਾਨ ਪ੍ਰਕਿਰਿਆ ਵੀ ਪੂਰੀ ਹੋ ਚੁੱਕੀ ਹੁੰਦੀ ਹੈ। ਅਜਿਹੇ ਵਿਚ ਸਰਵਰ ਦੀ ਖਰਾਬੀ ਕਾਰਨ ਦਸਤਾਵੇਜ਼ਾਂ ਦੀ ਅਪਰੂਵਲ ਰੁਕਣਾ ਉਨ੍ਹਾਂ ਲਈ ਆਰਥਿਕ ਅਤੇ ਮਾਨਸਿਕ ਪ੍ਰੇਸ਼ਾਨੀ ਪੈਦਾ ਕਰਦਾ ਹੈ। ਐੱਸ. ਪੀ. ਸਿੰਘ ਢੀਂਗਰਾ ਨੇ ਮੰਗ ਕੀਤੀ ਕਿ ਵਿਭਾਗ ਅਜਿਹੀ ਵਿਵਸਥਾ ਲਾਗੂ ਕਰੇ, ਜਿਸ ਤਹਿਤ ਸਰਵਰ ਵਿਚ ਤਕਨੀਕੀ ਦਿੱਕਤ ਆਉਣ ’ਤੇ ਤੈਅ ਸਲਾਟ ਦਾ ਸਮਾਂ ਨਿਕਲ ਜਾਣ ਦੇ ਬਾਵਜੂਦ ਪ੍ਰਭਾਵਿਤ ਲੋਕਾਂ ਦੇ ਦਸਤਾਵੇਜ਼ਾਂ ਨੂੰ ਆਨਲਾਈਨ ਅਪਰੂਵਲ ਦੇਣ ਦੀ ਸਹੂਲਤ ਮਿਲ ਸਕੇ। ਉਨ੍ਹਾਂ ਕਿਹਾ ਕਿ ਤਕਨੀਕੀ ਖਾਮੀ ਕਾਰਨ ਲੋਕਾਂ ਦੀ ਅੈਪੁਆਇੰਟਮੈਂਟ ਬੇਕਾਰ ਨਹੀਂ ਜਾਣੀ ਚਾਹੀਦੀ। ਸਰਕਾਰ ਅਤੇ ਸੰਬੰਧਤ ਵਿਭਾਗ ਨੂੰ ਅਜਿਹੀ ਬਦਲਵੀਂ ਵਿਵਸਥਾ ਬਣਾਉਣੀ ਚਾਹੀਦੀ ਹੈ, ਜਿਸ ਨਾਲ ਸਰਵਰ ਠੱਪ ਹੋਣ ਜਾਂ ਅਧਿਕਾਰੀਆਂ ਦੀ ਅਣਉਪਲੱਬਧਤਾ ਦੇ ਬਾਵਜੂਦ ਲੋਕਾਂ ਦਾ ਜ਼ਰੂਰੀ ਕੰਮ ਪ੍ਰਭਾਵਿਤ ਨਾ ਹੋਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News