ਤਲਵੰਡੀ ਸਾਬੋ ਪਾਵਰ ਪਲਾਂਟ ਨੂੰ ਚਲਾਉਣ ਲਈ ਇੰਜੀਨੀਅਰਾਂ ਵਲੋਂ ਜੰਗੀ ਪੱਧਰ ’ਤੇ ਕਾਰਜ ਜਾਰੀ
Sunday, Jul 11, 2021 - 03:00 PM (IST)
ਬਣਾਂਵਾਲੀ/ਮਾਨਸਾ (ਸੰਦੀਪ ਮਿੱਤਲ): ਤਲਵੰਡੀ ਸਾਬੋ ਪਾਵਰ ਪਲਾਂਟ ਦੇ ਤਿੰਨੇ ਯੂਨਿਟ ਤਕਨੀਕੀ ਨੁਕਸ ਕਾਰਨ ਬੰਦ ਚੱਲੇ ਆ ਰਹੇ ਹਨ। ਇਨ੍ਹਾਂ ਬੰਦ ਪਏ ਯੂਨਿਟਾਂ ਨੂੰ ਚਲਾਉਣ ਲਈ ਇਸ ਵੇਲੇ ਪਾਵਰ ਪਲਾਂਟ ਦੇ ਇੰਜੀਨੀਅਰ ਜੰਗੀ ਪੱਧਰ ’ਤੇ ਕਾਰਜ ਕਰ ਰਹੇ ਹਨ। ਉਮੀਦ ਹੈ ਕਿ ਇਨ੍ਹਾਂ ’ਚ ਇਕ ਯੂਨਿਟ ਅਗਲੇ 48 ਘੰਟਿਆਂ ’ਚ ਮੁੜ ਬਿਜਲੀ ਦਾ ਉਤਪਾਦਨ ਸ਼ੁਰੂ ਕਰ ਦੇਵੇਗਾ ਅਤੇ ਦੂਜੀ ਯੂਨਿਟ ਨੂੰ ਬਹਾਲ ਕਰਨ ’ਚ ਕੁੱਝ ਸਮਾਂ ਹੋਰ ਲੱਗ ਸਕਦਾ ਹੈ। ਇਸ ਪਾਵਰ ਪਲਾਂਟ ਦੇ ਪ੍ਰਬੰਧਕ ਆਸਵੰਦ ਹਨ ਕਿ ਇਸ ਮਹੀਨੇ ਦੇ ਅਖੀਰ ਤੱਕ ਤਿੰਨੇ ਇਕਾਈਆਂ ਪੂਰੀ ਸਮਰੱਥਾ ਨਾਲ ਚਾਲੂ ਕੀਤੀਆਂ ਜਾਣ, ਜਦਕਿ ਤਕਨੀਕੀ ਨੁਕਸਾਂ ਕਾਰਨ ਪੰਜਾਬ ਇਸ ਸਮੇਂ ਬਿਜਲੀ ਦੀ ਘਾਟ ਦਾ ਸਾਹਮਣਾ ਕਰ ਰਿਹਾ ਹੈ।
ਇਹ ਵੀ ਪੜ੍ਹੋ: ਸੰਗਰੂਰ: ਭਿਆਨਕ ਸੜਕ ਹਾਦਸੇ ਨੇ ਪਰਿਵਾਰ 'ਚ ਵਿਛਾਏ ਸੱਥਰ, ਮਾਂ ਸਮੇਤ ਦੋ ਪੁੱਤਰਾਂ ਦੀ ਮੌਤ
ਦੱਸਣਯੋਗ ਹੈ ਕਿ ਇਸ ਕਾਰਜ ਨੂੰ ਸਫ਼ਲ ਬਣਾਉਣ ਲਈ ਕੋਰੀਆ ਦੇ ਮਾਹਰ ਇੰਜੀਨੀਅਰਾਂ, ਭਾਰਤ ਹੈਵੀ ਇਲੈਕਟ੍ਰੀਕਲ ਲਿਮਟਿਡ, ਜਨਰਲ ਇਲੈਕਟ੍ਰਿਕ ਕੰਪਨੀ ਅਤੇ ਸੀਮੇਂਸ ਦੀ ਟੀਮ ਅਤੇ ਟੀ.ਐਸ.ਪੀ.ਐਲ. ਦੇ ਇੰਜੀਨੀਅਰਾਂ ਦੀ ਟੀਮ ਦਿਨ ਰਾਤ ਕੰਮ ਕਰ ਰਹੀ ਹੈ ਤਾਂ ਕਿ ਤਕਨੀਕੀ ਰੁਕਾਵਟਾਂ ਨੂੰ ਦੂਰ ਕਰਕੇ ਬਿਜਲੀ ਦਾ ਉਤਪਾਦਨ ਸ਼ੁਰੂ ਹੋ ਸਕੇ। ਤਕਨੀਕੀ ਮਾਹਿਰ ਆਯਾਤ ਕੋਇਲੇ ਉੱਤੇ ਪਾਬੰਦੀ ਨੂੰ ਬਿਜਲੀ ਉਤਪਾਦਨ ਯੂਨਿਟਾਂ ਵਿਚ ਲਗਾਤਾਰ ਤਕਨੀਕੀ ਰੁਕਾਵਟ ਅਤੇ ਟੁੱਟਣ ਦਾ ਇਕ ਵੱਡਾ ਕਾਰਨ ਮੰਨਦੇ ਹਨ। ਇਸ ਦੇ ਕਾਰਨ, ਬਿਜਲੀ ਯੂਨਿਟ ਦੀ ਨਿਰਭਰਤਾ ਘਰੇਲੂ ਕੋਲੇ ‘ਤੇ ਹੈ ਜਿਸ ਵਿੱਚ ਜ਼ਿਆਦਾ ਸੁਆਹ ਦੀ ਮਾਤਰਾ ਹੈ। ਟੀ.ਐਸ.ਪੀ.ਐਲ. ਨੇ ਲੋੜੀਂਦੇ ਉਪਕਰਣਾਂ ਨੂੰ ਖਰੀਦਣ ਲਈ ਕਈ ਗੁਣਾ ਵਧੇਰੇ ਖਰਚ ਕੀਤਾ ਹੈ। ਇਹ ਉਪਕਰਣ ਚੀਨ ਤੋਂ ਸਪਲਾਈ ਕੀਤੇ ਗਏ ਹਨ। ਇਹ ਉਪਕਰਣ ਇਕ ਦਿਨ ਵਿਚ ਪਲਾਂਟ ਅੰਦਰ ਪਹੁੰਚ ਜਾਣਗੇ । ਹੁਣ ਆਸ ਬੱਝ ਗਈ ਹੈ ਕਿ ਪੰਦਰਵਾੜੇ ਦੇ ਅੰਦਰ 2 ਯੂਨਿਟ ਚਾਲੂ ਹੋ ਜਾਣਗੀਆਂ ਅਤੇ ਮਹੀਨੇ ਦੇ ਅੰਤ ਤੱਕ ਤਿੰਨੇ ਯੂਨਿਟ ਬਿਜਲੀ ਉਤਪਾਦਨ ਸ਼ੁਰੂ ਕਰ ਦੇਣਗੇ।
ਇਹ ਵੀ ਪੜ੍ਹੋ: ਨਵਜਨਮੇ ਬੱਚੇ ਲਈ ਖ਼ੂਨ ਲੈਣ ਗਏ ਪਿਓ ਨੂੰ ਸ਼ਰਾਬੀ ਤਕਨੀਸ਼ੀਅਨ ਕਹਿੰਦਾ 'ਦਫ਼ਾ ਹੋ ਜਾਓ', ਬੱਚੇ ਦੀ ਮੌਤ