ਥਾਣੇ 'ਚ ਦੋਸ਼ੀਆਂ ਦੀ ਆਓ ਭਗਤ ਕਰਨ 'ਤੇ 2 ASI ਅਤੇ ਮੁਨਸ਼ੀ ਲਾਈਨ ਹਾਜ਼ਰ

12/03/2019 10:20:26 AM

ਤਲਵੰਡੀ ਸਾਬੋ (ਮੁਨੀਸ਼) : ਤਲਵੰਡੀ ਸਾਬੋ ਪੁਲਸ ਵੱਲੋਂ ਕੁੱਟ-ਮਾਰ ਦੇ ਮਾਮਲੇ ਵਿਚ ਫੜੇ ਕਥਿਤ ਦੋਸ਼ੀਆਂ ਦੀ ਥਾਣੇ ਵਿਚ ਆਓ ਭਗਤ ਕਰਨ ਦੇ ਮਾਮਲੇ ਵਿਚ ਥਾਣਾ ਤਲਵੰਡੀ ਸਾਬੋ ਦੇ ਮੁੱਖ ਮੁਨਸ਼ੀ ਅਤੇ ਦੋ ਸਹਾਇਕ ਥਾਣੇਦਾਰਾਂ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਭਾਵੇਂ ਕਿ ਪੁਲਸ ਅਧਿਕਾਰੀ ਉਕਤ ਮੁਲਾਜ਼ਮਾਂ ਨੂੰ ਲਾਈਨ ਹਾਜ਼ਰ ਕਰਨ ਦੀ ਗੱਲ ਨੂੰ ਮੰਨ ਵੀ ਰਹੇ ਹਨ ਪਰ ਖੁੱਲ੍ਹ ਕੇ ਮਾਮਲੇ ਦੀ ਜਾਣਕਾਰੀ ਦੇਣ ਤੋਂ ਕੰਨੀ ਵੀ ਕਤਰਾ ਰਹੇ ਹਨ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਜੀਵਨ ਸਿੰਘ ਵਾਲਾ ਦੇ ਇਕ ਵਿਅਕਤੀ ਤੇ ਉਸ ਦੇ ਸਾਥੀ ਨੂੰ ਪੁਲਸ ਨੇ ਕੁੱਟ-ਮਾਰ ਦੇ ਇਕ ਮਾਮਲੇ ਵਿਚ ਬੀਤੇ ਦਿਨ ਫੜ ਕੇ ਥਾਣੇ ਲਿਆਂਦਾ ਸੀ। ਭਾਂਵੇ ਕਿ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਹੋਣ ਕਰ ਕੇ ਉਨ੍ਹਾਂ ਨੂੰ ਹਵਾਲਾਤ ਵਿਚ ਬੰਦ ਕੀਤਾ ਗਿਆ ਸੀ ਪਰ ਰਾਤ ਸਮੇਂ ਉਨ੍ਹਾਂ ਨੂੰ ਹਵਾਲਾਤ ਵਿਚੋਂ ਕੱਢ ਕੇ ਖਾਣਾ ਖੁਆਇਆ ਜਾ ਰਿਹਾ ਸੀ ਜਿਸ ਦੀ ਸ਼ਿਕਾਇਤ ਜ਼ਿਲਾ ਪੁਲਸ ਮੁਖੀ ਡਾ. ਨਾਨਕ ਸਿੰਘ ਨੂੰ ਕਰ ਦਿੱਤੀ ਗਈ। ਜਾਂਚ ਤੋਂ ਬਾਅਦ ਸੋਮਵਾਰ ਨੂੰ ਜ਼ਿਲਾ ਪੁਲਸ ਮੁਖੀ ਨੇ ਉਸ ਦਿਨ ਦੇ ਡਿਊਟੀ ਅਫਸਰ ਏ.ਐੱਸ.ਆਈ. ਧਰਮਵੀਰ ਸਿੰਘ, ਏ.ਐੱਸ.ਆਈ. ਗੁਰਦਾਸ ਸਿੰਘ ਅਤੇ ਕੁਲਦੀਪ ਸਿੰਘ ਮੁੱਖ ਮੁਨਸ਼ੀ ਥਾਣਾ ਤਲਵੰਡੀ ਸਾਬੋ ਨੂੰ ਲਾਈਨ ਹਾਜ਼ਰ ਕਰ ਦਿੱਤਾ।

ਮਾਮਲੇ ਸਬੰਧੀ ਜ਼ਿਲਾ ਪੁਲਸ ਮੁਖੀ ਡਾ. ਨਾਨਕ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਮੀਟਿੰਗ ਵਿਚ ਰੁੱਝੇ ਹੋਣ ਦੀ ਗੱਲ ਕਹੀ ਜਦੋਂਕਿ ਨਰਿੰਦਰ ਸਿੰਘ ਡੀ.ਐੱਸ.ਪੀ. ਤਲਵੰਡੀ ਸਾਬੋ ਨੇ ਉਕਤ ਤਿੰਨਾਂ ਮੁਲਾਜ਼ਮਾਂ ਨੂੰ ਜਿਲਾ ਪੁਲਸ ਮੁਖੀ ਵਲੋਂ ਲਾਈਨ ਹਾਜ਼ਰ ਕਰਨ ਦੀ ਪੁਸ਼ਟੀ ਕਰ ਦਿੱਤੀ ਹੈ। ਹਾਲਾਂਕਿ ਅਧਿਕਾਰੀ ਪੂਰੇ ਮਾਮਲੇ ਸਬੰਧੀ ਜਾਣਕਾਰੀ ਦੇਣ ਤੋਂ ਟਾਲਾ ਵੱਟਦੇ ਨਜ਼ਰ ਆਏ।


cherry

Content Editor

Related News