ਤਲਵੰਡੀ ਚੌਧਰੀਆਂ ’ਚ ਵਾਪਰੀ ਵੱਡੀ ਵਾਰਦਾਤ, ਥਾਣੇਦਾਰ ਨੇ ਗੁਆਂਢੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ
Tuesday, May 17, 2022 - 08:12 PM (IST)
ਸੁਲਤਾਨਪੁਰ ਲੋਧੀ (ਸੋਢੀ)-ਪਿੰਡ ਤਲਵੰਡੀ ਚੌਧਰੀਆਂ (ਸੁਲਤਾਨਪੁਰ ਲੋਧੀ) ਵਿਖੇ ਮਾਮੂਲੀ ਵਿਵਾਦ ਤੋਂ ਬਾਅਦ ਪੰਜਾਬ ਪੁਲਸ ਦੇ ਥਾਣੇਦਾਰ ਵੱਲੋਂ ਆਪਣੇ ਗੁਆਂਢੀ ਦਾ ਕਤਲ ਕਰਨ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਪੰਜਾਬ ਪੁਲਸ ’ਚ ਥਾਣੇਦਾਰ ਹਰਦੇਵ ਸਿੰਘ ਨੇ ਆਪਣੀ ਲਾਇਸੈਂਸੀ ਬੰਦੂਕ ਨਾਲ ਗੋਲੀਆਂ ਮਾਰ ਕੇ ਆਪਣੇ ਗੁਆਂਢੀ ਜਸਵੀਰ ਸਿੰਘ ਪੁੱਤਰ ਮਹਿੰਦਰ ਸਿੰਘ ਦਾ ਕਤਲ ਕਰ ਦਿੱਤਾ। ਗੋਲੀਆਂ ਮਾਰਨ ਤੋਂ ਬਾਅਦ ਏ. ਐੱਸ. ਆਈ. ਹਰਦੇਵ ਸਿੰਘ ਫਰਾਰ ਹੋ ਗਿਆ ਦੱਸਿਆ ਜਾਂਦਾ ਹੈ।
ਇਸ ਵਾਰਦਾਤ ਦੀ ਖ਼ਬਰ ਮਿਲਦਿਆਂ ਹੀ ਸਬ-ਡਵੀਜ਼ਨ ਸੁਲਤਾਨਪੁਰ ਲੋਧੀ ਦੇ ਡੀ. ਐੱਸ. ਪੀ. ਰਾਜੇਸ਼ ਕੱਕੜ ਤੇ ਥਾਣਾ ਤਲਵੰਡੀ ਚੌਧਰੀਆਂ ਦੇ ਮੁਖੀ ਬਲਜਿੰਦਰ ਸਿੰਘ ਇੰਸਪੈਕਟਰ ਪੁਲਸ ਫੋਰਸ ਲੈ ਕੇ ਘਟਨਾ ਸਥਾਨ ’ਤੇ ਪਹੁੰਚ ਗਏ ਤੇ ਜਾਂਚ ਆਰੰਭ ਕਰ ਦਿੱਤੀ ਹੈ। ਡੀ. ਐੱਸ. ਪੀ. ਰਾਜੇਸ਼ ਕੱਕੜ ਨੇ ਦੱਸਿਆ ਕਿ ਇਸ ਸਬੰਧੀ ਮ੍ਰਿਤਕ ਦੇ ਪਰਿਵਾਰ ਵੱਲੋਂ ਦੋਸ਼ੀ ਏ. ਐੱਸ. ਆਈ. ਹਰਦੇਵ ਸਿੰਘ ਖ਼ਿਲਾਫ਼ ਥਾਣਾ ਤਲਵੰਡੀ ਚੌਧਰੀਆਂ ਵਿਖੇ ਕਤਲ ਦਾ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ। ਦੋਸ਼ੀ ਥਾਣੇਦਾਰ ਦੀ ਗ੍ਰਿਫ਼ਤਾਰੀ ਲੲੀ ਇੰਸਪੈਕਟਰ ਬਲਜਿੰਦਰ ਸਿੰਘ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ।
ਇਹ ਵੀ ਪੜ੍ਹੋ : ਵਿਧਾਇਕ ਉੱਗੋਕੇ ਦਾ ਸਕੂਲ ’ਚ ਛਾਪਾ, ਗ਼ੈਰ-ਹਾਜ਼ਰ ਮੁੱਖ ਅਧਿਆਪਕ ਖ਼ਿਲਾਫ਼ ਹੋਈ ਵੱਡੀ ਕਾਰਵਾਈ
ਇਹ ਵੀ ਪੜ੍ਹੋ : ਘੱਗਰ ਦਰਿਆ ’ਚ ਡੁੱਬਣ ਨਾਲ 12ਵੀਂ ਦੇ ਵਿਦਿਆਰਥੀ ਦੀ ਮੌਤ
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸਿੱਧੀਆਂ ਗੋਲੀਆਂ ਚਲਾ ਕੇ ਜਸਵੀਰ ਸਿੰਘ ਦਾ ਕਤਲ ਕਰਨਾ ਵਾਲਾ ਥਾਣੇਦਾਰ ਹਰਦੇਵ ਸਿੰਘ ਕਪੂਰਥਲਾ ਵਿਖੇ ਤਾਇਨਾਤ ਹੈ, ਜੋ ਪਿੰਡ ਤਲਵੰਡੀ ਚੌਧਰੀਆਂ ਦਾ ਨਿਵਾਸੀ ਹੈ। ਉਨ੍ਹਾਂ ਦੱਸਿਆ ਕਿ ਪੀੜਤ ਪਰਿਵਾਰ ਨੇ ਜਾਣਕਾਰੀ ਦਿੱਤੀ ਹੈ ਕਿ ਜਸਵੀਰ ਸਿੰਘ ਤੇ ਥਾਣੇਦਾਰ ਹਰਦੇਵ ਸਿੰਘ ਦਾ ਆਹਮੋ-ਸਾਹਮਣੇ ਘਰ ਹੈ। ਉਨ੍ਹਾਂ ਦੱਸਿਆ ਕਿ ਘਰ ਦੀ ਇਮਾਰਤ ਬਣਾਉਣ ਲਈ ਮਿਸਤਰੀਆਂ ਵੱਲੋਂ ਗਲੀ ’ਚ ਕੀਤੀ ਗਈ ਪੈੜ ਕਾਰਨ ਏ. ਐੱਸ. ਆਈ. ਹਰਦੇਵ ਸਿੰਘ ਦੀ ਜਸਵੀਰ ਸਿੰਘ ਨਾਲ ਕੱਲ ਵੀ ਮਾਮੂਲੀ ਤਕਰਾਰ ਹੋਈ ਤੇ ਅੱਜ ਫਿਰ ਗੱਡੀ ਲੰਘਾਉਣ ਨੂੰ ਲੈ ਕੇ ਦੋਹਾਂ ’ਚ ਤਲਖ ਕਲਾਮੀ ਹੋ ਗਈ, ਜਿਸ ’ਤੇ ਥਾਣੇਦਾਰ ਹਰਦੇਵ ਸਿੰਘ ਆਪਣੀ 12 ਬੋਰ ਦੀ ਲਾਇਸੈਂਸੀ ਬੰਦੂਕ ਲੈ ਕੇ ਆਇਆ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਗੋਲੀਆਂ ਲੱਗਣ ਨਾਲ ਜਸਵੀਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ, ਜਿਸਨੂੰ ਤੁਰੰਤ ਪਹਿਲਾਂ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਇਲਾਜ ਲਈ ਲਿਆਂਦਾ ਗਿਆ, ਜਿਨ੍ਹਾਂ ਹਾਲਤ ਨਾਜ਼ੁਕ ਹੋਣ ਕਾਰਨ ਜਲੰਧਰ ਦੇ ਹਸਪਤਾਲ ਲਈ ਰੈਫਰ ਕਰ ਦਿੱਤਾ ਪਰ 1 ਗੋਲੀ ਉਸ ਦੇ ਗੁਰਦੇ ’ਚ ਆਰ-ਪਾਰ ਹੋ ਜਾਣ ਕਾਰਨ ਉਸ ਦੀ ਮੌਤ ਹੋ ਗਈ। ਇਸ ਵਾਰਦਾਤ ਤੋਂ ਬਾਅਦ ਦੋਸ਼ੀ ਥਾਣੇਦਾਰ ਮੌਕੇ ਤੋਂ ਫਰਾਰ ਹੋ ਗਿਆ। ਸਾਰੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਜਸਵੀਰ ਸਿੰਘ ਦੇ ਵੱਡੇ ਭਰਾ ਅਤੇ ਜਸਵੀਰ ਸਿੰਘ ਦੀ ਪਤਨੀ ਨੇ ਮੰਗ ਕੀਤੀ ਕਿ ਦੋਸ਼ੀ ਥਾਣੇਦਾਰ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਦੋਸ਼ੀ ਨੂੰ ਪੁਲਸ ਦੀ ਨੌਕਰੀ ਤੋਂ ਤੁਰੰਤ ਫਾਰਗ ਕੀਤਾ ਜਾਵੇ। ਇਸ ਘਟਨਾ ਨੂੰ ਲੈ ਕੇ ਪਿੰਡ ਨਿਵਾਸੀਆਂ ’ਚ ਵੀ ਸੋਗ ਦੀ ਲਹਿਰ ਹੈ ।
ਇਹ ਵੀ ਪੜ੍ਹੋ : ਪੰਚਾਇਤੀ ਜ਼ਮੀਨਾਂ ’ਤੇ ਕਬਜ਼ਾ ਕਰਨ ਵਾਲਿਆਂ ਦੇ ਹੱਕ ’ਚ ਨਿੱਤਰੇ ਸੁਖਪਾਲ ਖਹਿਰਾ, ਦਿੱਤਾ ਇਹ ਸੱਦਾ