ਨਵਾਂ ਅਕਾਲੀ ਦਲ, ਪਾਰਟੀ ਲਈ ਅਸ਼ੁੱਭ ਸੰਕੇਤ : ਢੀਂਡਸਾ

12/19/2018 4:38:51 PM

ਲਹਿਰਾਗਾਗਾ (ਗਰਗ, ਜਿੰਦਲ) : ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਨੇਤਾਵਾਂ ਵੱਲੋਂ ਬਣਾਇਆ ਗਿਆ ਨਵਾਂ ਅਕਾਲੀ ਦਲ ਟਕਸਾਲੀ ਸ਼੍ਰੋਮਣੀ ਅਕਾਲੀ ਦਲ ਬਾਦਲ ਲਈ ਅਸ਼ੁੱਭ ਸੰਕੇਤ ਹੈ ਜਿਸ ਦਾ ਸਿੱਖ ਅਤੇ ਪੰਥ ਵਿਰੋਧੀ ਕਾਂਗਰਸ ਪਾਰਟੀ ਨੂੰ ਲਾਭ ਹੋਵੇਗਾ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਇਲਾਕੇ ਦੇ ਵੱਖ-ਵੱਖ ਪਰਿਵਾਰਾਂ ਨਾਲ ਮੁਲਾਕਾਤ ਦੌਰਾਨ ਕੀਤਾ। ਢੀਂਡਸਾ ਪੰਚਾਇਤੀ ਚੋਣਾਂ ਦੀ ਚੱਲ ਰਹੀ ਪ੍ਰਕਿਰਿਆ ਲਈ ਪਾਰਟੀ ਸਮਰਥਕਾਂ ਦੇ ਹੱਕ ਵਿਚ ਵੋਟਰਾਂ ਨੂੰ ਲਾਮਬੰਦ ਕਰਨ ਪਹੁੰਚੇ ਹੋਏ ਸਨ। ਇਸ ਦੌਰਾਨ ਢੀਂਡਸਾ ਨੇ ਕਿਹਾ ਕਿ ਨਵਾਂ ਅਕਾਲੀ ਦਲ ਦਾ ਗਠਨ ਕਰਨ ਵਾਲੇ ਟਕਸਾਲੀ ਨੇਤਾਵਾਂ ਦੀ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡੀ ਦੇਣ ਹੈ, ਉਨ੍ਹਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਸਫ਼ਲ ਨਹੀਂ ਹੋਈਆ, ਫਿਰ ਵੀ ਉਨ੍ਹਾਂ ਨੂੰ ਉਕਤ ਮਾਮਲੇ ਤੇ ਦੋਬਾਰਾ ਵਿਚਾਰ ਕਰਨਾ ਚਾਹੀਦਾ ਹੈ ਜਿਸ ਨਾਲ ਪੰਜਾਬ ਅਤੇ ਪੰਥ ਦਾ ਭਲਾ ਹੋਵੇਗਾ।
ਉਨ੍ਹਾਂ ਪੰਜਾਬ ਸਰਕਾਰ ਵੱਲੋਂ ਸਰਦ ਰੁੱਤ ਸੈਸ਼ਨ ਸਿਰਫ ਇਕ ਦਿਨ ਤੱਕ ਸੀਮਤ ਰੱਖਣ ਨੂੰ ਲੋਕਤੰਤਰ ਦੀ ਹੱਤਿਆ“ਕਰਾਰ ਦਿੰਦਿਆਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸਰਕਾਰ ਨੇ ਸਰਦ ਸੈਸ਼ਨ ਇਕ ਦਿਨ ਵਿਚ ਹੀ ਖ਼ਤਮ ਕਰ ਦਿੱਤਾ ਹੋਵੇ। ਅਜਿਹਾ ਕਾਂਗਰਸ ਨੇ ਆਪਣੀਆਂ ਨਾਕਾਮੀਆਂ ਨੂੰ ਲੁਕਾਉਣ ਲਈ ਕੀਤਾ ਹੈ ਕਿਉਂਕਿ ਕਾਂਗਰਸ ਸੂਬੇ ਅੰਦਰ ਹਰ ਫ਼ਰੰਟ 'ਤੇ ਫ਼ੇਲ ਹੋ ਚੁੱਕੀ ਹੈ ਅਤੇ ਵਿਧਾਨ ਸਭਾ ਵਿਚ ਅਕਾਲੀ ਦਲ ਦੇ ਲੋਕ ਹਿੱਤ ਮੁੱਦਿਆਂ 'ਤੇ ਜਵਾਬ ਦੇ ਨਹੀਂ ਸਕਦੀ। ਉਨ੍ਹਾਂ ਪੰਚਾਇਤੀ ਚੋਣਾਂ ਸਬੰਧੀ ਚੱਲ ਰਹੀ ਪ੍ਰਕਿਰਿਆ ਨੂੰ ਪੱਖਪਾਤੀ ਦੱਸਦਿਆਂ ਕਿਹਾ ਕਿ ਅਧਿਕਾਰੀ ਕਾਂਗਰਸ ਦੇ ਇਸ਼ਾਰਿਆਂ 'ਤੇ ਅਕਾਲੀ ਸਮਰਥਕਾਂ ਨੂੰ ਐੱਨ. ਓ. ਸੀ. ਨਹੀਂ ਦੇ ਰਹੇ ਅਤੇ ਵੱਖ ਵੱਖ ਤਰੀਕਿਆਂ ਨਾਲ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਉਹ ਆਪਣੀ ਡਿਊਟੀ ਈਮਾਨਦਾਰੀ ਨਾਲ ਨਿਭਾਉਣ। ਉਨ੍ਹਾਂ ਦਾਅਵਾ ਕੀਤਾ ਕਿ ਨਿਰਪੱਖ ਚੋਣਾਂ ਹੋਣ ਦੀ ਸੂਰਤ ਵਿਚ ਅਕਾਲੀ ਦਲ ਹੀ ਜਿੱਤੇਗਾ। 
ਢੀਂਡਸਾ ਨੇ“'ਲੰਚ ਵਿਦ ਬਾਦਲ' ਮੁਹਿੰਮ ਨੂੰ ਅਕਾਲੀ ਦਲ ਲਈ ਵਰਦਾਨ ਦੱਸਦਿਆਂ ਕਿਹਾ ਕਿ ਇਸ ਮੁਹਿੰਮ ਨਾਲ ਵਰਕਰਾਂ ਦਾ ਜੋਸ਼ ਵਧੇਗਾ ਅਤੇ ਪਾਰਟੀ ਨੂੰ ਮਜ਼ਬੂਤੀ ਪ੍ਰਦਾਨ ਹੋਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਦੇਸ਼ ਦੇ ਤਿੰਨ ਸੂਬਿਆਂ ਵਿੱਚ ਕਾਂਗਰਸ ਦੀ ਹੋਈ ਜਿੱਤ ਦਾ 2019 ਦੀਆਂ ਲੋਕ ਸਭਾ ਚੋਣਾਂ ਵਿਚ ਕੋਈ ਅਸਰ ਨਹੀਂ ਹੋਵੇਗਾ ਕਿਉਂਕਿ ਉਨ੍ਹਾਂ ਸੂਬਿਆਂ ਵਿਚ ਸਥਾਨਕ ਮੁੱਦੇ ਭਾਰੂ ਸਨ ਤੇ ਕਾਂਗਰਸ ਨੇ ਪੰਜਾਬ ਦੀ ਤਰਜ਼ 'ਤੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦਾ ਲੋਲੀਪਾਪ ਦਿਖਾ ਕੇ ਸੱਤਾ ਤਾਂ ਲੈ ਲਈ ਪਰ ਅਜੇ ਤੱਕ ਪੰਜਾਬ ਦਾ ਕੁਝ ਨਹੀਂ ਹੋਇਆ ਤਾਂ ਬਾਕੀ ਸੂਬਿਆਂ ਵਿਚ ਕੀ ਹੋਵੇਗਾ। ਉਨ੍ਹਾਂ 84 ਦੇ ਸਿੱਖ ਦੰਗਿਆਂ ਦੇ ਦੋਸ਼ੀ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਹੋਈ ਸਜ਼ਾ ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਇਸ ਨਾਲ ਕਾਂਗਰਸ ਦਾ ਸਿੱਖ ਤੇ ਪੰਥ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ ਹੋਰਨਾਂ ਦੋਸ਼ੀਆਂ ਨੂੰ ਵੀ ਸਖ਼ਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ।


Gurminder Singh

Content Editor

Related News