ਉਮੀਦਵਾਰ ਦੇ ਕਾਗਜ਼ ਰੱਦ ਕੀਤੇ ਜਾਣ ''ਤੇ ਪਿੰਡ ਵਾਸੀਆਂ ਨੇ BDPO ਦਫਤਰ ਦਾ ਕੀਤਾ ਘਿਰਾਓ
Friday, Dec 21, 2018 - 08:21 AM (IST)

ਤਲਵੰਡੀ ਸਾਬੋ (ਮੁਨੀਸ਼)— 30 ਦਸੰਬਰ ਨੂੰ ਸੂਬੇ ਅੰਦਰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਉਪਰੰਤ ਵੀਰਵਾਰ ਨੂੰ ਕਾਗਜ਼ਾਂ ਦੀ ਪੜਤਾਲ ਦੌਰਾਨ ਦੇਰ ਸ਼ਾਮ ਨੂੰ ਉਸ ਸਮੇਂ ਸਥਿਤੀ ਬੇਹੱਦ ਤਣਾਅਪੂਰਨ ਬਣ ਗਈ। ਜਦੋਂ ਪਿੰਡ ਗਾਟਵਾਲੀ ਤੋਂ ਸਰਪੰਚੀ ਦੇ ਉਮੀਦਵਾਰ ਮਨਦੀਪ ਸਿੰਘ ਮਣਕੂ ਦੇ ਨਾਮਜ਼ਦਗੀ ਕਾਗਜ਼ ਰੱਦ ਹੋਣ ਦੀ ਸੂਚਨਾ ਬੀ. ਡੀ.ਪੀ.ਓ. ਦਫਤਰ ਦੇ ਬਾਹਰ ਖੜ੍ਹੇ ਉਕਤ ਉਮੀਦਵਾਰ ਦੇ ਸਮਰਥਕਾਂ ਨੂੰ ਮਿਲੀ। ਜਿਸ ਤੋਂ ਬਾਅਦ ਵੱਡੀ ਗਿਣਤੀ 'ਚ ਪਿੰਡ ਦੇ ਲੋਕਾਂ ਨੇ ਟਰੈਕਟਰ ਟਰਾਲੀਆਂ 'ਤੇ ਸਵਾਰ ਹੋ ਕੇ ਤਲਵੰਡੀ ਸਾਬੋ-ਰਾਮਾਂ ਮੰਡੀ ਹਾਈਵੇ 'ਤੇ ਜਾਮ ਲਾ ਕੇ ਬੀ. ਡੀ. ਪੀ. ਓ. ਦਫਤਰ ਦਾ ਘਿਰਾਓ ਕੀਤਾ। ਇਸ ਦੌਰਾਨ ਚੋਣ ਅਧਿਕਾਰੀ ਤੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨੇ ਦੋਸ਼ ਲਾਏ ਕਿ ਕਾਗਜ਼ ਰੱਦ ਕਰਵਾਉਣ 'ਚ ਉਨ੍ਹਾਂ ਖਿਲਾਫ ਹੀ ਸਰਪੰਚੀ ਦੀ ਚੋਣ ਲੜ ਰਹੇ ਇਕ ਉਮੀਦਵਾਰ ਦਾ ਪੂਰਾ ਹੱਥ ਹੈ। ਪਤਾ ਲਗਦੇ ਹੀ ਡੀ. ਐੱਸ. ਪੀ. ਸੁਰਿੰਦਰ ਕੁਮਾਰ ਅਤੇ ਥਾਣਾ ਮੁਖੀ ਰਾਜੇਸ਼ ਕੁਮਾਰ ਦੀ ਅਗਵਾਈ 'ਚ ਵੱਡੀ ਗਿਣਤੀ 'ਚ ਪੁਲਸ ਪਾਰਟੀ ਮੌਕੇ 'ਤੇ ਪੁੱਜ ਗਈ, ਜਿਨ੍ਹਾਂ ਨੇ ਧਰਨਾਕਾਰੀਆਂ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ।
ਉਕਤ ਮਾਮਲੇ ਸਬੰਧੀ ਚੋਣ ਅਧਿਕਾਰੀ ਰਜਨੀਸ਼ ਕੁਮਾਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਪੀ. ਆਰ. ਟੀ. ਸੀ. 'ਚ ਨੌਕਰੀ ਕਰਦਾ ਹੈ ਤੇ ਨਿਯਮਾਂ ਮੁਤਾਬਕ ਉਸ ਨੇ ਆਪਣੇ ਵਿਭਾਗ ਤੋਂ ਚੋਣ ਲੜਨ ਲਈ ਪ੍ਰਵਾਨਗੀ ਨਹੀਂ ਸੀ ਲਈ ਜਿਸ ਕਾਰਨ ਵਿਭਾਗ ਵਲੋਂ ਪੁਸ਼ਟੀ ਕਰਨ ਉਪਰੰਤ ਉਸ ਦੇ ਨਾਮਜ਼ਦਗੀ ਕਾਗਜ਼ ਰੱਦ ਕੀਤੇ ਗਏ ਹਨ।